ਪੁਲਿਸ ਨੇ ਚੋਰੀ ਗੈਂਗ ਦੇ 6 ਮੈਂਬਰਾਂ ਨੂੰ ਕੀਤਾ ਕਾਬੂ ਨਾਲ ਹੀ 20 ਲੱਖ ਦਾ ਸਾਮਾਨ ਬਰਾਮਦ

ਫ਼ਤਹਿਗੜ੍ਹ ਸਾਹਿਬ :-  ਜ਼ਿਲ੍ਹਾ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਇੱਕ ਵੱਡੀ ਕਾਰਵਾਈ ਕਰਦੇ ਹੋਏ ਫ਼ਤਹਿਗੜ੍ਹ ਸਾਹਿਬ, ਪਟਿਆਲਾ, ਮੋਹਾਲੀ, ਸੰਗਰੂਰ, ਖੰਨਾ, ਲੁਧਿਆਣਾ ਅਤੇ ਨਵਾਂ ਸ਼ਹਿਰ ਵਿਖੇ ਬਣ ਰਹੀਆਂ ਨਵੀਂਆਂ ਇਮਾਰਤਾਂ, ਗੋਦਾਮਾਂ, ਫੈਕਟਰੀਆਂ ਦੇ ਚੌਕੀਦਾਰਾਂ ਨੂੰ ਰਾਤ ਸਮੇਂ ਬੰਦੀ ਬਣਾ ਕੇ ਅਤੇ ਦੁਕਾਨਾਂ ਦੇ ਸ਼ਟਰ ਤੋੜਕੇ ਸੀਮੇਂਟ, ਸ਼ਟਰਿੰਗ ਦਾ ਸਮਾਨ ਸਰੀਆ ਅਤੇ ਨਵੇਂ ਸਬਮਰਸੀਬਲ ਬੋਰਡਾਂ ਦੇ ਪਾਈਪ, ਕਰਸ਼ੀਅਲ ਫਰਿੱਜਾਂ ਚੋਰੀ ਕਰਨ ਵਾਲੇ ਗਿਰੋਹ ਅਤੇ ਚੋਰੀ ਦੀਆਂ ਵਾਰਦਾਤਾਂ ਦਾ ਸਮਾਨ ਖਰੀਦਣ ਵਾਲੇ 6 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ, ਪਟਿਆਲਾ ਤੇ ਖੰਨਾਂ ਦੇ ਦੇ 2-2 ਅਤੇ ਨਵਾਂ ਸ਼ਹਿਰ, ਸੰਗਰੂਰ ਤੇ ਜਗਰਾਉਂ ਦਾ 1-1 ਕੇਸ (ਕੁੱਲ 9) ਕੇਸ ਟਰੇਸ ਕਰਕੇ ਚੋਰੀ ਕੀਤਾ ਸਰੀਆ, ਸੀਮੇਂਟ, ਸ਼ਟਰਿੰਗ ਦਾ ਸਮਾਨ ਅਤੇ ਸਬਮਰਸੀਬਲ ਬੋਰਾਂ ਦੇ ਪਾਈਪ, ਕਮਰਸ਼ੀਅਲ ਫਰਿੱਜ ਸਮੇਤ ਹੋਰ ਕੀਮਤੀ ਸਮਾਨ, ਜਿਸ ਦੀ ਕੀਮਤ ਕਰੀਬ 20 ਲੱਖ ਰੁਪਏ ਹੈ, ਵੀ ਬਰਾਮਦ ਕੀਤਾ ਗਿਆ ਹੈ।

ਜਾਣਕਾਰੀ ਐਸ.ਪੀ. (ਜਾਂਚ) ਸ੍ਰੀ ਦਲਜੀਤ ਸਿੰਘ ਰਾਣਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਸੀ.ਆਈ.ਏ. ਸਰਹਿੰਦ ਦੇ ਇੰਚਾਰਜ ਐਸ.ਆਈ. ਹਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ. ਵੇਦ ਪ੍ਰਕਾਸ਼ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਾਮ ਬਾਬੂ ਉਰਫ ਅਰਜੁਨ ਪੁੱਤਰ ਰੂਪ ਲਾਲ ਵਾਸੀ ਗਲੀ ਨੰਬਰ 8 ਸ਼ਿਵ ਕਲੌਨੀ ਢੰਡਾਰੀ ਕਲਾਂ ਲੁਧਿਆਣਾ, ਮੰਗੀ ਪੁੱਤਰ ਬਿੱਟੂ ਵਾਸੀ ਭਈਆ ਕਲੌਨੀ ਮੰਡੀ ਗੋਬਿੰਦਗੜ੍ਹ, ਦਿਨੇਸ਼ ਗਿਰੀ ਉਰਫ ਕਾਣਾ ਪੁੱਤਰ ਛੇਦੀ ਗਿਰੀ ਵਾਸੀ ਆਭ ਕੀ ਮਠੀਆ ਜ਼ਿਲ੍ਹਾ ਆਜਮਗੜ੍ਹ ਯੂ.ਪੀਂ ਹੁਣ ਵਾਸੀ ਪੱਕਾ ਸ਼ਾਂਤੀ ਨਗਰ ਮੰਡੀ ਗੋਬਿੰਦਗੜ੍ਹ, ਮੁਹੰਮਦ ਅਲੀ ਉਰਫ ਮੁਸਤਫਾ ਪੁੱਤਰ ਮੁਹੰਮਦ ਸਦੀਕ ਵਾਸੀ ਮਾਨਪੁਰ ਜ਼ਿਲ੍ਹਾ ਮੁਸੇਰ ਬਿਹਾਰ ਹਾਲ ਵਾਸੀ ਜਮਾਲਪੁਰ, ਲੁਧਿਆਣਾ, ਜਤਿੰਦਰ ਸਿੰਘ ਛਾਂਗਾ ਪੁੱਤਰ ਤੁਲਸੀ ਰਾਮ ਵਾਸੀ ਪਿੰਡ ਬਾਸਖੇੜਾ ਥਾਣਾ ਰਸੂਲਾਬਾਦ ਜ਼ਿਲ੍ਹਾ ਕਾਨਪੁਰ ਉਤਰ ਪ੍ਰਦੇਸ਼ ਹੁਣ ਵਾਸੀ ਬੈਕ ਸਾਈਡ ਸਬਜੀ ਮੰਡੀ ਮਾਡਲ ਟਾਊਨ ਅਮਲੋਹ ਰੋਡ ਖੰਨਾ ਅਤੇ ਸੁਭਾਸ਼ ਚੰਦ ਪੁੱਤਰ ਸ਼ਿਵ ਪੂਜਨ ਵਾਸੀ ਕੁੰਨਗਾਈ ਥਾਣਾ ਪਿਉਕੋਲੀਆ ਜ਼ਿਲ੍ਹਾ ਬਸਤੀ ਉਤਰ ਪ੍ਰਦੇਸ਼ ਹਾਲ ਵਾਸੀ ਰਾਮ ਨਗਰ ਬੈਕ ਸਾਈਡ ਦੇਵਤਾ ਫਾਉਂਡਰੀ ਨਵੀਂ ਕਲੌਨੀ ਗੋਬਿੰਦਗੜ੍ਹ ਰਾਤ ਸਮੇਂ ਦੁਕਾਨਾਂ, ਗੋਦਾਮਾਂ, ਫੈਕਟਰੀ, ਬਣ ਰਹੇ ਨਵੇਂ ਘਰਾਂ ਅਤੇ ਬਿਲਡਿੰਗਾਂ ਵਿੱਚ ਸਰੀਆ, ਸੀਮਿੰਟ, ਫੈਕਟਰੀਆਂ ਦਾ ਸਮਾਨ, ਪਾਣੀ ਵਾਲੇ ਬੋਰਾਂ ਦੇ ਸਮਾਨ ਦੀ ਚੋਰੀ ਪਾੜ ਲਗਾ ਕੇ ਅਤੇ ਫੈਕਟਰੀਆਂ ਦੇ ਚੌਂਕੀਦਾਰਾਂ ਨੂੰ ਬੰਦੀ ਬਣਾ ਕੇ ਚੋਰੀਆਂ ਕਰਦੇ ਹਨ ਅਤੇ ਚੋਰੀ ਕੀਤਾ ਗਿਆ ਸਰੀਆ, ਸੀਮਿੰਟ, ਬੋਰਾਂ ਦੇ ਪਾਈਪ ਅਤੇ ਹੋਰ ਸਮਾਨ ਕਸ਼ਮੀਰਾ ਕਬਾੜੀਆ ਪੁੱਤਰ ਮਹਿੰਦਰ ਰਾਮ ਅਤੇ ਇਸ ਦੇ ਭਰਾ ਬਿੱਟੂ ਵਾਸੀ ਬਾਜੀਗਰ ਬਸਤੀ ਅਮਲੋਹ ਰੋਡ ਖੰਨਾ ਜੋ ਕਿ ਪਹਿਲਾਂ ਗੋਬਿੰਦਗੜ੍ਹ ਵਿਖੇ ਕਬਾੜ ਦਾ ਕੰਮ ਕਰਦੇ ਸਨ, ਵਾਸੀ ਖੰਨਾ ਅਤੇ ਜਗਨ ਕਬਾੜੀਆ ਵਾਸੀ ਭਾਦਲਾ ਥਾਣਾ ਸਦਰ ਖੰਨਾ ਰਾਹੀਂ ਅੱਗੇ ਵੇਚਦੇ ਹਨ।
ਐਸ.ਪੀ. ਰਾਣਾ ਨੇ ਦੱਸਿਆ ਕਿ ਕਾਬੂ ਕੀਤੇ ਗਿਰੋਹ ਦਾ ਮੁਖੀ ਸੁਭਾਸ਼ ਚੰਦ ਹੈ ਜੋ ਕਿ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਆਪਣੀ ਗੱਡੀ ਅਤੇ ਚੋਰੀ ਦਾ ਸਮਾਨ ਲੋਡ ਕਰਨ ਲਈ ਆਪਣੀ ਪੱਕੀ ਲੇਬਰ ਨੂੰ ਵੀ ਨਾਲ ਲੈ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਥਿਤ ਦੋਸ਼ੀਆਂ ਵਿਰੁੱਧ ਪਹਿਲਾਂ ਵੀ ਚੋਰੀ ਦੇ ਮੁਕੱਦਮੇ ਦਰਜ ਹਨ ਅਤੇ ਜੇਲ ਵਿੱਚੋਂ ਆਉਂਦੇ ਸਾਰ ਹੀ ਦੁਬਾਰਾ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਇਸ ਸੂਚਨਾਂ ਦੇ ਆਧਾਰ ‘ਤੇ ਥਾਣਾ ਸਰਹਿੰਦ ਵਿਖੇ ਮਿਤੀ 20-6-17 ਨੂੰ ਧਾਰਾ 457,380,379,342,412 ਤੇ 411 ਅਧੀਨ ਮੁਕੱਦਮਾ ਨੰਬਰ 88 ਦਰਜ ਕੀਤਾ ਗਿਆ ਹੈ।
ਸ੍ਰੀ ਰਾਣਾ ਨੇ ਅੱਗੇ ਦੱਸਿਆ ਕਿ ਇਸ ਗਿਰੋਹ ਦੇ ਮੁਖੀ ਸੁਭਾਸ਼ ਚੰਦ ਅਤੇ ਮੈਂਬਰ ਰਾਮ ਬਾਬੂ ਉਰਫ ਅਰਜਨ, ਜਤਿੰਦਰ ਸਿੰਘ ਉਰਫ ਛਾਂਗਾ, ਰਾਜ ਕੁਮਾਰ ਪਾਂਡੇ, ਕਸ਼ਮੀਰਾ ਕਬਾੜੀਆ ਅਤੇ ਦਵਿੰਦਰ ਕੁਮਾਰ ਉਰਫ ਹੈਪੀ ਪਹਿਲਵਾਨ ਪੁੱਤਰ ਸੱਤਪਾਲ ਵਰਮਾ ਵਾਸੀ ਮਕਾਨ ਨੰ: 353 ਸੈਕਟਰ 1 ਬਲਾਕ ਬੀ ਵਿਕਾਸ ਨਗਰ ਮੰਡੀ ਗੋਬਿੰਦਗੜ੍ਹ ਨੂੰ ਸਹਾਇਕ ਥਾਣੇਦਾਰ ਵੇਦ ਪ੍ਰਕਾਸ਼ ਅਤੇ ਸਹਾਇਕ ਥਾਣੇਦਾਰ ਗੁਰਮੀਤ ਕੁਮਾਰ ਨੇ ਸਮੇਤ ਸੀ.ਆਈ.ਏ. ਸਰਹਿੰਦ ਦੀ ਟੀਮ ਵੱਲੋਂ 4 ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਨ੍ਹਾਂ ਨੂੰ ਮਾਣਯੋਗ ਕੋਰਟ ਵਿੱਚ ਪੇਸ਼ ਕਰਕੇ ਇਨ੍ਹਾਂ ਦਾ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਰਿਮਾਂਡ ਵਿੱਚ ਕੀਤੀ ਮੁਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਇਸ ਚੋਰ ਗਿਰੋਹ ਦਾ ਪਿਛੋਕੜ ਉਤਰ ਪ੍ਰਦੇਸ਼ ਅਤੇ ਬਿਹਾਰ ਦਾ ਹੈ, ਜਿਨ੍ਹਾਂ ਵਿਰੁੱਧ ਇਸ ਕਿਸਮ ਦੇ ਪਹਿਲਾਂ ਥਾਣਾ ਗੋਬਿੰਦਗੜ੍ਹ, ਬਸੀ ਪਠਾਣਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ, ਅਮਰਗੜ੍ਹ ਜ਼ਿਲ੍ਹਾ ਸੰਗਰੂਰ, ਬੰਗਾ ਜ਼ਿਲ੍ਹਾ ਨਵਾਂ ਸ਼ਹਿਰ, ਸਾਹਨੇਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਕਰੀਬ 12 ਮੁੱਕਦਮੇ ਦਰਜ ਹਨ।
ਐਸ.ਪੀ. ਨੇ ਦੱਸਿਆ ਕਿ ਇਸ ਚੋਰ ਗਿਰੋਹ ਦਾ ਮੁਖੀ ਸੁਭਾਸ਼ ਚੰਦ ਮਾਰਚ 2017 ਵਿੱਚ ਥਾਣਾ ਫੋਕਲ ਪੁਆਂਇੰਟ ਜ਼ਿਲ੍ਹਾ ਲੁਧਿਆਣਾ ਵਿਖੇ ਵੀ ਫੜਿਆ ਗਿਆ ਸੀ ਪਰ ਇਸ ਨੇ ਫੜੇ ਜਾਣ ਤੋਂ ਪਹਿਲਾਂ ਸਾਲ 2016 ਵਿੱਚ ਕੀਤੀਆਂ ਵਾਰਦਾਤਾਂ ਸਬੰਧੀ ਲੁਧਿਆਣਾ ਪੁਲਿਸ ਕੋਲ ਖੁਲਾਸਾ ਨਹੀਂ ਕੀਤਾ ਸੀ। ਜਦੋਂ ਕਿ ਫ਼ਤਹਿਗੜ੍ਹ ਸਾਹਿਬ ਪੁਲਿਸ ਕੋਲ ਇਸ ਗਿਰੋਹ ਨੇ ਥਾਣਾ ਸ਼ੰਭੂ, ਬਨੂੜ, ਰਾਜਪੁਰਾ, ਗੰਡਾਖੇੜੀ, ਪਸਿਆਣਾ ਜ਼ਿਲ੍ਹਾ ਪਟਿਆਲਾ, ਥਾਣਾ ਸਦਰ ਖਰੜ, ਡੇਰਾਬਸੀ ਜ਼ਿਲ੍ਹਾ ਮੋਹਾਲੀ, ਥਾਣਾ ਭਵਾਨੀਗੜ੍ਹ, ਸੁਨਾਮ, ਅਮਰਗੜ੍ਹ, ਮਾਲੇਰ ਕੋਟਲਾ ਜ਼ਿਲ੍ਹਾ ਸੰਗਰੂਰ, ਥਾਣਾ ਡੇਹਲੋਂ ਪੁਲਿਸ ਜ਼ਿਲ੍ਹਾ ਜਗਰਾਓਂ, ਥਾਣਾ ਫੋਕਲ ਪੁਆਂਇੰਟ ਸਾਹਨੇਵਾਲ ਜ਼ਿਲ੍ਹਾ ਲੁਧਿਆਣਾ, ਥਾਣਾ ਰਾਹੋਂ ਜ਼ਿਲ੍ਹਾ ਨਵਾਂ ਸ਼ਹਿਰ, ਥਾਣਾ ਦੋਰਾਹਾ ਮਾਛੀਵਾੜਾ ਜ਼ਿਲ੍ਹਾ ਖੰਨਾ ਵਿਖੇ ਵਾਰਦਾਤਾਂ ਕਰਨੀਆਂ ਮੰਨੀਆਂ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕਥਿਤ ਦੋਸ਼ੀਆਂ ਨੇ ਅਪ੍ਰੈਲ-16 ਵਿੱਚ ਥਾਣਾ ਰਾਹੋਂ ਜ਼ਿਲ੍ਹਾ ਨਵਾਂ ਸ਼ਹਿਰ ਦੇ ਏਰੀਏ ਵਿੱਚ ਬਣ ਰਹੀ ਸਕੂਲ ਦੀ ਬਿਲਡਿੰਗ ਵਿੱਚੋਂ ਕਰੀਬ 50 ਕੁਇੰਟਲ ਸ਼ਟਰਿੰਗ ਪਲੇਟਾਂ ਚੋਰੀ ਕਰਨ ਬਾਰੇ, ਜੁਲਾਈ-16 ਨੂੰ ਥਾਣਾ ਮਾਛੀਵਾੜਾ ਦੇ ਏਰੀਏ ਮਾਛੀਵਾੜਾ ਰਾਹੋਂ ਰੋਡ ‘ਤੇ ਸੀਮਿੰਟ ਦੀ ਦੁਕਾਨ ਦਾ ਸ਼ਟਰ ਤੋੜ ਕੇ ਸਰੀਆ ਅਤੇ ਸੀਮਿੰਟ ਚੋਰੀ ਕਰਨ ਬਾਰੇ, ਮਹੀਨਾ ਮਾਰਚ-2017 ਵਿੱਚ ਥਾਣਾ ਪਸਿਆਣਾ ਜ਼ਿਲ੍ਹਾ ਪਟਿਆਲਾ ਦੇ ਏਰੀਆ ਪਿੰਡ ਰੱਖੜਾ ਵਿਚੋਂ ਟਿਊਬਵੈਲ ਦੇ ਬੋਰ ਦੀਆਂ ਪਾਇਪਾਂ, ਮਹੀਨਾਂ ਅਪ੍ਰੈਲ-17 ਵਿੱਚ ਪਿੰਡ ਨਬੀਪੁਰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਚੌਕੀਦਾਰ ਨੂੰ ਬੰਦੀ ਬਣਾ ਕੇ ਕਪੜੇ ਅਤੇ ਕਰਿਆਨੇ ਦੀਆਂ ਦੁਕਾਨਾਂ ਨੂੰ ਪਾੜ ਲਗਾ ਕੇ ਕਪੜਾ ਅਤੇ ਨਗਦੀ, ਉਸ ਤੋਂ ਬਾਅਦ ਮਹੀਨਾਂ ਅਪ੍ਰੈਲ-17 ਵਿੱਚ ਹੀ ਥਾਣਾ ਡੇਹਲੋਂ ਪੁਲਿਸ ਜ਼ਿਲ੍ਹਾ ਜਗਰਾਉਂ ਦੇ ਏਰੀਏ ਵਿੱਚੋਂ ਪਿੰਡ ਟਿੱਬਾ ਦੀ ਜਮੀਨ ਵਿੱਚ ਬਣ ਰਹੀ ਫੈਕਟਰੀ ਦੇ ਚੌਕੀਦਾਰ ਨੂੰ ਚਾਕੂ ਅਤੇ ਛੁਰੀਆਂ ਵਿਖਾ ਕੇ ਬੰਦੀ ਬਣਾ ਕੇ ਕਰੀਬ 45 ਕੁਇੰਟਲ ਸਰੀਆ, ਅਪ੍ਰੈਲ-17 ਵਿੱਚ ਹੀ ਪਿੰਡ ਮੋਹਾਲਾ ਥਾਣਾ ਅਮਰਗੜ੍ਹ ਦੇ ਏਰੀਏ ਵਿੱਚ ਨਵੇਂ ਕੀਤੇ ਜਾ ਰਹੇ ਸਬਮਰਸੀਬਲ ਬੋਰ ਦਾ ਸਾਰਾ ਸਮਾਨ, ਮਹੀਨਾ ਮਈ-17 ਵਿੱਚ ਥਾਣਾ ਗੋਬਿੰਦਗੜ੍ਹ ਦੇ ਇਲਾਕੇ ਵਿੱਚ ਇੱਕ ਗੌਦਾਮ ਵਿੱਚ ਰਹਿ ਰਹੇ ਪਰਵਾਸੀ ਮਜਦੂਰ ਦੇ ਪਰਿਵਾਰ ਨੂੰ ਬੰਦੀ ਬਣਾ ਕੇ ਕਰੀਬ 7 ਕੁਇੰਟਲ ਐਲੂਮੀਨੀਅਮ ਦੀਆਂ ਸਿੱਲੀਆਂ, ਮਹੀਨਾ ਜੂਨ 17 ਵਿੱਚ ਥਾਣਾ ਦੋਰਾਹਾ ਜ਼ਿਲ੍ਹਾ ਖੰਨਾ ਦੇ ਇਲਾਕੇ ਵਿੱਚ ਇੱਕ ਨਵੀਂ ਬਣ ਰਹੀ ਫੈਕਟਰੀ ਦੇ ਚੌਂਕੀਦਾਰ ਨਾਲ ਕੁੱਟਮਾਰ ਕਰਕੇ ਬੰਦੀ ਬਣਾ ਕੇ ਫੈਕਟਰੀ ਵਿੱਚੋਂ ਸ਼ਟਰਿੰਗ ਦਾ ਸਮਾਨ ਸਰੀਆ ਅਤੇ ਹੋਰ ਸਮਾਨ, ਸਾਲ 2017 ਵਿੱਚ ਹੀ ਥਾਣਾ ਗੰਡਾਖੇੜੀ ਜ਼ਿਲ੍ਹਾ ਪਟਿਆਲਾ ਦੇ ਇਲਾਕੇ ਵਿੱਚੋਂ ਚੀਮਾ ਕਲੋਨੀ ਸੈਦ ਖੇੜੀ ਵਿੱਚੋਂ ਸ਼ਟਰਿੰਗ ਦਾ ਸਮਾਨ ਅਤੇ ਸਰੀਆ ਚੋਰੀ ਸਬੰਧੀ ਕੀਤੀਆਂ ਵਾਰਦਾਤਾਂ ਦੇ ਕੁੱਲ 9 ਮੁਕੱਦਮੇ ਟਰੇਸ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦੇ ਕੁਝ ਮੈਂਬਰ ਅਜੇ ਵੀ ਗ੍ਰਿਫਤਾਰ ਕਰਨੇ ਬਾਕੀ ਹਨ ਜਿਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਵੀ ਵਾਰਦਾਤਾਂ ਟਰੇਸ ਹੋਣ ਤੇ ਬਰਾਮਦਗੀ ਹੋਣ ਦੀ ਉਮੀਦ ਹੈ।

Be the first to comment

Leave a Reply