ਪ੍ਰਮਾਣੂ ਮੁੱਦੇ ‘ਤੇ ਅਮਰੀਕਾ ਨਾਲ ਗੱਲ ਕਰਨਾ ਬੇਕਾਰ – ਅਲੀ ਖਮੈਨੀ

ਤਹਿਰਾਨ – ਈਰਾਨ ਦੇ ਉੱਚ ਨੇਤਾ ਅਯਾਤੁੱਲਾ ਅਲੀ ਖਮੈਨੀ ਦਾ ਕਹਿਣਾ ਹੈ ਕਿ ਅਮਰੀਕਾ ਨਾਲ ਪ੍ਰਮਾਣੂ ਸਮਝੌਤੇ ‘ਤੇ ਗੱਲਬਾਤ ਕਰਨਾ ਬੇਕਾਰ ਹੈ, ਕਿਉਂਕਿ ਉਹ ਸਮਝੌਤਿਆਂ ਦਾ ਮਾਨ ਨਹੀਂ ਰੱਖਦਾ। ਇਥੇ ਈਰਾਨੀ ਡਿਪਲੋਮੈਟਾਂ ਦੀ ਇਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਖਮੈਨੀ ਨੇ ਕਿਹਾ, ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ ਅਸੀਂ ਅਮਰੀਕਾ ਦੇ ਸ਼ਬਦਾਂ ਅਤੇ ਇਥੋਂ ਤੱਕ ਕਿ ਉਨ੍ਹਾਂ ਦੇ ਦਸਤਖਤ ‘ਤੇ ਵੀ ਯਕੀਨ ਨਹੀਂ ਕਰ ਸਕਦੇ, ਲਿਹਾਜ਼ਾ ਉਨ੍ਹਾਂ ਨਾਲ ਗੱਲਬਾਤ ਕਰਨਾ ਬੇਕਾਰ ਹੈ। ਉਨ੍ਹਾਂ ਕਿਹਾ, ‘ਇਹ ਮੰਨਣਾ ਬਹੁਤ ਗਲਤ ਹੈ ਕਿ ਅਮਰੀਕਾ ਨਾਲ ਗੱਲਬਾਤ ਜਾਂ ਰਿਸ਼ਤਿਆਂ ਨਾਲ ਸਮੱਸਿਆਵਾਂ ਹੱਲ ਕੀਤੀਆਂ ਜਾ ਸਕਦੀਆਂ ਹਨ।’ ਈਰਾਨ ਅਤੇ ਦੁਨੀਆ ਦਾ ਤਾਕਤਵਾਰ ਦੇਸ਼ਾਂ ਵਿਚਾਲੇ 2015 ‘ਚ ਹੋਏ ਇਤਿਹਾਸਕ ਪ੍ਰਮਾਣੂ ਕਰਾਰ ਤੋਂ ਖੁਦ ਨੂੰ ਵੱਖ ਕਰ ਚੁੱਕਿਆ ਅਮਰੀਕਾ ਈਰਾਨ ਨੂੰ ਅਲਗ-ਥਲਗ ਕਰਨ ‘ਤੇ ਲੱਗਾ ਹੋਇਆ ਹੈ ਅਤੇ ਫਿਰ ਤੋਂ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਥੋਪ ਕੇ ਉਸ ‘ਤੇ ਆਰਥਿਕ ਦਬਾਅ ਪਾਉਣ ਦੀ ਤਿਆਰੀ ‘ਚ ਹੈ। ਇਨ੍ਹਾਂ ਪਾਬੰਦੀਆਂ ਦੀ ਸ਼ੁਰੂਆਤ ਅਗਸਤ ‘ਚ ਹੋਵੇਗੀ। ਯੂਰਪ ਅਮਰੀਕਾ ਦੇ ਇਸ ਕਦਮ ਦਾ ਵਿਰੋਧ ਕਰ ਰਿਹਾ ਹੈ ਅਤੇ ਈਰਾਨ ਨਾਲ ਆਪਣੇ ਵਪਾਰਕ ਸੰਬੰਧ ਬਣਾਏ ਰੱਖਣ ਦੇ ਤੌਰ-ਤਰੀਕੇ ਲੱਭਣ ਦਾ ਇਰਾਦਾ ਜ਼ਾਹਿਰ ਕਰ ਰਿਹਾ ਹੈ। ਪ੍ਰਮਾਣੂ ਕਰਾਰ ਦੇ ਤਹਿਤ ਈਰਾਨ ਨੇ ਪਾਬੰਦੀਆਂ ਹਟਾਉਣ ਦੇ ਏਵਜ਼ ‘ਚ ਆਪਣੇ ਪ੍ਰਮਾਣੂ ਪ੍ਰੋਗਰਾਮ ‘ਚ ਕਟੌਤੀ ਕੀਤੀ ਸੀ।
ਖਮੈਨੀ ਨੇ ਕਿਹਾ, ‘ਯੂਰਪੀ ਦੇਸ਼ਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਪਰ ਸਾਨੂੰ ਅਨਿਸ਼ਚਿਤ ਸਮੇਂ ਤੱਕ ਉਨ੍ਹਾਂ ਦੀ ਪੇਸ਼ਕਸ਼ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ।’ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਇਕ ਨਵੇਂ ਕਰਾਰ ਲਈ ਤਿਆਰ ਹਨ ਜਿਸ ਦੇ ਦਾਇਰੇ ‘ਚ ਨਾ ਸਿਰਫ ਈਰਾਨ ਦਾ ਪ੍ਰਮਾਣੂ ਸਮਝੌਤਾ, ਬਲਕਿ ਇਸ ਦਾ ਮਿਜ਼ਾਈਲ ਪ੍ਰੋਗਰਾਮ ਅਤੇ ਖੇਤਰੀ ਦਖਲ ਵੀ ਆਵੇਗਾ ਜਿਨ੍ਹਾਂ ਨੂੰ ਅਮਰੀਕਾ ਆਪਣੇ ਸਹਿਯੋਗੀ ਇਜ਼ਰਾਇਲ ਲਈ ਖਤਰੇ ਦੇ ਰੂਪ ‘ਚ ਦੇਖ ਰਿਹਾ ਹੈ। ਖਮੈਨੀ ਨੇ ਕਿਹਾ, ‘ਅਮਰੀਕਾ ਈਰਾਨ ਦੀ ਕ੍ਰਾਂਤੀ (1979) ਤੋਂ ਪਹਿਲਾਂ ਦੇ ਹਾਲਾਤ ‘ਤੇ ਆਪਣੇ ਦਰਜੇ ਦੀ ਵਾਪਸੀ ਚਾਹੁੰਦਾ ਹੈ। ਉਨ੍ਹਾਂ ਕਿਹਾ, ‘ਉਹ ਪ੍ਰਮਾਣੂ ਸਮਰੱਥਾ ਅਤੇ ਖੇਤਰ ‘ਚ ਇਸ ਦੀ ਮੌਜੂਦਗੀ ਖਿਲਾਫ ਹੈ।’ ਈਰਾਨ ਦੀ ਕ੍ਰਾਂਤੀ ਦੇ ਸਮੇਂ ਤੱਕ ਈਰਾਨ ਅਮਰੀਕਾ ਦਾ ਕਰੀਬੀ ਸਹਿਯੋਗੀ ਸੀ।