ਪੂਰਬੀ ਤਾਇਵਾਨ ‘ਚ ਤੇਜ਼ ਭੂਚਾਲ : 2 ਲੋਕਾਂ ਦੀ ਮੌਤ ਹੋ ਗਈ ਅਤੇ 219 ਲੋਕ ਜ਼ਖਮੀ

ਤਾਇਪੇ— ਮੰਗਲਵਾਰ ਰਾਤ ਨੂੰ ਪੂਰਬੀ ਤਾਇਵਾਨ ‘ਚ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ‘ਚ 2 ਲੋਕਾਂ ਦੀ ਮੌਤ ਹੋ ਗਈ ਅਤੇ 219 ਲੋਕ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਅਜੇ ਵੀ 150 ਲੋਕ ਲਾਪਤਾ ਹਨ, ਜਿਨ੍ਹਾਂ ਨੂੰ ਲੱਭਣ ਲਈ ਭੂਚਾਲ ਕਾਰਨ ਡਿੱਗੀਆਂ ਇਮਾਰਤਾਂ ਦੇ ਮਲਬੇ ਦੀ ਜਾਂਚ ਕੀਤੀ ਜਾ ਰਹੀ ਹੈ। ਥਾਂ-ਥਾਂ ‘ਤੇ ਲੋਕ ਆਪਣਿਆਂ ਨੂੰ ਲੱਭ ਰਹੇ ਹਨ। ਆਪਣੀ ਜਾਨ ਬਚ ਜਾਣ ਤੋਂ ਬਾਅਦ ਹਰ ਕੋਈ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਦੁਆ ਕਰ ਰਿਹਾ ਹੈ। ਹੰਝੂਆਂ ਨਾਲ ਭਰੀਆਂ ਅੱਖਾਂ ਆਪਣਿਆਂ ਨੂੰ ਲੱਭ ਰਹੀਆਂ ਹਨ। ਸੁਰੱਖਿਤ ਬਚੇ ਲੋਕਾਂ ਨੂੰ ਬੇਸਬਾਲ ਲਈ ਨਵੇਂ ਬਣਾਏ ਗਏ ਸਟੇਡੀਅਮ ‘ਚ ਭੇਜਿਆ ਗਿਆ ਅਤੇ ਉਨ੍ਹਾਂ ਨੂੰ ਉੱਥੇ ਗਰਮ ਭੋਜਨ ਵੰਡਿਆ ਗਿਆ। ਮਾਰਸ਼ਲ ਹੋਟਲ ਦੀ ਇਮਾਰਤ ਢਹਿ ਜਾਣ ਮਗਰੋਂ ਕਈ ਲੋਕਾਂ ਨੂੰ ਉੱਥੋਂ ਕੱਢਿਆ ਗਿਆ। ਇੱਥੋਂ ਹੀ ਸੁਰੱਖਿਆ ਮਿਲੇ ਇਕ ਵਰਕਰ ਸ਼ੇਨ ਮਿੰਗ ਹੂਈ ਨੇ ਕਿਹਾ ਕਿ ਪਹਿਲਾਂ ਤਾਂ ਲੱਗਾ ਸੀ ਕਿ ਇਹ ਭੂਚਾਲ ਦੇ ਹਲਕੇ ਝਟਕੇ ਹਨ ਪਰ ਮਿੰਟਾਂ ‘ਚ ਹੀ ਸਭ ਤਹਿਸ-ਨਹਿਸ ਹੋਣ ਲੱਗ ਗਿਆ। ਉਸ ਨੇ ਕਿਹਾ ਕਿ ਜਦ ਉਹ ਸੁਰੱਖਿਅਤ ਬਚਿਆ ਤਾਂ ਉਸ ਨੂੰ ਆਪਣੇ ਪਰਿਵਾਰ ਦੀ ਚਿੰਤਾ ਹੋਣ ਲੱਗੀ। ਆਪਣੇ ਪੁੱਤ ਅਤੇ ਪੋਤੇ ਨੂੰ ਮਿਲ ਕੇ ਉਸ ਨੇ ਸੁੱਖ ਦਾ ਸਾਹ ਲਿਆ। ਤਸਵੀਰਾਂ ‘ਚ ਦੇਖਿਆ ਜਾ ਰਿਹਾ ਹੈ ਕਿ ਰਾਹਤ ਤੇ ਬਚਾਅਕਰਮਚਾਰੀ ਇਮਾਰਤਾਂ ਦੇ ਸ਼ੀਸ਼ੇ ਤੋੜ ਕੇ ਜਾਂਚ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਮਲਬੇ ਹੇਠ ਵੱਡੀ ਗਿਣਤੀ ‘ਚ ਲੋਕ ਦੱਬੇ ਹੋ ਸਕਦੇ ਹਨ। ਭੂਚਾਲ ਨੇ ਬਹੁਤ ਸਾਰੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਹੈ ਪਰ 4 ਇਮਾਰਤਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ, ਜਿਨ੍ਹਾਂ ‘ਚੋਂ ਇਕ ਹੋਟਲ ਅਤੇ ਇਕ ਫੌਜੀ ਹਸਪਤਾਲ ਦੀ ਇਮਾਰਤ ਵੀ ਹੈ। ਹੁਆਲੀਨ ਦੀ ਆਬਾਦੀ ਇਕ ਲੱਖ ਦੇ ਕਰੀਬ ਹੈ। ਭੂਚਾਲ ਕਾਰਨ 40 ਹਜ਼ਾਰ ਘਰਾਂ ‘ਚ ਪਾਣੀ ਅਤੇ 600 ਘਰਾਂ ‘ਚ ਬਿਜਲੀ ਦੀ ਸਪਲਾਈ ਬੰਦ ਹੈ। ਰਾਸ਼ਟਰਪਤੀ ਦਫਤਰ ਵੱਲੋਂ ਜਾਰੀ ਬਿਆਨ ਮੁਤਾਬਕ ਰਾਸ਼ਟਰਪਤੀ ਕੈਬਨਟ ਅਤੇ ਸੰਬੰਧਤ ਮੰਤਰਾਲਿਆਂ ਨੂੰ ਐਮਰਜੈਂਸੀ ਰਾਹਤ ਕਾਰਜ ਤੇਜ਼ ਕਰਨ ਲਈ ਕਿਹਾ ਗਿਆ ਹੈ। ਅਮਰੀਕੀ ਭੂ-ਗਰਭ ਸਰਵੇਖਣ ਵਿਭਾਗ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਜ਼ਮੀਨ ਤੋਂ ਇਕ ਕਿਲੋਮੀਟਰ ਹੇਠਾਂ ਸੀ। ਤੇਜ਼ ਭੂਚਾਲ ਤੋਂ ਬਾਅਦ ਕਈ ਹੋਰ ਝਟਕੇ ਵੀ ਮਹਿਸੂਸ ਕੀਤੇ ਗਏ ਪਰ ਸੁਨਾਮੀ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ 2016 ‘ਚ ਆਏ ਭੂਚਾਲ ਕਾਰਨ 100 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਇਲਾਵਾ 1999 ਦੇ ਜ਼ਬਰਦਸਤ ਭੂਚਾਲ ‘ਚ 2000 ਤੋਂ ਵਧੇਰੇ ਲੋਕ ਮਾਰੇ ਗਏ ਸਨ।

Be the first to comment

Leave a Reply

Your email address will not be published.


*