ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਕੈਬਨਿਟ ਨਾਲ ਭਾਰਤ ਦੌਰੇ ਤੇ

ਵਾਸ਼ਿੰਗਟਨ — ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਕੈਬਨਿਟ ਨਾਲ ਭਾਰਤ ਦੌਰੇ ਤੇ ਹਨ। ਇਸ ਦੌਰੇ ਨੂੰ ਪੂਰਾ ਸੰਸਾਰ ਵਿਸ਼ੇਸ਼ ਲਹਿਜੇ ਨਾਲ ਵੇਖ ਰਿਹਾ ਹੈ। ਕਿਉਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਬਹੁਤ ਹੀ ਦੂਰ ਅੰਦੇਸ਼ੀ ਅਤੇ ਸੁਲਝੇ ਇਨਸਾਨ ਹਨ, ਜਿਨ੍ਹਾਂ ਨੂੰ ਹਰ ਕੋਈ ਸਲਾਉਂਦਾ ਹੈ। ਉਮੀਦ ਸੀ ਕਿ ਭਾਰਤ ਸਰਕਾਰ ਵੀ ਇਸ ਨੌਜਵਾਨ ਪ੍ਰਧਾਨ ਮੰਤਰੀ ਟਰੂਡੋ ਨੂੰ ਨਿੱਘੀ ਜੀ ਆਇਆਂ ਆਖੇਗੀ, ਤਾਂ ਜੋ ਭਾਰਤ ਅਤੇ ਕੈਨੇਡਾ ਵਿੱਚ ਆਪਸੀ ਰਿਸ਼ਤਿਆਂ ਦੀ ਸਾਂਝ ਹੋਰ ਵੀ ਪਕੇਰੀ ਹੋ ਸਕੇ ਪਰ ਪ੍ਰਧਾਨ ਮੰਤਰੀ ਮੋਦੀ ਨੇ ਟਰੂਡੋ ਨੂੰ ਕੋਈ ਖਾਸ ਤਵੱਜੋ ਨਹੀਂ ਦਿੱਤੀ ਹੈ, ਜਿਸ ਕਰਕੇ ਹਰ ਕੋਈ ਪ੍ਰਧਾਨ ਮੰਤਰੀ ਮੋਦੀ ਦੀ ਨਿੰਦਿਆ ਕਰ ਰਿਹਾ ਹੈ। ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਰਵੱਈਆ ਘੱਟ ਗਿਣਤੀਆਂ ਪ੍ਰਤੀ ਠੀਕ ਨਹੀਂ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਿੱਖ ਮੰਤਰੀਆਂ ਨੂੰ ਨਾਲ ਲੈ ਕੇ ਆਏ ਸਨ ਜੋ ਮੋਦੀ ਨੂੰ ਚੰਗਾ ਨਹੀਂ ਲੱਗਿਆ, ਜਿਸ ਕਰਕੇ ਉਨ੍ਹਾਂ ਨੇ ਨਿੱਘਾ ਸਵਾਗਤ ਕਰਨ ਤੋਂ ਗੁਰੇਜ਼ ਕੀਤਾ ਹੈ। ਜਦਕਿ ਟਰੂਡੋ ਦਾ ਕਹਿਣਾ ਹੈ ਕਿ ਉਹ ਹਰੇਕ ਕਮਿਊਨਿਟੀ ਦਾ ਸਤਿਕਾਰ ਕਰਦੇ ਹਨ, ਉਨ੍ਹਾਂ ਕਦੇ ਵੀ ਖਾਲਿਸਤਾਨ ਦੀ ਹਾਮੀ ਨਹੀਂ ਭਰੀ ਹੈ ਪਰ ਜਿੱਥੇ ਵੀ ਸਿੱਖ ਬੁਲਾਉਂਦੇ ਹਨ ਉੱਥੇ ਉਹ ਜਾਂਦੇ ਹਨ। ਭਾਰਤ ਵਲੋਂ ਦਿਖਾਈ ਬੇਰੁਖੀ ਦਾ ਵਿਰੋਧ ਹਰ ਪਾਸਿਉਂ ਹੋ ਰਿਹਾ ਹੈ ਕਿ ਮੋਦੀ ਖੁਦ ਬਾਹਰ ਰੈੱਡ ਕਾਰਪਿਟ ਸਨਮਾਨ ਭਾਲਦੇ ਹਨ ਪਰ ਆਪਣੇ ਮੁਲਕ ਵਿੱਚ ਦੂਸਰਿਆਂ ਨੂੰ ਅੱਖੋਂ ਪਰੋਖੇ ਕਰਦੇ ਹਨ। ਅਜਿਹਾ ਭਵਿੱਖ ਲਈ ਮਾੜਾ ਸੁਨੇਹਾ ਹੈ। ਸਿੱਖਸ ਆਫ ਅਮਰੀਕਾ ਦੇ ਸਾਰੇ ਡਾਇਰੈਕਟਰ ਵਲੋਂ ਭਾਰਤ ਦੀ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਸਰਕਾਰ ਘੱਟ ਗਿਣਤੀਆਂ ਦੀ ਖੈਰ ਖਵਾਹ ਨਹੀਂ ਹੈ। ਜਿਵੇਂ ਮੁਸਲਮਾਨਾਂ ਨਾਲ ਕੀਤਾ ਜਾ ਰਿਹਾ, ਮਾੜਾ ਰਵੱਈਆ ਪੂਰੇ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ। ਉਸੇ ਤਰ੍ਹਾਂ ਭਵਿੱਖ ਵਿੱਚ ਸਿੱਖਾਂ ਨਾਲ ਵੀ ਹੋ ਸਕਦਾ ਹੈ। ਕਿਉਂਕਿ ਦਰਬਾਰ ਸਾਹਿਬ ਫੇਰੀ ਸਮੇਂ ਵੀ ਕੈਬਨਿਟ ਤੋਂ ਕੋਈ ਨਹੀਂ ਪਹੁੰਚਿਆ। ਇੱਥੋਂ ਤੱਕ ਕਿ ਹਰਸਿਮਰਤ ਕੌਰ ਵੀ ਗੁਰੇਜ ਕਰ ਗਈ ਹੈ। ਜਿਸ ਨੂੰ ਕੇਂਦਰ ਸਰਕਾਰ ਦੀ ਬੇਰੁਖੀ ਦੱਸਿਆ ਜਾ ਰਿਹਾ। ਅਜਿਹੇ ਵਿੱਚ 2019 ਦੀਆਂ ਚੋਣਾਂ ਵਿੱਚ ਮੋਦੀ ਨੂੰ ਖਮਿਆਜਾ ਭੁਗਤਣਾ ਪਵੇਗਾ।

Be the first to comment

Leave a Reply