ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਸਬੰਧੀ ਸੰਜੀਦਗੀ ਵਰਤੀ ਜਾਵੇ

ਗੁਰਦਾਸਪੁਰ  – ਬੀਤੇ ਦਿਨੀ ਮੰਤਰੀ ਮੰਡਲ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਸਹਿਮਤੀ  ਨਾਲ ਫੈਸਲਾ ਕੀਤਾ ਗਿਆ ਹੈ ਕਿ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ, ਪ੍ਰੀ-ਪ੍ਰਾਇਮਰੀ ਕਲਾਸਾਂ ਵੀ ਲਗਾਈਆਂ ਜਾਣ ਤਾਂ ਜੋ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਦਿਨੋ ਦਿਨ ਘਟਦੀ ਜਾ ਰਹੀ ਘਟਦੀ ਜਾ ਰਹੀ ਵਿਦਿਆਰਥੀਆਂ ਦੀ ਗਿਣਤੀ ਨੂੰ ਠੱਲ ਪਾਈ ਜਾ ਸਕੇ, ਇਹ ਇੱਕ ਵਧੀਆਂ ਤੇ ਸਕਰਾਤਮਿਕ ਫੈਸਲਾ ਹੈ, ਜਿਸ ਦੀ ਕਿ ਤਾਰੀਫ ਕਰਨੀ ਬਣਦੀ ਹੈ। ਇੱਕ ਪੱਖ ਇਹ ਵੀ ਜਿਕਰਯੋਗ ਹੈ ਕਿ ਪੰਜਾਬ ਭਰ ਵਿੱਚ ਪ੍ਰਾਈਵੇਟ ਤੌਰ ਤੇ ੧੮੪ ਪਲੇਅ ਸਕੂਲ ਤੇ ੩੫੨ ਨਰਸਰੀ ਸਕੂਲ ਚੱਲ ਰਹੇ ਹਨ ਇਹ ਸਕੂਲ ਇਕ ਚੇਨ ਸਿਸਟਮ ਰਾਹੀ ਚੱਲ ਰਹੇ ਹਨ ਤੇ ਮਹਿੰਗੇ ਹੋਣ ਕਰਕੇ ਇਹਨਾਂ ਸਕੂਲਾਂ ਵਿਚ ਆਮ ਲੋਕਾਂ ਦੇ ਬੱਚੇ ਦਾਖਲਾ ਨਹੀ ਲੈ ਸਕਦੇ। ਬਾਕੀ ਰਹੀ ਗੱਲ ਕਿ ਪ੍ਰਾਈਵੇਟ ਮਾਨਤਾ ਪ੍ਰਾਪਤ ਸਕੂਲਾਂ ਨੇ ਆਪਣਾ ਵਿੱਦਿਅਕ ਸ਼ੈਸਨ ਹੀ ਬਦਲ ਦਿੱਤਾ ਹੈ, ਇਕ ਦੂਜੇ ਨਾਲੋਂ ਮੋਹਰੇ ਹੁੰਦਿਆਂ ਨਿੱਕੀਆਂ ਕਲਾਸਾਂ ਦਾ ਸਲਾਨਾ ਨਤੀਜਾ ਦਸੰਬਰ ਮਹੀਨੇ ਵਿਚ ਹੀ ਸਲਾਨਾ ਇਨਾਮ ਵੰਡ ਸਮਾਰੋਰ ਕਰਵਾ ਕੇ ਐਲਾਨ ਕਰ ਦਿਤਾ  ਜਾਂਦਾ ਹੈ, ਤੇ ਜਨਵਰੀ ਤੋਂ ਪ੍ਰੀ–ਪ੍ਰਾਇਮਰੀ ਕਲਾਸਾਂ ਦੀ ਸੁਰੂਆਤ ਕਰ ਦਿਤੀ ਜਾਂਦੀ ਹੈ,ਗਲੀਆਂ ਮੁਹੱਲਿਆਂ ਵਿੱਚ ਰਿਕਸ਼ਿਆਂ ਤੇ ਲੱਗੇ ਸਪੀਕਰ ਬੱਚਿਆਂ ਦੇ ਮਾਤਾ ਪਿਤਾ ਦਾ ਧਿਆਨ ਆਪਣੇ ਵੱਲ ਖਿਚਦੇ ਹਨ। ਸਿੱਖਿਆ ਸਕੱਤਰ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਵੱਲੋ ਵੀ ਇਸੇ ਤਰਜ਼ ਤੇ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਦਾਖਲ ਕਰਨ ਵਾਸਤੇ ਕਿਹਾ ਹੈ। ਪਰ ਸਰਕਾਰੀ ਮੁਲਾਜ਼ਮ ਤਾਂ ਕਿਸੇ ਕਾਨੂੰਨ ਵਿੱਚ ਬੱਝੇ ਹੁੰਦੇ ਹਨ, ਜਦ ਕਿ ਨਿਜ਼ੀ ਸੰਸਥਾਵਾਂ ਇਸ ਗੱਲ ਤੋਂ ਕੋਹਾਂ ਦੂਰ ਹਨ। ਇਹ ਸਿੱਖਿਆ ਦਾ ਮਸਲਾ ਹੈ, ਕੂੱਝ ਸਿੱਖਣ ਤੇ ਸਿਖਾਉਣ ਦਾ ਮਾਮਲਾ ਹੈ। ਪ੍ਰਾਇਮਰੀ ਸਕੂਲਾਂ ਦੀਆਂ ਬਿਲਡਿੰਗਾਂ, ਸਾਜੋ ਸਮਾਨ , ਸਟਾਫ , ਦਰਜਾ ਚਾਰ, ਆਦਿ ਦੀ ਸਥਿਤੀ ਕਿਸੇ ਕੋਲੋ ਗੁੱਝ ਨਹੀ ਹੈ, ਡੰਗ ਟਪਾਊ ਨੀਤੀਆਂ ਹੀ ਸਿੱਖਿਆ ਵਿਭਾਗ ਵਿਚ ਭਾਰੂ ਰਹੀਆਂ ਹਨ, ਪਰ ਹੁਣ ਜਦਕਿ ਹੋਰ ਵੀ ਨਿੱਕੇ ਬੱਚਿਆਂ ਨੂੰ ਉਜਵੱਲ ਭਵਿੱਖ ਵਾਸਤੇ ਤਿਆਰ ਕਰਨਾ ਹੈ, ਸਭ ਤੋਂ ਪਹਿਲਾਂ ਉਸ ਸਟਾਫ ਦੀ ਜਰੂਰਤ ਪਵੇਗੀ ਜਿਹੜਾ ਸਟਾਂਫ ਤਿੰਨ ਜਾਂ ਚਾਰ ਸਾਲ ਦੇ ਨਿੱਕੇ ਨੰਨ•ੇ ਬੱਚਿਆਂ ਨੂੰ ਆਪਣੇ ਬੱਚਿਆਂ ਨਾਲੋਂ ਵੀ ਜਿਆਦਾ ਪਿਆਰ ਕਰੇ ਤੇ ਮਨੋਵਿਗਿਆਨਿਕ ਤਰੀਕੇ ਨਾਲ ਬੱਚਿਆਂ ਨਾਲ ਪੇਸ਼ ਆਵੇ। ਅਜਿਹਾ ਤਾ ਟ੍ਰੇਨਿੰਗ ਪ੍ਰਾਪਤ ਸਟਾਫ ਹੀ ਕਰ ਸਕਦਾ ਹੈ, ਤੇ ਪੰਜਾਬ ਵਿਚ ਇਸ ਮੌਕੇ ਹਜ਼ਾਰਾਂ ਦੀ ਐਨ ਟੀ ਟੀ ਟ੍ਰੇਨਿੰਗ ਪ੍ਰਾਪਤ ਅਧਿਆਪਕ ਹਨ, ਜਿਹੜੇ ਕੇ ਬੇਰੁਜ਼ਗਾਰੀ ਦੀ ਚੱਕੀ ਵਿਚ ਪਿਸਦੇ ਹੋਏ, ਦਿਨ ਕਟੀ ਕਰ ਰਹੈ ਹਨ । ਨਰਸਰੀ ਕਲਾਸਾਂ ਦੇ ਵਿਦਿਆਰਥੀਆਂ ਦੇ ਮਨੋਦਸ਼ਾ ਸਮਝਣੀ ਬੜੀ ਔਖੀ ਹੁੰਦੀ ਹੈ, ਹਾਈ , ਸੈਕੰਡਰੀ,ਕਾਲਜ਼ ਦੇ ਵਿਦਿਆਰਥੀ ਨੂੰ ਤਾਂ ਪੜਾਂਉਣਾ ਸੌਖਾ ਹੈ, ਪਰ ਪ੍ਰਾਇਮਰੀ ਪੱਧਰ ਜਾਂ ਹੇਠਲੀਆਂ ਨਰਸਰੀ , ਐਲ ਕੇ ਜੀ, ਕਲਾਸਾਂ ਨੂੰ ਸਮਝਾਉਣਾ ਹੋਰ ਮੁਸ਼ਕਿਲ ਹੋ ਜਾਂਦਾ ਹੈ ਤੇ ਇਹ ਇੰਨਸਾਫ ਐਨ ਟੀ ਟੀ (ਪਾਸ) ਵਾਲੇ ਅਧਿਆਪਕ ਹੀ ਛੋਟੇ ਵਿਦਿਆਰਥੀਆਂ ਨਾਲ ਕਰ ਸਕਦੇ ਹਨ। ਯੂ ਟੀ ਦੇ ਸਕੂਲਾਂ ਵਿੱਚ ਇਹਨਾਂ ਪੋਸਟਾਂ ਦੀ ਵਿਵਸਥਾ ਹੈ ਪਰ ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਐਨ ਟੀ ਟੀ ਦੀਆਂ ਪੋਸਟਾਂ ਨੂੰ ਮੰਨਜੂਰੀ  ਨਹੀਂ ਹੈ। ਪਿਛਲੀ ਸਰਕਾਰ ਵੇਲੇ ਵੀ ਇਹਨਾਂ ਪੋਸਟਾਂ ਦੀ ਮੰਨਜੂਰੀ ਦੇਣ ਵਾਸਤੇ ਕਿਹਾ ਗਿਆ ਸੀ ਪਰ ਸਾਰਾ ਮਾਮਲਾ ਠੰਡੇ ਬਸਤੇ ਵਿਚ ਪਿਆ ਰਿਹਾ। ਇਸ ਦੇ ਨਾਲ ਹੀ ਜਿਥੇ ਇਹ ਛੋਟੀਆਂ ਕਲਾਸਾਂ  ਲਗਾਈਆਂ ਜਾਣੀਆਂ ਹਨ, ਘੱਟੋ ਘੱਟ ਤਿੰਨ ਅਧਿਆਪਕਾਂ ਦੇ ਨਾਲ , ਦਰਜਾਂ ਚਾਰ, ਹੈਲਪਰ, ਦਾ ਹੋਣਾ ਬਹੁਤ ਹੀ ਜਰੂਰੀ ਹੈ, ਤੇ ਤਹਿਸੀਲ ਪੱਧਰ ਤੇ ਇੱਕ ਬੱਚਿਆਂ ਦੇ ਡਾਕਟਰ ਦੀ ਅਸਾਮੀ ਵੀ ਮੰਨਜੂਰ ਹੋਣੀ ਚਾਹੀਦੀ ਹੈ ਤੇ ਇੱਕ ਸਿਹਤ ਵਿਭਾਗ ਮੋਬਾਇਲ ਵੈਨ ਜਿਸ ਵਿੱਚ ਦਵਾਈਆਂ,ਟੈਸਟ ਆਦਿ ਸਹੂਲਤ ਦਿੱਤੀ ਗਈ ਹੋਵੇ। ਸਾਫ ਸੁਥਰੀਆਂ ਤੇ ਲਿਛ-ਲਿਛ ਕਰਦੀਆਂ ਬਿਲਡਿੰਗਾਂ ਦੀ ਜਰੂਰਤ ਹੈ, ਸਕੂਲ ਦੇ ਕਮਰਿਆਂ ਵਿੱਚ ਪਲੇਅ ਵੇ ਤਰੀਕਿਆਂ ਨਾਲ ਸਿੱਖਣ ਵਾਸਤੇ, ਉਹਨਾਂ ਖਿਡੌਣਿਆਂ ਦੀ ਵੀ ਜਰੂਰਤ ਹੈ, ਜਿਹੜੇ ਜੇ ਬੱਚਾ ਮੂੰਹ ਵਿਚ ਪਾ ਲਵੇ ਤਾਂ ਸਿਹਤ ਸਬੰਧੀ ਇੰਨਫੈਕਸਨ ਨਾ ਹੋਵੇ, ਪੰਘੂੜੇ,ਰੰਗਦਾਰ ਦੀਵਾਰਾਂ, ਡੈਸਕ,ਗੱਲ ਕੀ ਉਹ ਹਰ ਸਹੂਲਤ ਹੋਵੇ ਜਿਹੜੀ ਨਿੱਕੇ ਬੱਚੇ ਨੂੰ ਹੁੰਦੀ ਹੈ। ਸਕੂਲ ਦਾ ਆਲਾ ਦੁਆਲਾ ਇਸ ਤਰਾਂ ਸੋਹਣਾ ਹੋਵੇ ਕਿ ਮਾਤਾ ਪਿਤਾ ਖੁਸ਼ ਹੋਕੇ ਪ੍ਰੀ ਪ੍ਰਾਇਮਰੀ ਕਲਾਸਾਂ ਵਾਤਸੇ ਭੇਜਣ ਤੇ ਨੰਨ•ੇ ਬੱਚੇ ਵੀ ਖਿੱਚੇ ਚਲੇ ਆਉਣ। ਇਸ ਤੋ ਇਲਾਵਾ ਬੱਚਿਆਂ ਤੇ ਦਰਜਾਂ ਚਾਰ ਦੀ ਸਹੂਲਤ ਹੋਵੇ ਇਸ ਦਾ ਕੰਮ ਬੱਚਿਆਂ ਨੂੰ ਟਾਇਲਟ, ਸਾਫ ਸਫਾਈ , ਡਾਇਪਰ ਬਦਲਣਾਂ ਹੀ ਹੋਵੇ, ਕਿਉਂ ਜੋ ਸਾਫ ਸਫਾਈ ਨਹੀਂ ਹੋਵੇਗੀ ਤਾਂ ਕੋਈ ਵੀ ਮਾਤਾ ਪਿਤਾ ਆਪਣਾ ਬੱਚਾ ਨਰਸਰੀ ਜਾਂ ਐਲ ਕੇ ਜੀ ਵਾਸਤੇ ਨਹੀਂ ਭੇਜੇਗਾ। ਵੈਸੇ ਵੀ ਜੇਕਰ ਵੇਖਿਆ ਜਾਵੇ ਤਾਂ ਛੋਟੇ ਬੱਚਿਆਂ ਨੂੰ ਬਿਮਾਰੀਆਂ ਜਲਦੀ ਆਪਣ ਜਕੜਨ ਵਿੱਚ ਲੈਦੀਆਂ ਹਨ। ਭਾਵੇ ਛੋਟੀਆਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਥੋੜੇ ਸਮੇ ਵਾਸਤੇ ਸਕੂਲ ਰੱਖਿਆ ਜਾਣਾ ਹੁੰਦਾ, ਉਸ ਸਮੇਂ ਦੌਰਾਨ ਦੁੱਧ, ਜਾਂ ਹੋਰ ਖਾਣ ਪੀਣ ਦਾ ਸਮਾਨ ਵੀ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ ਜੋ ਕਿ ਉੱਚ ਕੁਆਲਟੀ ਦਾ ਹੋਵੇ , ਗੱਲ ਕੀ ਹਰ ਪੱਖ ਵੇਖਕੇ ਹੀ ਇਹ ਕਲਾਸਾਂ ਸ਼ੁਰੂ ਕੀਤੀਆਂ ਜਾਂਣ , ਸਿਰਫ ਤੇ ਸਿਰਫ ਥੁੱਕੀਂ ਵੜੇ ਹੀ ਨਾ ਪਕਾਏ ਜਾਣ ਸਗੋਂ ਸੁੱਖ ਸਹੂਲਤਾ ਦੇਣ ਤੋਂ ਬਾਅਦ ਹੀ ਇਹ ਫੈਸਲੇ ਤੇ ਅਮਲ ਕੀਤਾ ਜਾਵੇ, ਤੇ ਮਾਤਾ ਪਿਤਾ ਵੀ ਏਨ•ੀ ਜਲਦੀ ਆਪਣੇ ਜਿਗਰ ਦੇ ਟੋਟਿਆਂ ਨੂੰ ਨਹੀਂ ਭੇਜਣ ਵਾਲੇ,ਕਿਉਂ ਜੋ ਪਿੰਡਾਂ,ਸ਼ਹਿਰਾਂ ਵਿੱਚ ਪਹਿਲਾਂ ਵੀ ਕੇਂਦਰ ਚੱਲ ਰਹੇ ਹਨ,ਇਹਨਾਂ ਦੀ ਦਿੱਖ ਤੇ ਸੁੱਖ ਸਹੂਲਤਾਂ ਕਿਸੇ ਕੋਲੋਂ ਗੁੱਝੀਆਂ ਨਹੀਂ ਹਨ। ਪ੍ਰੀ–ਪ੍ਰਾਇਮਰੀ ਵਿਦਿਆਰਥੀ ਦੇ ਭਵਿੱਖ ਬਾਰੇ ਸੋਚਣ ਤੋ ਪਹਿਲਾਂ ਬਹੁਤ ਕੁਝ ਕਰਨ ਤੇ ਸੰਵਰਨ ਦੀ ਜਰੂਰਤ ਹੈ। ਸਿੱਖਿਆ ਵਿਭਾਗ ਵਿੱਚ ਅਜੇ ਬਹੁਤ ਕੁਝ ਕਰਨਾ ਬਾਕੀ ਹੈ, ਅਸੀਂ ਗੱਲ ਕਰ ਰਹੇ ਹਾਂ ਨਰਸਰੀ ਜਮਾਤਾਂ ਦੀ, ਲੋਕ ਕਚਹਿਰੀ ਵਿੱਚ ਤੇ ਖਾਸ ਕਰਕੇ ਸਰਕਾਰੀ ਸਕੂਲੀ ਪ੍ਰਬੰਧ ਵਿਸ਼ਵਾਸ਼ ਬਣਾਉਣਾ ਬਹੁਤ ਜਰੂਰੀ ਹੈ, ਬੱਚਿਆਂ ਦੀ ਸਖਸ਼ੀਅਤ ਨਿਖਾਰਨ ਦੀ ਜਿੰਮੇਵਾਰੀ ਕੌਣ ਲਏਗਾ? ਅਜੇ ਬਹੁਤ ਕੁੱਝ ਕਰਨ ਦੀ ਲੋੜ ਹੈ, ਕਾਹਲੀ ਨਾਂ ਕੀਤੀ ਜਾਵੇ, ਅੱਗਾ ਦੌੜ ਤੇ ਪਿੱਛਾ ਚੌੜ ਵਾਲੀ ਗੱਲ ਹੀ ਨਾ ਬਣਕੇ ਰਹਿ ਜਾਵੇ।  ਸੰਜੀਦਗੀ ਨਾਲ ਵਿਸ਼ਲੇਸ਼ਣ ਕਰਨ ਉਪਰੰਤ ਹੀ ਕੋਈ ਠੋਸ ਫੈਸਲਾ ਲਿਆ ਜਾਵੇ।

Be the first to comment

Leave a Reply