ਪੀਜੀਆਈ ਵੱਲੋਂ ਸੌ ਕਰੋਡ਼ ਨਾਲ ਖਰੀਦੀਆਂ ਜਾਣਗੀਆਂ ਆਧੁਨਿਕ ਮਸ਼ੀਨਾਂ

ਪੀਜੀਆਈ ਦੀ ਮੈਨੇਜਮੈਂਟ ਕਰੀਬ ਸੌ ਕਰਡ਼ੇ ਰੁਪਏ ਦੀ ਲਾਗਤ ਦੀਆਂ ਅਾਧੁਨਿਕ ਮੈਡੀਕਲ ਮਸ਼ੀਨਾਂ ਖ਼ਰੀਦੇਗੀ। ਪੀਜੀਆਈ ਦੀ ਸਟੈਂਡਿੰਗ ਫਾਇਨਾਂਸ ਕਮੇਟੀ ਨੇ ਰਕਮ ਮਨਜ਼ੂਰ ਕਰ ਦਿੱਤੀ ਹੈ। ਇਸ ’ਚ ਕੈਂਸਰ ਦੇ ਇਲਾਜ ਲਈ ਲੀਨੀਅਰ ਐਕਸੀਲਰੇਟਰ ਮਸ਼ੀਨ ਸਮੇਤ ਹੋਰ ਕਈ ਡਾਇਗਨੌਸਟਿਕ ਮਸ਼ੀਨਾਂ ਖਰੀਦੀਆਂ ਜਾਣਗੀਆਂ ਜਿਨ੍ਹਾਂ ਨਾਲ ਮਰੀਜ਼ਾਂ ਨੂੰ ਸਿੱਧਾ ਫਾਇਦਾ ਹੋਵੇਗਾ।
ਜ਼ਿਕਰਯੋਗ ਹੈ ਕਿ ਪੀਜੀਆਈ ਵਿੱਚ ਮਰੀਜ਼ਾਂ ਦੀ ਗਿਣਤੀ ਏਨੀ ਜ਼ਿਆਦਾ ਹੈ ਕਿ ਵੱਖ ਵੱਖ ਵਿਭਾਗਾਂ ਵਿੱਚ ਪਹਿਲਾਂ ਹੀ ਚੱਲ ਰਹੀਆਂ ਚਾਰ ਐਮਆਈਆਰ ਮਸ਼ੀਨਾਂ ਘੱਟ ਪੈ ਰਹੀਆਂ ਹਨ। ਨਵੀਂ ਮਸ਼ੀਨਰੀ ਲੱਗ ਜਾਣ ਤੋਂ ਬਾਅਦ ਮਰੀਜ਼ਾਂ ਨੂੰ ਟੈਸਟਾਂ ਵਾਸਤੇ ਜ਼ਿਆਦਾ ਸਮਾਂ ਕਤਾਰ ’ਚ ਲੱਗਣਾ ਨਹੀਂ ਪਵੇਗਾ। ਹਸਪਤਾਲ ਦੇ ਡਾਇਰੈਕਟਰ ਡਾ. ਜਗਤ ਰਾਮ ਨੇ ਦੱਸਿਆ ਕਿ ਇਸ ਨਾਲ ਪੀਜੀਆਈ ਵਿੱਚ ਇਲਾਜ ਵਿਧੀ ਹੋਰ ਤੇਜ਼ ਅਤੇ ਨਿਪੁੰਨ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀ ਜਾਂਚ ਪ੍ਰੀਕ੍ਰਿਆ ਨਾਲ ਜੁਡ਼ੀ ਲੀਨੀਅਰ ਐਕਸਲੀਰੇਟਰ, ਐਮਆਈਆਰ ਅਤੇ ਮਲਟੀਮਾਡਲ ਇਮੇਜਿੰਗ ਸਿਸਟਮ ਤੋਂ ਇਲਾਵਾ ਵੈਂਟੀਲੇਟਰਾਂ ਲਈ ਵੀ ਰਕਮ ਪ੍ਰਵਾਨ ਕੀਤੀ ਗਈ ਹੈ।  ਕੈਂਸਰ ਦੇ ਮਰੀਜ਼ਾਂ ਲਈ ਲੀਨੀਅਰ ਐਕਸੀਲਰੇਟਰ ਨਾਂ ਦੀ ਮਸ਼ੀਨ ਖ਼ਰੀਦੀ ਜਾ ਰਹੀ ਹੈ। ੳੁਸ ਦੀ ਕੀਮਤ  25 ਕਰੋਡ਼ ਰੁਪਏ ਹੈ। ਇਹ ਮਸ਼ੀਨ ਨਾਲ ਕੈਂਸਰ ਦੇ ਮਰੀਜ਼ਾਂ ਨੂੰ ਘੱਟ ਪੀਡ਼ ਸਹਿਣੀ ਪਵੇਗੀ। ਇਸ ਦੀ ਖ਼ਸੀਅਤ ਇਹ ਹੈ ਕਿ ਇਲਾਜ ਦੌਰਾਨ ਮਰੀਜ਼ ਦਾ ਕੈਂਸਰ ਤੋਂ ਪ੍ਰਭਾਵਿਤ ਹਿੱਸਾ ਹੀ ਸਡ਼ਦਾ ਹੈ। ਇਸ ਮਸ਼ੀਨ ਵਿੱਚੋਂ ਨਿਕਲਣ ਵਾਲੀਆਂ ਕਿਰਨਾਂ ਘੱਟ ਨੁਕਸਾਨਦੇਹ ਹਨ। ਇਹ ਮਸ਼ੀਨ ਕੈਂਸਰ ਪੀਡ਼ਤ ਅੰਗਾਂ ਤੋਂ ਇਲਾਵਾ ਦੂਜੇ ਅੰਗਾਂ ਨੂੰ ਸਰੁੱਖਿਅਤ ਰੱਖਦੀ ਹੈ।  ਇਸੇ ਦੌਰਾਨ ਨੇਤਰ ਵਿਭਾਗ, ਐਨਸਥੀਸੀਆ ਤੇ ਰੇਡੀਓ ਡਾਇਗਨੌਸਟਿਕ ਵਿਭਾਗ ਲਈ ਵੀ ਮਸ਼ੀਨਾਂ ਖ਼ਰੀਦੀਆਂ ਜਾ ਰਹੀਆਂ ਹਨ।  ਐਮਰਜੈਂਸੀ ਦੇ ਮਰੀਜ਼ ਹਾਲੇ ਤੱਕ ਟਰੋਮਾ ਸੈਂਟਰ ਵਿੱਚ ਐਮਆਈਆਰ ਲਈ ਭੇਜੇ ਜਾ ਰਹੇ ਹਨ। ਟਰੌਮਾ ਸੈਂਟਰ ਵਿੱਚ ਮਰੀਜ਼ਾਂ ਦੀ ਏਨੀ ਭੀਡ਼ ਹੈ ਕਿ ਮਰੀਜ਼ਾਂ ਦੀ ਦੇਰੀ ਨਾਲ ਵਾਰੀ ਆ ਰਹੀ ਹੈ। ਨਹਿਰੂ ਹਸਪਤਾਲ ’ਚ ਦੋ ਮਸ਼ੀਨਾਂ ਹੋਣ ਦੇ ਬਾਵਜੂਦ ਤਿੰਨ ਮਹੀਨੇ ਦੀ ਵੇਟਿੰਗ ਚੱਲ ਰਹੀ ਹੈ। ਅਜਿਹੀ ਹਾਲਤ ਵਿੱਚ ਐਮਰਜੈਂਸੀ ਵਿੱਚ ਐਮਆਈਆਰ ਮਸ਼ੀਨ ਲੱਗਣ ਨਾਲ ਮਰੀਜ਼ਾਂ ਵੱਡੀ ਰਾਹਤ ਮਿਲੇਗੀ। ਪੀਜੀਆਈ ਦੇ ਵਿੱਤ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਸਟੈਂਡਿੰਗ ਕਮੇਟੀ ਦੀ ਮਨਜ਼ੂਰੀ ਮਿਲਣ ਮਗਰੋਂ ਛੇਤੀ ਹੀ ਮਸ਼ੀਨਾਂ ਖਰੀਦੀਆਂ ਜਾਣਗੀਆਂ।