ਪੁਲਸ ਰਿਮਾਂਡ ਤੋਂ ਬਚਣ ਲਈ ਵਾਰਦਾਤ ਨੂੰ ਦਿੱਤਾ ਅੰਜਾਮ

ਚੰਡੀਗੜ੍ਹ -ਮੋਹਾਲੀ ਦੀ ਲੜਕੀ ਨਾਲ ਗੈਂਗਰੇਪ ਕਰਨ ਵਾਲੇ ਆਟੋ ਚਾਲਕ ਜ਼ੀਰਕਪੁਰ ਵਾਸੀ ਇਰਫਾਨ ਦਾ ਚੰਡੀਗੜ੍ਹ ਪੁਲਸ ਨੇ ਸੋਮਵਾਰ ਪ੍ਰੋਡਕਸ਼ਨ ਵਾਰੰਟ ਹਾਸਲ ਕਰਕੇ ਪੁਲਸ ਰਿਮਾਂਡ ਲੈਣਾ ਸੀ ਤੇ ਪੁਲਸ ਰਿਮਾਂਡ ਦੇ ਡਰੋਂ ਹੀ ਇਰਫਾਨ ਨੇ ਸੋਮਵਾਰ ਸਵੇਰੇ ਢਿੱਡ ‘ਚ ਸ਼ੀਸ਼ਾ ਮਾਰ ਕੇ ਆਤਮਹੱਤਿਆ ਦੀ ਕੋਸ਼ਿਸ਼ ਕੀਤੀ ਹੈ।ਇਰਫਾਨ ਨੂੰ ਸ਼ੀਸ਼ਾ ਮਾਰਦੇ ਵੇਖ ਵਾਰਡਨ ਉਸ ਵੱਲ ਦੌੜਿਆ ਤਾਂ ਇੰਨੇ ‘ਚ ਇਰਫਾਨ ਨੇ ਸ਼ੀਸ਼ੇ ਨਾਲ ਆਪਣੇ ਢਿੱਡ ‘ਤੇ ਚਾਰ ਵਾਰ ਕਰ ਲਏ ਤੇ ਲਹੂ-ਲੁਹਾਨ ਹੋ ਗਿਆ। ਜੇਲ ਸਟਾਫ ਨੇ ਜ਼ਖਮੀ ਇਰਫਾਨ ਨੂੰ ਜੀ. ਐੱਮ. ਸੀ. ਐੈੱਚ.-32 ‘ਚ ਭਰਤੀ ਕਰਵਾਇਆ, ਜਿਥੇ ਉਸਦਾ ਇਲਾਜ ਚੱਲ ਰਿਹਾ ਹੈ। ਬੁੜੈਲ ਜੇਲ ਦੇ ਸੁਪਰਡੈਂਟ ਅਮਨਦੀਪ ਸਿੰਘ ਨੇ ਇਰਫਾਨ ਵਲੋਂ ਆਤਮ ਹੱਤਿਆ ਦੀ ਕੋਸ਼ਿਸ਼ ਕਰਨ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-49 ਥਾਣਾ ਪੁਲਸ ਨੇ ਜੇਲ ਸੁਪਰਡੈਂਟ ਦੀ ਸ਼ਿਕਾਇਤ ‘ਤੇ ਇਰਫਾਨ ਖਿਲਾਫ ਆਤਮ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ। ਸੁਪਰਡੈਂਟ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਇਰਫਾਨ ਜੇਲ ਦੀ ਬੈਰਕ ਨੰਬਰ 10 ‘ਚ ਬੰਦ ਹੈ। ਸੋਮਵਾਰ ਸਵੇਰੇ ਸਾਰੇ ਕੈਦੀਆਂ ਦੇ ਨਾਲ ਇਰਫਾਨ ਨੂੰ ਵੀ ਬੈਰਕ ‘ਚੋਂ ਬਾਹਰ ਕੱਢਿਆ ਗਿਆ ਸੀ। 9 ਵਜੇ ਇਰਫਾਨ ਨੇ ਬੈਰਕ ਦੇ ਬਾਹਰ ਮੂੰਹ ਵੇਖਣ ਲਈ ਲਾਏ ਸ਼ੀਸ਼ੇ ਨੂੰ ਮੁੱਕਾ ਮਾਰ ਕੇ ਤੋੜ ਦਿੱਤਾ ਤੇ ਸ਼ੀਸ਼ੇ ਦਾ ਟੁਕੜਾ ਆਪਣੇ ਢਿੱਡ ‘ਚ ਮਾਰ ਦਿੱਤਾ। ਵਾਰਡਨ ਨੇ ਇਰਫਾਨ ਨੂੰ ਇਹ ਕਰਦਿਆਂ ਵੇਖ ਲਿਆ ਤੇ ਉਸ ਵੱਲ ਦੌੜ ਕੇ ਗਿਆ। ਜ਼ਖਮੀ ਇਰਫਾਨ ਨੂੰ ਮੁਢਲੀ ਸਹਾਇਤਾ ਦੇ ਕੇ ਤੁਰੰਤ ਜੀ. ਐੱਮ. ਸੀ. ਐੱਚ.-32 ਦੀ ਐਮਰਜੈਂਸੀ ‘ਚ ਭਰਤੀ ਕਰਵਾਇਆ ਗਿਆ, ਜਿਥੇ ਡਾਕਟਰਾਂ ਵਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਸੈਕਟਰ-49 ਥਾਣਾ ਮੁਖੀ ਰਣਜੋਤ ਸਿੰਘ ਨੇ ਦੱਸਿਆ ਕਿ ਇਰਫਾਨ ਨੇ ਬੁੜੈਲ ਜੇਲ ‘ਚ ਆਤਮਹੱਤਿਆ ਦੀ ਕੋਸ਼ਿਸ਼ ਕੀਤੀ ਹੈ। ਪੁਲਸ ਨੇ ਜੇਲ ਸੁਪਰਡੈਂਟ ਦੀ ਸ਼ਿਕਾਇਤ ‘ਤੇ ਉਸ ਖਿਲਾਫ ਆਤਮਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ।

Be the first to comment

Leave a Reply