ਪ੍ਰੀ-ਨਰਸਰੀ ਕਲਾਸਾਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਸ਼ੁਰੂ ਕਰਨ ਖਿਲਾਫ ਅੱਜ ਮੋਹਾਲੀ ਵਿਖੇ ਕੀਤਾ ਰੋਸ ਮੁਜ਼ਾਹਰਾ

ਮੋਹਾਲੀ – ਪ੍ਰੀ-ਨਰਸਰੀ ਕਲਾਸਾਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਸ਼ੁਰੂ ਕਰਨ ਖਿਲਾਫ ਅੱਜ ਮੋਹਾਲੀ ਵਿਖੇ ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਵਲੋਂ ਜਥੇਬੰਦੀ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਖਿਲਾਫ਼ ਡੀ. ਜੀ. ਐੱਸ. ਈ. ਦਫ਼ਤਰ ਮੋਹਾਲੀ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ਦੌਰਾਨ ਹਜ਼ਾਰਾਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਸਿੱਖਿਆ ਸਕੱਤਰ ਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਮੁਲਾਜ਼ਮ ਮਾਰੂ ਨੀਤੀਆਂ ਦਾ ਭਾਰੀ ਵਿਰੋਧ ਕਰਦਿਆਂ ਸੂਬਾ ਪ੍ਰਧਾਨ ਨੇ ਸਰਕਾਰ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਫੈਸਲਾ ਵਾਪਿਸ ਨਾ ਲਿਆ ਤਾਂ ਇਸ ਦੇ ਨਤੀਜੇ ਗੰਭੀਰ ਨਿਕਲਣਗੇ ਕਿਉਂਕਿ ਨੌਕਰੀ ਬਚਾਉਣ ਲਈ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਕੁਝ ਵੀ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ 54 ਹਜ਼ਾਰ ਤੋਂ ਉਪਰ ਔਰਤਾਂ ਆਈ. ਸੀ. ਡੀ. ਐੱਸ. ਸਕੀਮ ਵਿਚ ਵਰਕਰ/ਹੈਲਪਰ ਵਜੋਂ 42 ਸਾਲਾਂ ਤੋਂ ਨਿਗੂਣੇ ਜਿਹੇ ਮਾਣ ਭੱਤੇ ‘ਤੇ ਕੰਮ ਕਰ ਰਹੀਆਂ ਹਨ। ਇਸ ਸਕੀਮ ਵਿਚ ਉਹ 6 ਸੇਵਾਵਾਂ ਦਾ ਕੰਮ ਕਰ ਰਹੀਆਂ ਹਨ, ਜਿਸ ਵਿਚ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਨੂੰ ਪ੍ਰੀ-ਸਕੂਲ ਸਿੱਖਿਆ ਦੇਣਾ ਸੇਵਾ ਵੀ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨੌਕਰੀ ‘ਤੇ ਲੱਗਣ ਸਮੇਂ ਬਕਾਇਦਾ ਜਾਬ ਟ੍ਰੇਨਿੰਗ ਕਰਵਾਈ ਜਾਂਦੀ ਹੈ ਤੇ ਨੌਕਰੀ ਵਿਚ ਆਉਣ ਦੀ ਮੁਢਲੀ ਸ਼ਰਤ ਘੱਟੋ-ਘੱਟ ਮੈਟ੍ਰਿਕ ਪਾਸ ਹੈ। ਵੱਧ ਤੋਂ ਵੱਧ ਮੈਰਿਟ ਅਨੁਸਾਰ ਸਾਡੀ ਭਰਤੀ ਹੁੰਦੀ ਹੈ ਪਰ ਸਿੱਖਿਆ ਵਿਭਾਗ ਵਲੋਂ ਕਿਹਾ ਗਿਆ ਹੈ ਕਿ 3 ਸਾਲ ਤੋਂ ਉਪਰ ਦੇ ਬੱਚੇ ਸਕੂਲਾਂ ਵਿਚ ਨਰਸਰੀ ਕਲਾਸਾਂ ਬਣਾ ਕੇ ਦਾਖਲ ਕੀਤੇ ਜਾਣਗੇ ਜੇਕਰ ਉਨ੍ਹਾਂ ਕੋਲੋਂ 3 ਸਾਲ ਤੋਂ ਉਪਰ ਦੇ ਬੱਚੇ ਚਲੇ ਜਾਂਦੇ ਹਨ ਤਾਂ 0 ਤੋਂ 6 ਸਾਲ ਦੀ ਸਕੀਮ ਦਾ ਅੱਧਾ ਹਿੱਸਾ ਰਹਿ ਜਾਵੇਗਾ ਤੇ ਉਨ੍ਹਾਂ ਦਾ ਸੈਂਟਰਾਂ ਵਿਚ ਆਉਣ ਦਾ ਮਕਸਦ ਖਤਮ ਹੋ ਜਾਵੇਗਾ ਤੇ ਹੌਲੀ-ਹੌਲੀ ਉਨ੍ਹਾਂ ਨੂੰ ਸੇਵਾ ਤੋਂ ਬਾਹਰ ਕਰ ਦਿੱਤਾ ਜਾਵੇਗਾ।

Be the first to comment

Leave a Reply