ਪ੍ਰਵਾਸੀ ਭਾਰਤੀ ਵਿਆਹ ਕਰਕੇ ਦੇ ਗਿਆ ਧੋਖਾ , ਕੇਸ ਦਰਜ

ਸਹੁਰਾ ਪਰਿਵਾਰ ਉਪਰ ਲੱਖਾਂ ਰੁਪਏ ਦੀ ਨਕਦੀ , ਸੋਨਾ ਤੇ ਹੋਰ ਦਾਜ ਦਹੇਜ਼ ਹੜੱਪਣ ਦਾ ਦੋਸ਼
ਕੈਲੀਫੋਰਨੀਆ (ਬਿਊਰੋ ਸਰਵਿਸ)- ਇਕ ਪਰਵਾਸੀ ਭਾਰਤੀ ਵੱਲੋਂ ਆਪਣੀ ਲਾਲਸਾ ਪੂਰੀ ਕਰਨ ਲਈ ਆਪਣੀ ਪਤਨੀ ਨੂੰ ਤੰਗ ਪ੍ਰੇਸ਼ਾਨ ਕਰਨ ਤੇ ਉਸ ਨਾਲ ਧੋਖਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਦੇ ਜਿਲ੍ਹਾ ਬਟਾਲਾ ਦੀ ਰਹਿਣ ਵਾਲੀ ਬਲਜੀਤ ਕੌਰ ਨੇ ਦਿੱਤੇ ਇਕ ਹਲਫੀਆ ਬਿਆਨ ਵਿਚ ਕਿਹਾ ਹੈ ਕਿ ਉਸ ਦਾ ਵਿਆਹ ਹਰਮਨਦੀਪ ਸਿੰਘ ਪੁਤਰ ਨਿਰਮਲ ਸਿੰਘ ਪਿੰਡ ਘੁਮਾਣ ਜਿਲ੍ਹਾ ਲੁਧਿਆਣਾ ਨਾਲ 21-3-2014 ਨੂੰ ਢੀਂਡਸਾ ਸੋਲੀਟਿਵ ਗਾਰਡਨ ਜਲੰਧਰ ਰੋਡ ਬਟਾਲਾ ਵਿਖੇ ਹੋਇਆ ਸੀ। ਆਨੰਦ ਕਾਰਜ ਦੀ ਰਸਮ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਤੇਗ ਬਹਾਦਰ ਕਲੋਨੀ ਜਲੰਧਰ ਰੋਡ ਬਟਾਲਾ ਵਿਖੇ ਹੋਈ। ਇਸ ਸਮੇਂ ਮੇਰਾ ਸਹੁਰਾ ਪਰਿਵਾਰ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿਖੇ ਰਹਿੰਦਾ ਹੈ। ਬਲਜੀਤ ਕੌਰ ਅਨੁਸਾਰ ਸਹੁਰਾ ਪਰਿਵਾਰ ਦੀ ਮੰਗ ‘ਤੇ ਸ਼ਾਦੀ ਸਮੇਂ ਦਾਜ ਦਹੇਜ ਤੋਂ ਇਲਾਵਾ ਮੇਰੇ ਮਾਪਿਆਂ ਨੇ 25 ਲੱਖ ਰੁਪਏ ਨਕਦ ਬਤੌਰ ਅਮਾਨਤ ਮੇਰੇ ਪਤੀ ਹਰਮਨਦੀਪ ਸਿੰਘ ਦੇ ਸਪੁਰਦ ਕੀਤੇ ਸਨ। ਇਸ ਤੋਂ ਇਲਾਵਾ ਸ਼ਾਦੀ ਵੇਲੇ 12.5 ਤੋਲੇ ਸੋਨਾ ਜੋ ਮੇਰੇ ਮਾਪਿਆਂ ਨੇ ਵੱਖ ਵੱਖ ਗਹਿਣਿਆਂ ਦੇ ਰੂਪ ਵਿਚ ਮੈਨੂੰ ਪਾਇਆ ਸੀ , ਰਿਸ਼ਤੇਦਾਰਾਂ  ਦੀ ਮੌਜੂਦਗੀ ਵਿਚ ਮੇਰੀ ਜਠਾਣੀ ਸਤਵੀਰ ਕੌਰ ਦੇ ਸਪੁਰਦ ਬਤੌਰ ਅਮਾਨਤ ਕੀਤਾ ਗਿਆ ਸੀ। ਸ਼ਾਦੀ ਮੌਕੇ ਬਰਾਤੀਆਂ ਦੀ ਬਹੁਤ ਹੀ ਵਧੀਆ ਢੰਗ ਨਾਲ ਆਉ ਭਗਤ ਕੀਤੀ ਗਈ। ਮੇਰੇ ਸਹੁਰਾ ਪਰਿਵਾਰ ਦੀ ਇੱਛਾ ਅਨੁਸਾਰ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਜਿਸ ਉਪਰ 15 ਲੱਖ ਰੁਪਏ ਦੇ ਕਰੀਬ ਖਰਚ ਆਇਆ। ਸ਼ਾਦੀ ਤੋਂ ਬਾਅਦ ਬਲਜੀਤ ਕੌਰ ਸਹੁਰਾ ਪਰਿਵਾਰ ਨਾਲ ਪਿੰਡ ਘੁਮਾਣ ਵਿਖੇ ਰਹਿੰਦੀ ਰਹੀ ਜਿਥੇ ਕੁਝ ਸਮੇਂ ਬਾਅਦ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ। ਉਸ ਦੀ ਕੁੱਟਮਾਰ ਕੀਤੀ ਜਾਣ ਲੱਗੀ। ਅਮਰੀਕਾ ਲਿਜਾਣ ਬਦਲੇ ਉਸ ਕੋਲੋਂ 10 ਲੱਖ ਰੁਪਏ ਦੀ ਮੰਗ ਕੀਤੀ ਗਈ। ਇਕ ਦਿਨ ਸਭ ਕੁਝ ਠੀਕ ਹੋ ਜਾਣ ਦੀ ਆਸ ਨਾਲ ਬਲਜੀਤ ਕੌਰ ਸਹੁਰਾ ਪਰਿਵਾਰ ਦਾ ਇਹ ਜੁਲਮ ਕੁਝ ਸਮਾਂ ਸਹਾਰਦੀ ਰਹੀ ਪਰ ਆਖਰਕਾਰ ਉਸ ਨੇ ਆਪਣੀ ਹੱਡ ਬੀਤੀ ਆਪਣੇ ਮਾਤਾ ਪਿਤਾ ਨੂੰ ਦੱਸੀ। ਬਲਜੀਤ ਕੌਰ ਦੇ ਮਾਤਾ ਪਿਤਾ ਨੇ ਵੀ ਸਹੁਰਾ ਪਰਿਵਾਰ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਦੀ ਬੇਟੀ ਨੂੰ ਤੰਗ  ਨਾ ਕਰਨ ਪਰ ਸਹੁਰਾ ਪਰਿਵਾਰ 10 ਲੱਖ ਰੁਪਏ ਦੀ ਮੰਗ ਉਪਰ ਅੜਿਆ ਰਿਹਾ ਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਜਾਰੀ ਰਖਿਆ। ਬਲਜੀਤ ਕੌਰ ਅਨੁਸਾਰ ਉਸ ਦਾ ਸਹੁਰਾ ਪਰਿਵਾਰ ਉਸ ਦੇ ਪੇਕਿਆਂ ਵੱਲੋਂ ਦਿੱਤੀ ਨਕਦ ਰਾਸ਼ੀ 25 ਲੱਖ ਰੁਪਏ ਤੇ ਸੋਨਾ ਆਦਿ ਹੜੱਪ ਗਿਆ ਹੈ। ਆਖਰ ਤੰਗ ਆ ਕੇ ਉਸ ਨੇ ਆਪਣੇ ਸਹੁਰਾ ਪਰਿਵਾਰ ਖਿਲਾਫ ਸ਼ਿਕਾਇਤ ਕੀਤੀ। ਜਾਂਚ ਪੜਤਾਲ ਉਪਰੰਤ ਪਤੀ ਹਰਮਨਦੀਪ ਸਿੰਘ, ਸੱਸ ਬਲਵੀਰ ਕੌਰ, ਸਹੁਰਾ ਨਿਰਮਲ ਸਿੰਘ ਵਾਸੀ ਪਿੰਡ ਘੁਮਾਣ ਤਹਿਸੀਲ ਰਾਏਕੋਟ ਜਿਲ੍ਹਾ ਲੁਧਿਆਣਾ ਹਾਲ ਆਬਾਦ 7000 ਪਾਲਮਾ ਐਵਨਿਊ ਐਫ 103, ਬਿਊਨਾ ਪਾਰਕ ਸੀ ਏ, ਲਾਸ ਏਂਜਲਸ 90620-2476 ਅਮਰੀਕਾ ਦੇ ਖਿਲਾਫ  ਮੁਕੱਦਮਾ ਜੇਰੇ ਧਾਰਾ 420,406,498-ਏ ਤੇ 120 ਬੀ ਤਹਿਤ ਥਾਣਾ ਐਨ.ਆਰ.ਆਈ ਲੁਧਿਆਣਾ ਦਿਹਾਤੀ ਵਿਖੇ ਦਰਜ ਕਰ ਲਿਆ ਗਿਆ ਹੈ। ਬਲਜੀਤ ਕੌਰ ਅਨੁਸਾਰ ਜੇਠ ਕਿਰਨਦੀਪ ਸਿੰਘ ਪੁਤਰ ਨਿਰਮਲ ਸਿੰਘ ਤੇ ਜਠਾਨੀ ਸਤਵੀਰ ਕੌਰ ਪਤਨੀ ਕਿਰਨਦੀਪ ਸਿੰਘ ਖਿਲਾਫ ਪੁਲਿਸ ਵੱਲੋਂ ਅਜੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਬਲਜੀਤ ਕੌਰ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਕੇ ਉਸ ਨਾਲ ਨਿਆਂ ਕੀਤਾ ਜਾਵੇ।

 

 

Be the first to comment

Leave a Reply