ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ ਕੰਮ ਨੂੰ ਲੈ ਕੇ ਗੰਭੀਰ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ ਕੰਮ ਨੂੰ ਲੈ ਕੇ ਬੜੇ ਗੰਭੀਰ ਨਜ਼ਰ ਆਉਂਦੇ ਹਨ। ਉਨ੍ਹਾਂ ਬਾਰੇ ਹਮੇਸ਼ਾ ਇਹ ਕਿਹਾ ਜਾਂਦਾ ਹੈ ਕਿ ਉਹ ਹਮੇਸ਼ਾ ਆਪਣੇ ਕੰਮ ਬਾਰੇ ਹੀ ਸੋਚਦੇ ਰਹਿੰਦੇ ਹਨ ਤੇ ਕਦੇ ਛੁੱਟੀ ਨਹੀਂ ਕਰਦੇ। ਉਹ ਆਪ ਵੀ ਕਈ ਵਾਰ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ ਕੰਮ ਨਾਲ ਕਦੇ ਥਕਾਵਟ ਨਹੀਂ ਹੁੰਦੀ।ਅਜਿਹੇ ਵਿੱਚ ਜੇਕਰ ਪੀਐਮ ਮੋਦੀ ਇਹ ਕਹਿਣ ਕਿ ਉਨ੍ਹਾਂ ਨੂੰ ਵਿਆਹ ਵਿੱਚ ਜਾਣਾ ਕਾਫੀ ਚੰਗਾ ਲੱਗਦਾ ਹੈ ਤਾਂ ਤੁਸੀਂ ਹੈਰਾਨ ਹੋ ਸਕਦੇ ਹੋ। ਪ੍ਰਧਾਨ ਮੰਤਰੀ ਨੇ ਆਪ ਹੀ ਇਹ ਗੱਲ ਆਪਣੇ ਮੰਤਰੀਆਂ ਨੂੰ ਦੱਸੀ। ਦਰਅਸਲ ਇਸ ਮਹੀਨੇ 7 ਤਰੀਕ ਨੂੰ ਪੀਐਮ ਮੋਦੀ ਨੇ ਆਪਣੇ ਮੰਤਰੀ ਮੰਡਲ ਨਾਲ ਮੀਟਿੰਗ ਕੀਤੀ। ਇਸ ਵਿੱਚ ਮੁਲਕ ਦੇ ਸਭ ਤੋਂ ਪਛੜੇ 115 ਜ਼ਿਲ੍ਹਿਆਂ ਦੀ ਤਰੱਕੀ ਨੂੰ ਲੈ ਕੇ ਚਰਚਾ ਹੋਈ ਤੇ ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਨੇ ਪ੍ਰੈਜ਼ੈਂਟੇਸ਼ਨ ਵੀ ਦਿੱਤੀ। ਮੀਟਿੰਗ ਵਿੱਚ ਪੀਐਮ ਨੇ ਕਿਹਾ ਕਿ ਪਤਾ ਹੈ, ਮੈਨੂੰ ਸ਼ਾਦੀਆਂ ਵਿੱਚ ਜਾਣਾ ਕਾਫੀ ਪਸੰਦ ਹੈ ਕਿਉਂਕਿ ਲੋਕ ਉੱਥੇ ਮੈਨੂੰ ਸਿਫਾਰਸ਼ੀ ਅਰਜ਼ੀ ਜਾਂ ਚਿੱਠੀ ਦੇਣ ਲਈ ਨਹੀਂ ਮਿਲਦੇ ਤੇ ਮੈਂ ਅਰਾਮ ਨਾਲ ਲੋਕਾਂ ਨੂੰ ਮਿਲਦਾ ਹਾਂ।