ਪ੍ਰੀਤ ਕੌਰ ਡਿਡਬਾਲ ਨੇ ਯੂਬਾ ਸਿਟੀ ਦੇ ਮੇਅਰ ਲਈ ਸਹੁੰ ਚੁੱਕੀ

ਅਮਰੀਕਾ ‘ਚ ਪਹਿਲੀ ਸਿੱਖ ਔਰਤ ਮੇਅਰ ਬਣ ਕੇ ਸਿਰਜਿਆ ਇਤਿਹਾਸ
ਯੂਬਾ ਸਿਟੀ, (ਗੁਰਜਤਿੰਦਰ ਸਿੰਘ ਰੰਧਾਵਾ)- ਪੰਜਾਬੀਆਂ ਦੀ ਘੁੱਗ ਵਸੋਂ ਵਾਲੇ ਕੈਲੀਫੋਰਨੀਆ ਦੇ ਸ਼ਹਿਰ ਯੂਬਾ ਸਿਟੀ ਲਈ ਪਹਿਲੀ ਸਿੱਖ ਔਰਤ ਪ੍ਰੀਤ ਕੌਰ ਡਿਡਬਾਲ ਮੇਅਰ ਬਣੀ ਹੈ। ਮੰਗਲਵਾਰ ਸ਼ਾਮ ਨੂੰ ਇਕ ਭਰਵੇਂ ਸਮਾਗਮ ਦੌਰਾਨ ਪ੍ਰੀਤ ਡਿਡਬਾਲ ਨੇ ਆਪਣੇ ਅਹੁਦੇ ਦੀ ਸਹੁੰ ਚੁੱਕੀ। ਸਮਾਗਮ ਦੇ ਸ਼ੁਰੂ ਵਿਚ ਚਰਚ ਦੇ ਫਾਦਰ ਵੱਲੋਂ ਅਤੇ ਗੁਰੂ ਘਰ ਦੇ ਪਾਠੀ ਸਿੰਘ ਵੱਲੋਂ ਅਰਦਾਸ ਕੀਤੀ ਗਈ। ਉਪਰੰਤ ਅਮਰੀਕਾ ਦਾ ਰਾਸ਼ਟਰੀ ਗੀਤ ਗਾਇਆ ਗਿਆ। ਛੋਟੇ ਬੱਚਿਆਂ ਨੇ ਸਲਾਮੀ ਦਿੱਤੀ। ਇਸ ਤੋਂ ਬਾਅਦ ਪ੍ਰੀਤ ਡਿਡਬਾਲ ਨੇ ਪਹਿਲੇ ਮੇਅਰ ਸਟੇਨ ਕਲੀਵਲੈਂਡ ਦਾ ਧੰਨਵਾਦ ਕੀਤਾ ਅਤੇ ਉਸ ਦੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਪ੍ਰੀਤ ਡਿਡਬਾਲ ਨੇ ਕਿਹਾ ਕਿ ਮੇਅਰ ਬਣਨ ਤੋਂ ਬਾਅਦ ਉਹ ਯੂਥ ਐਜੂਕੇਸ਼ਨ, ਬੇਘਰੇ ਲੋਕਾਂ ਬਾਰੇ ਵਿਸ਼ੇਸ਼ ਧਿਆਨ ਦੇਵੇਗੀ। ਇਸ ਤੋਂ ਇਲਾਵਾ ਫਿਫਥ ਸਟਰੀਟ ਦੇ ਪੁਲ ਦੇ ਪ੍ਰਾਜੈਕਟ ਨੂੰ ਪੂਰਾ ਕਰਵਾਏਗੀ ਅਤੇ ਅਰਥਚਾਰੇ ਨੂੰ ਵਧਾਉਣ ਦੀ ਕੋਸ਼ਿਸ਼ ਕਰੇਗੀ।
ਇਸ ਮੌਕੇ ਜਿੱਥੇ ਅਮਰੀਕੀ ਲੋਕ ਭਾਰੀ ਗਿਣਤੀ ਵਿਚ ਹਾਜ਼ਰ ਸਨ, ਉਥੇ ਸਿੱਖ ਭਾਈਚਾਰੇ ਨੇ ਵੀ ਇਸ ਵਿਚ ਭਰਵੀਂ ਸ਼ਮੂਲੀਅਤ ਕੀਤੀ। ਪ੍ਰੀਤ ਡਿਡਬਾਲ 2014 ‘ਚ ਯੂਬਾ ਸਿਟੀ ਦੀ ਕੌਂਸਲ ਮੈਂਬਰ ਚੁਣੀ ਗਈ ਸੀ। ਉਸ ਤੋਂ ਪਹਿਲਾਂ ਉਹ ਲੰਮਾ ਸਮਾਂ ਪਲੈਨਿੰਗ ਕਮਿਸ਼ਨ ਦੀ ਮੈਂਬਰ ਵੀ ਰਹੀ।
ਪ੍ਰੀਤ ਡਿਡਬਾਲ ਯੂਬਾ ਸਿਟੀ ਦੀ ਵਾਈਸ ਮੇਅਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੀ ਹੈ। ਹੁਣ ਮੇਅਰ ਚੁਣੇ ਜਾਣ ‘ਤੇ ਦੁਨੀਆਂ ਭਰ ‘ਚ ਬੈਠੇ ਸਿੱਖ ਭਾਈਚਾਰੇ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਪ੍ਰੀਤ ਡਿਡਬਾਲ ਦਾ ਪਰਿਵਾਰ 1968 ‘ਚ ਕੈਲੀਫੋਰਨੀਆ ਦੇ ਸ਼ਹਿਰ ਯੂਬਾ ਸਿਟੀ ਵਿਖੇ ਆਣ ਕੇ ਵਸ ਗਿਆ ਸੀ। ਉਸ ਦਾ ਬਚਪਨ ਇਥੋਂ ਦੇ ਖੇਤਾਂ ਵਿਚ ਬੀਤਿਆ। ਉਸ ਨੇ ਦੱਸਿਆ ਕਿ ਮੇਰੇ ਮਾਤਾ-ਪਿਤਾ ਨੇ ਮੈਨੂੰ ਪੜ•ਾਉਣ ਲਈ ਕਾਫੀ ਮਿਹਨਤ ਕੀਤੀ ਅਤੇ ਉਹ ਆਪਣੇ ਪਰਿਵਾਰ ਵਿਚ ਪੜ•ਾਈ ‘ਚ ਮਾਸਟਰ ਦੀ ਡਿਗਰੀ ਲੈਣ ਵਾਲੀ ਪਹਿਲੀ ਲੜਕੀ ਸੀ। ਪ੍ਰੀਤ ਡਿਡਬਾਲ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਸੈਕਰਾਮੈਂਟੋ ਤੋਂ 1998 ਵਿਚ ਮਾਸਟਰ ਦੀ ਡਿਗਰੀ ਹਾਸਲ ਕੀਤੀ ਅਤੇ 2012 ‘ਚ ਉਸ ਨੇ ਯੂਨੀਵਰਸਿਟੀ ਆਫ ਸਾਨ ਫਰਾਂਸਿਸਕੋ ਤੋਂ ਪਬਲਿਕ ਐਡਮਿਨਿਸਟ੍ਰੇਸ਼ਨ ਮਾਸਟਰ ਦੀ ਡਿਗਰੀ ਹਾਸਲ ਕੀਤੀ। ਪ੍ਰੀਤ ਡਿਡਬਾਲ ਨੇ ਲੰਬਾ ਸਮਾਂ ਕੈਲੀਫੋਰਨੀਆ ਕੋਰੈਕਸ਼ਨਲ ਹੈਲਥ ਕੇਅਰ ਸਰਵਿਸਿਜ਼ ਵਿਚ ਨੌਕਰੀ ਕੀਤੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਕ ਹੋਰ ਸਿੱਖ ਕਸ਼ਮੀਰ ਸਿੰਘ ਗਿੱਲ ਯੂਬਾ ਸਿਟੀ ਦੇ ਮੇਅਰ ਰਹਿ ਚੁੱਕੇ ਹਨ। ਹੁਣ ਪਿੱਛੇ ਜਿਹੇ ਰਵੀ ਭੱਲਾ ਨੇ ਨਿਊਜਰਸੀ ਦੇ ਇਕ ਸ਼ਹਿਰ ਤੋਂ ਮੇਅਰ ਦੀ ਚੋਣ ਜਿੱਤੀ ਹੈ, ਜੋ ਕਿ ਦਸਤਾਰਧਾਰੀ ਹਨ। ਇਸੇ ਤਰ•ਾਂ ਇਕ ਹੋਰ ਦਸਤਾਰਧਾਰੀ ਸਤਿੰਦਰਾ ਸਿੰਘ ਹੂਜਾ ਵੀ ਵਰਜੀਨੀਆ ਦੇ ਇਕ ਸ਼ਹਿਰ ‘ਚ ਮੇਅਰ ਦੀ ਸੇਵਾ ਨਿਭਾਅ ਚੁੱਕੇ ਹਨ।

Be the first to comment

Leave a Reply

Your email address will not be published.


*