ਪ੍ਰਦੂਸ਼ਿਤ ਧੂੰਏਂ ਕਾਰਨ ਪੈਦਾ ਹੋਈ ‘ਸਮੋਗ’ ਕਈ ਹੱਸਦੇ ਵੱਸਦੇ ਪਰਿਵਾਰਾਂ ਦੀਆਂ ਖ਼ੁਸ਼ੀਆਂ ਉਜਾੜ ਗਈ

ਗੁਰਦਾਸਪੁਰ – ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਮੇਤ ਉੱਤਰੀ ਭਾਰਤ ‘ਚ ਪ੍ਰਦੂਸ਼ਿਤ ਧੂੰਏਂ ਕਾਰਨ ਪੈਦਾ ਹੋਈ ‘ਸਮੋਗ’ ਕਈ ਹੱਸਦੇ ਵੱਸਦੇ ਪਰਿਵਾਰਾਂ ਦੀਆਂ ਖ਼ੁਸ਼ੀਆਂ ਉਜਾੜ ਗਈ ਹੈ। ਇਸ ਦੇ ਨਾਲ ਹੀ ਆਉਣ ਵਾਲੇ ਸਰਦੀਆਂ ਦੇ ਦਿਨਾਂ ‘ਚ ਸੰਘਣੀ ਧੁੰਦ ਪੈਣ ਕਾਰਨ ਅਜਿਹੇ ਹਾਦਸਿਆਂ ਦੀ ਗਿਣਤੀ ਹੋਰ ਵਧਣ ਦਾ ਖ਼ਤਰਾ ਵੀ ਸਿਰ ‘ਤੇ ਮੰਡਰਾ ਰਿਹਾ ਹੈ ਪਰ ਇਸ ਦੇ ਬਾਵਜੂਦ ਹਾਦਸੇ ਰੋਕਣ ਲਈ ਨਾ ਤਾਂ ਸਰਕਾਰ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਨਾ ਹੀ ਲੋਕ ਖ਼ੁਦ ਆਪਣੀ ਜਾਨ ਮਾਲ ਦੀ ਰੱਖਿਆ ਲਈ ਗੰਭੀਰਤਾ ਦਿਖਾ ਰਹੇ ਹਨ। ਬਹੁਤੇ ਥਾਈਂ ਸਥਿਤੀ ਇਹ ਬਣੀ ਹੋਈ ਹੈ ਕਿ ਲੋਕ ਅਜੇ ਵੀ ਕਿਸੇ ਹਾਦਸੇ ਦੀ ਪ੍ਰਵਾਹ ਕੀਤੇ ਬਗੈਰ ਵਾਹਨਾਂ ਨੂੰ ਤੇਜ਼ ਰਫ਼ਤਾਰ ‘ਚ ਚਲਾਉਂਦੇ ਹਨ ਅਤੇ ਬਹੁਤ ਸਾਰੇ ਵਾਹਨਾਂ ਦੇ ਮਗਰ ਨਾ ਤਾਂ ਕੋਈ ਰਿਫ਼ਲੈਕਟਰ ਨਜ਼ਰ ਆਉਂਦਾ ਹੈ ਅਤੇ ਨਾ ਹੀ ਕੋਈ ਲਾਈਟ ਜਗਦੀ ਹੈ। ਸੜਕ ਹਾਦਸਿਆਂ ਦਾ ਦੁਖਾਂਤ ਏਨਾ ਵੱਡਾ ਹੈ ਕਿ ਦੇਸ਼ ਅੰਦਰ ਹਰੇਕ 4 ਮਿੰਟ ਬਾਅਦ ਸੜਕ ਹਾਦਸਿਆਂ ‘ਚ ਇਕ ਕੀਮਤੀ ਜਾਨ ਚਲੀ ਜਾਂਦੀ ਹੈ। ਇਕ ਰਿਪੋਰਟ ਅਨੁਸਾਰ ਰੋਜ਼ਾਨਾ ਤਕਰੀਬਨ 1214 ਹਾਦਸੇ ਵਾਪਰਦੇ ਹਨ ਜਿਨ੍ਹਾਂ ‘ਚ 25 ਫ਼ੀਸਦੀ ਦੋ ਪਹੀਆ ਵਾਹਨ ਹੁੰਦੇ ਹਨ ਅਤੇ 14 ਸਾਲ ਤੋਂ ਘੱਟ ਉਮਰ ਦੇ ਕਰੀਬ 20 ਬੱਚੇ ਰੋਜ਼ਾਨਾ ਮੌਤ ਦੇ ਮੂੰਹ ‘ਚ ਚਲੇ ਜਾਂਦੇ ਹਨ। ਇਕੱਲੇ ਪੰਜਾਬ ਅੰਦਰ ਪਿਛਲੇ ਕਰੀਬ 10 ਸਾਲਾਂ ‘ਚ 40 ਹਜ਼ਾਰ ਤੋਂ ਵੀ ਜ਼ਿਆਦਾ ਲੋਕ ਹਾਦਸਿਆਂ ਕਾਰਨ ਮੌਤ ਦੇ ਮੂੰਹ ‘ਚ ਚਲੇ ਗਏ, ਜਿਨ੍ਹਾਂ ਵਿਚੋਂ ਕਰੀਬ 5000 ਲੋਕਾਂ ਦੀ ਮੌਤ 2015 ਦੌਰਾਨ ਹੋਈ।

Be the first to comment

Leave a Reply