ਪੀੜਤ ਪਰਿਵਾਰਾਂ ਦੀ ਭਲਾਈ ਦਾ ਕੰਮ ਸ਼ੁਰੂ ਕਰਨ ਵਾਸਤੇ ਪਹਿਲਾਂ ਕੇਜਰੀਵਾਲ ਨੂੰ ਰਾਜ਼ੀ ਕਰਨ ਫੂਲਕਾ : ਸਿਰਸਾ

ਨਵੀਂ ਦਿੱਲੀ  : ਦਿੱਲੀ ਸਿੱਖ  ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਪੰਜਾਬ ਵਿਚ ਵਿਰੋਧੀ ਧਿਰ ਦੇ ਆਗੂ ਸ੍ਰੀ ਐਚ ਐਸ ਫੂਲਕਾ ਨੂੰ  1984 ਦੇ ਸਿੱਖ ਦੰਗਾ ਪੀੜਤ ਕੇਸ ਲੜਨ ਵਾਸਤੇ ਵਿਰੋਧੀ ਧਿਰ ਦੇ ਨੇਤਾ ਵਜੋਂ ਅਸਤੀਫਾ ਦੇਣ ਦਾ ਡਰਾਮਾ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੇ ਅਸਤੀਫੇ ਦਾ ਪੀੜਤਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਲਾਭ ਨਹੀਂ ਮਿਲਣ ਵਾਲਾ। ਉਹਨਾਂ ਕਿਹਾ ਕਿ ਉਲਟਾ ਸ੍ਰੀ ਫੂਲਕਾ ਨੂੰ ਆਪਣੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਇਹਨਾਂ ਪਰਿਵਾਰਾਂ ਦੀ ਭਲਾਈ ਵਾਸਤੇ ਕੰਮ ਕਰਨਾ ਸ਼ੁਰੂ ਕਰਨ ਲਈ ਰਾਜ਼ੀ ਕਰਨਾ ਚਾਹੀਦਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਜੇਕਰ ‘ਆਪ’ ਪਾਰਟੀ ਇਹਨਾ ਪੀੜਤਾਂ ਤੇ ਪਰਿਵਾਰਾਂ ਨੂੰ ਮਦਦ ਕਰਨ ਵਾਸਤੇ ਸੰਜੀਦਾ ਹੈ ਤਾਂ ਫਿਰ ‘ਆਪ’ ਸਰਕਾਰ ਨੂੰ ਇਹਨਾਂ ਪਰਿਵਾਰਾਂ ਨੂੰ ਇਕ ਮੈਂਬਰ ਪ੍ਰਤੀ ਪਰਿਵਾਰ ਦੇ ਹਿਸਾਬ ਨਾਲ ਤੁਰੰਤ ਨੌਕਰੀਆਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਇਹ ਕਦਮ ਚੁੱਕਣ ਤੋਂ ਇਲਾਵਾ ਇਹਨਾਂ ਪੀੜਤਾਂ ਲਈ ਸੀਟਾਂ ਦਾ ਰਾਖਵੇਂਕਰਨ ਤਰਜੀਹ ਆਧਾਰ ‘ਤੇ ਹੋਣਾ ਚਾਹੀਦਾ ਹੈ ਤੇ ‘ਆਪ’ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਪਰਿਵਾਰਾਂ ਨੂੰ ਸਰਕਾਰ ਵੱਲੋਂ ਅਲਾਟ ਕੀਤੇ ਫਲੈਟ ਤੇ ਮਕਾਨਾਂ ਦੀ ਮਾਲਕੀ ਦਾ ਅਧਿਕਾਰ ਤੁਰੰਤ ਪ੍ਰਦਾਨ ਕਰੇ। ਉਹਨਾਂ ਕਿਹਾ ਕਿ ਇੰਨਾ ਹੀ ਨਹੀਂ ਬਲਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਘਰਾਂ ਜਿਹਨਾਂ ਦੀ ਹਾਲਤ ਬਹੁਤ ਖਸਤਾ ਹੈ, ਦੀ ਮੁਰੰਮਤ ਵੀ ਤੁਰੰਤ ਸ਼ੁਰੂ ਕਰੇ।
‘ਆਪ’ ਲੀਡਰਸ਼ਿਪ ‘ਤੇ ਵਰ•ਦਿਆਂ ਸ੍ਰੀ ਸਿਰਸਾ ਨੇ ਿਕਹਾ ਕਿ ਇਹਨਾਂ ਦੀ ਸੰਜੀਦਗੀ ਤਾਂ ਇਹਨਾਂ ਵੱਲੋਂ ਕੇਸਾਂ ਦੀ ਨਵੇਂ ਸਿਰੇ ਤੋਂ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਗਠਿਤ ਕਰਨ ਦੇ ਮਾਮਲੇ ਵਿਚ ਹੀ ਲੋਕਾਂ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਐਸ ਆਈ ਟੀ ਦੇ ਮਾਮਲੇ ‘ਤੇ ਇਕ ਵੀ ਕਦਮ ਨਹੀਂ ਚੁੱਕਿਆ। ਉਹਨਾਂ ਕਿਹਾ ਕਿ ਦੋਸ਼ੀਆਂ ਖਿਲਾਫ ਕਾਰਵਾਈ ਤਾਂ ਕੀ ਕਰਨੀ ਹੈ ਉਲਟਾ ਸ੍ਰੀ ਕੇਜਰੀਵਾਲ ਦੀਆਂ ਜਗਦੀਸ਼ ਟਾਈਟਲਰ ਸਮੇਤ ਹੋਰ ਦੋਸ਼ੀਆਂ ਦੇ ਨਾਲ ਤਸਵੀਰਾਂ ਸਾਹਮਣੇ ਆਈਆਂ ਹਨ।

Be the first to comment

Leave a Reply