ਪੁਰਤਗਾਲ ਨੇ ਮੋਰੱਕੋ ਨੂੰ 1-0 ਨਾਲ ਹਰਾਇਆ, ਮੋਰੱਕੋ ਵਿਸ਼ਵ ਕੱਪ ਤੋਂ ਬਾਹਰ

ਮਾਸਕੋ – ਦੁਨੀਆਂ ਦੇ ਸਭ ਤੋਂ ਕਰਿਸ਼ਮਈ ਸਟਰਾਈਕਰ ਕ੍ਰਿਸਟਿਆਨੋ ਰੋਨਾਲਡੋ ਦੇ ਹੈੱਡਰ ਨਾਲ ਕੀਤੇ ਜ਼ਬਰਦਸਤ ਗੋਲ ਦੇ ਦਮ ’ਤੇ ਪੁਰਤਗਾਲ ਨੇ ਅੱਜ ਮੋਰੱਕੋ ਨੂੰ ਗਰੁੱਪ ‘ਬੀ’ ਮੁਕਾਬਲੇ ਵਿੱਚ 1-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਫੁਟਬਾਲ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਉਸ ਨੇ ਨਾਕਆਊਟ ਗੇੜ ਵਿੱਚ ਜਾਣ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ। ਦੂਜੇ ਪਾਸੇ, ਇਸ ਹਾਰ ਨਾਲ ਮੋਰੱਕੋ ਟੂਰਨਾਮੈਂਟ ਵਿੱਚੋਂ ਬਾਹਰ ਹੋਣ ਵਾਲੀ ਪਹਿਲੀ ਟੀਮ ਬਣ ਗਈ ਹੈ। ਪੁਰਤਗਾਲ ਨੇ ਸਪੇਨ ਨਾਲ 3-3 ਗੋਲ ਦਾ ਡਰਾਅ ਖੇਡਣ ਮਗਰੋਂ ਮੋਰੱਕੋ ਨੂੰ 1-0 ਨਾਲ ਹਰਾਇਆ ਅਤੇ ਆਪਣੇ ਅੰਕਾਂ ਦੀ ਗਿਣਤੀ ਨੂੰ ਚਾਰ ਤੱਕ ਪਹੁੰਚਾਇਆ। ਪੁਰਤਗਾਲ ਦੇ ਟੂਰਨਾਮੈਂਟ ਵਿੱਚ ਹੁਣ ਤੱਕ ਕੀਤੇ ਗਏ ਚਾਰ ਗੋਲ ਰੋਨਾਲਡੋ ਦੇ ਖਾਤੇ ਵਿੱਚ ਆਏ ਹਨ। ਉਸ ਨੇ ਸਪੇਨ ਖ਼ਿਲਾਫ਼ ਤਿੰਨ ਗੋਲ ਕੀਤੇ ਸਨ। ਰੋਨਾਲਡੋ ਨੇ ਮੈਚ ਦੇ ਚੌਥੇ ਮਿੰਟ ਵਿੱਚ ਹੀ ਹੈਡਰ ਨਾਲ ਗੋਲ ਕਰਕੇ ਪੁਰਤਗਾਲ ਨੂੰ, ਜੋ ਲੀਡ ਦਿਵਾਈ ਉਹ ਅਖ਼ੀਰ ਤੱਕ ਕਾਇਮ ਰਹੀ। ਇਰਾਨ ਹੱਥੋਂ ਆਪਣਾ ਪਹਿਲਾ ਮੈਚ ਆਤਮਘਾਤੀ ਗੋਲ ਰਾਹੀਂ ਗੁਆਉਣ ਵਾਲੀ ਮੋਰੱਕੋ ਦੀ ਟੀਮ ਨੇ ਦੂਜੇ ਹਾਫ ਵਿੱਚ ਬਿਹਤਰ ਖੇਡ ਵਿਖਾਈ, ਪਰ ਪੂਰੇ ਯਤਨਾਂ ਦੇ ਬਾਵਜੂਦ ਉਸ ਨੂੰ ਬਰਾਬਰੀ ਦਾ ਗੋਲ ਨਹੀਂ ਮਿਲ ਸਕਿਆ। ਮੋਰੱਕੋ ਨੇ ਕਈ ਅਹਿਮ ਮੌਕੇ ਗੁਆਏ ਅਤੇ ਲਗਾਤਾਰ ਦੂਜੀ ਹਾਰ ਝੱਲਣ ਮਗਰੋਂ ਉਸ ਦੀਆਂ ਨਾਕਆੳੂਟ ਗੇੜ ਵਿੱਚ ਜਾਣ ਦੀਆਂ ਉਮੀਦਾਂ ਖ਼ਤਮ ਹੋ ਗਈਆਂ ਹਨ। ਮੋਰੱਕੋ ਟੂਰਨਾਮੈਂਟ ਤੋਂ ਬਾਹਰ ਹੋਣ ਵਾਲੀ ਪਹਿਲੀ ਟੀਮ ਬਣ ਗਈ ਹੈ।