ਪੁਲਸ ਦੀ ਵਰਦੀ ‘ਚ ਠੱਗੀ ਮਾਰਨ ਵਾਲਾ ਗਿਰੋਹ ਕਾਬੂ

ਮਾਲੇਰਕੋਟਲਾ  :  ਥਾਣਾ ਸਿਟੀ-1 ਦੀ ਪੁਲਸ ਨੇ ਲੋਕਾਂ ਨੂੰ ਠੱਗਣ ਵਾਲੇ ਇਕ ਫਰਜ਼ੀ ਪੁਲਸ ਵਾਲੇ ਸਣੇ 3 ਵਿਅਕਤੀਆਂ ਦੇ ਗਿਰੋਹ ਨੂੰ ਕਾਬੂ ਕੀਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਡੀ. ਐੈੱਸ. ਪੀ. ਮਾਲੇਰਕੋਟਲਾ ਯੋਗੀ ਰਾਜ ਨੇ ਦੱਸਿਆ ਕਿ ਕ੍ਰਿਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਲਹਿਲ ਕਲਾਂ (ਮੂਨਕ) ਵੱਲੋਂ ਦਰਜ ਕਰਵਾਈ ਰਿਪੋਰਟ ਅਨੁਸਾਰ ਕੁਲਵੰਤ ਸਿੰਘ ਉਰਫ ਕਾਲੂ ਪੁੱਤਰ ਸ਼ਿਆਮ ਸਿੰਘ ਵਾਸੀ ਕੋਟੜਾ ਲਹਿਲ (ਲਹਿਰਾ) ਨੇ ਕਰੀਬ 9-10 ਮਹੀਨੇ ਪਹਿਲਾਂ ਉਸਨੂੰ ਅਤੇ ਉਸ ਦੇ ਸਾਥੀ ਜਗਰਾਜ ਸਿੰਘ ਪੁੱਤਰ ਕਰਨੈਲ ਸਿੰਘ, ਰਘਵੀਰ ਸਿੰਘ ਪੁੱਤਰ ਬੌਰੀਆ ਸਿੰਘ ਨੂੰ ਆਪਣੇ ਪੁਲਸ ਵਿਚ ਭਰਤੀ ਹੋਣ ਬਾਰੇ ਦਸ ਕੇ ਉਨ੍ਹਾਂ ਨੂੰ ਵੀ ਪੁਲਸ ‘ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਤਿੰਨਾਂ ਕੋਲੋਂ 4.51 ਲੱਖ ਰੁਪਏ ਠੱਗ ਲਏ। ਪੁਲਸ ਨੇ ਉਕਤ ਗਿਰੋਹ ਦੇ ਤਿੰਨੇ ਮੈਂਬਰਾਂ ਨੂੰ ਉਦੋਂ ਕਾਬੂ ਕਰ ਲਿਆ ਜਦੋਂ ਉਹ ਪੁਲਸ ਦੀ ਵਰਦੀ ‘ਚ ਲੋਕਾਂ ਨੂੰ ਪੁਲਸ ਵਿਚ ਭਰਤੀ ਕਰਵਾਉਣ ਦਾ ਝਾਂਸਾ ਦੇਣ ਲਈ ਸ਼ਹਿਰ ਮਾਲੇਰਕੋਟਲਾ ਵਿਚ ਘੁੰਮ ਰਹੇ ਸਨ। 18 ਲੱਖ ਠੱਗੇ, ਬਰਾਮਦ ਕੁਝ ਵੀ ਨਹੀਂ : ਡੀ. ਐੈੱਸ. ਪੀ. ਅਨੁਸਾਰ ਉਕਤ ਗਿਰੋਹ ਨੇ ਹੁਣ ਤੱਕ 8-9 ਵਿਅਕਤੀਆਂ ਕੋਲੋਂ 18 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੇ ਤਿੰਨੇ ਦੋਸ਼ੀਆਂ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ। ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਦੋਸ਼ੀਆਂ ਕੋਲੋਂ ਇਕ ਪੁਲਸ ਦੀ ਵਰਦੀ ਅਤੇ ਇਕ ਅਲਟੋ ਕਾਰ (ਹਰਿਆਣਾ ਨੰਬਰ ਵਾਲੀ) ਬਰਾਮਦ ਕੀਤੀ ਗਈ ਹੈ ਜਦੋਂ ਕਿ ਠੱਗੀ ਮਾਰੀ ਰਕਮ ‘ਚੋਂ ਕੁਝ ਵੀ ਬਰਾਮਦ ਨਹੀਂ ਹੋਇਆ। ਇਸ ਮੌਕੇ ਉਨ੍ਹਾਂ ਨਾਲ ਸਿਟੀ ਇੰਚਾਰਜ ਜਤਿੰਦਰਪਾਲ ਸਿੰਘ ਅਤੇ ਏ. ਐੈੱਸ. ਆਈ. ਪਵਿੱਤਰ ਸਿੰਘ ਵੀ ਮੌਜੂਦ ਸਨ।

Be the first to comment

Leave a Reply