ਪੀਵੀ ਸਿੰਧੂ ਚਾਈਨਾ ਓਪਨ ਦੇ ਪ੍ਰੀ-ਕੁਆਰਟਰ ਫਾਈਨਲ ’ਚ

ਚਾਂਗਝੂ – ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦਾ ਚਾਂਦੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ ਨੇ ਅੱਜ ਇੱਥੇ ਬੀਡਬਲਯੂਐਫ ਵਿਸ਼ਵ ਟੂਰ ਸੁਪਰ 1000 ਟੂਰਨਾਮੈਂਟ ਚਾਈਨਾ ਓਪਨ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਥਾਂ ਬਣਾਈ, ਪਰ ਸਾਇਨਾ ਨੇਹਵਾਲ ਕਰੀਬੀ ਮੁਕਾਬਲੇ ਵਿੱਚ ਹਾਰ ਕੇ ਮੁਕਾਬਲੇ ਤੋਂ ਬਾਹਰ ਹੋ ਗਈ। ਤੀਜਾ ਦਰਜਾ ਪ੍ਰਾਪਤ ਸਿੰਧੂ ਨੇ ਇਸ ਦਸ ਲੱਖ ਡਾਲਰ ਇਨਾਮੀ ਟੂਰਨਾਮੈਂਟ ਦੇ ਪਹਿਲੇ ਗੇੜ ਦੇ ਮੁਕਾਬਲੇ ਵਿੱਚ ਓਲੰਪਿਕ ਸੈਂਟਰ ਸ਼ਿਨਚੇਂਗ ਜਿਮਨੇਜ਼ੀਅਮ ਵਿੱਚ ਜਪਾਨ ਦੀ ਦੁਨੀਆ ਦੀ 39ਵੇਂ ਨੰਬਰ ਦੀ ਖਿਡਾਰਨ ਸੇਈਨਾ ਕਾਵਾਕਾਮੀ ਨੂੰ 21-15, 21-13 ਨਾਲ ਹਰਾਇਆ। ਦੋ ਵਾਰ ਦੀ ਰਾਸ਼ਟਰਮੰਡਲ ਖੇਡਾਂ ਦਾ ਸੋਨ ਤਗ਼ਮਾ ਜੇਤੂ ਅਤੇ 2014 ਵਿੱਚ ਚਾਈਨਾ ਓਪਨ ਦਾ ਖ਼ਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਸਾਇਨਾ ਨੂੰ 48 ਮਿੰਟ ਚੱਲੇ ਪਹਿਲੇ ਗੇੜ ਦੇ ਮੁਕਾਬਲੇ ਵਿੱਚ ਕੋਰੀਆ ਦੀ ਸੁੰਗ ਜਿ ਹਿਊਨ ਖ਼ਿਲਾਫ਼ 22-20, 8-21, 14-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮਨੂ ਅੱਤਰੀ ਅਤੇ ਬੀ ਸੁਮਿਤ ਰੈਡੀ ਦੀ ਕੌਮੀ ਚੈਂਪੀਅਨ ਜੋੜੀ ਨੇ ਲਿਆਓ ਮਿਨ ਚੁਨ ਅਤੇ ਸੂ ਚਿੰਗ ਹੇਂਗ ਦੀ ਚੀਨੀ ਤਾਇਪੈ ਦੀ ਜੋੜੀ ਨੂੰ 39 ਮਿੰਟ ਵਿੱਚ 13-21, 21-13, 21-12 ਨਾਲ ਹਰਾ ਕੇ ਦੂਜੇ ਗੇੜ ਵਿੱਚ ਥਾਂ ਬਣਾ ਲਈ। ਸਿੰਧੂ ਅਤੇ ਸੇਈਨਾ ਵਿਚਾਲੇ ਮੈਚ ਦਾ ਸ਼ੁਰੂਆਤੀ ਮੁਕਾਬਲਾ ਕਰੀਬੀ ਰਿਹਾ, ਪਰ ਇਸ ਮਗਰੋਂ ਭਾਰਤੀ ਖਿਡਾਰਨ ਨੇ 13-7 ਦੀ ਲੀਡ ਬਣਾ ਲਈ। ਪੀਵੀ ਸਿੰਧੂ ਨੇ ਦਬਦਬਾ ਬਣਾਈ ਰੱਖਿਆ ਅਤੇ ਬਿਨਾਂ ਪ੍ਰੇਸ਼ਾਨੀ ਦੇ ਪਹਿਲੀ ਗੇਮ ਜਿੱਤ ਲਈ। ਦੂਜੀ ਗੇਮ ਵਿੱਚ ਸਿੰਧੂ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ 6-0 ਦੀ ਲੀਡ ਬਣਾਈ। ਸੇਈਨਾ ਹਾਲਾਂਕਿ ਵਾਪਸੀ ਕਰਦਿਆਂ ਸਕੋਰ 8-10 ਕਰਨ ਵਿੱਚ ਸਫਲ ਰਹੀ। ਭਾਰਤੀ ਖਿਡਾਰਨ ਬ੍ਰੇਕ ਤੱਕ 11-9 ਨਾਲ ਅੱਗੇ ਸੀ। ਬ੍ਰੇਕ ਮਗਰੋਂ ਪੀਵੀ ਸਿੰਧੂ ਨੇ 15-11 ਦੀ ਲੀਡ ਬਣਾਈ ਅਤੇ ਫਿਰ 20-12 ਦੇ ਸਕੋਰ ’ਤੇ ਅੱਠ ਮੈਚ ਪੁਆਇੰਟ ਹਾਸਲ ਕਰਨ ਮਗਰੋਂ ਆਸਾਨ ਜਿੱਤ ਦਰਜ ਕੀਤੀ।