ਪੰਜਾਬੀਆਂ ਦੇ ਵਿਰਸੇ ਦੀ ਵਾਰਿਸ ਹੋ ਨਿਬੜੀ ਨਿਊਆਰਕ ਦੀ ਸ਼ਾਮ ਸੁਰੀਲੀ ਰਿਪੋਰਟ:- ਰਿਆਜ਼

ਇੱਕ ਚੰਗੀ ਪਿਰਤ ਪਾਈ ਗਈ ਹੈ ਪ੍ਰਵਾਸੀ ਪੰਜਾਬੀਆਂ ਦੇ ਵਿਹੜੇ ਗੀਤ ਸੰਗੀਤ ਐਂਟਰਟੇਨਮੈਂਟ ਵਲੋਂ, ਜਿਸ ਵਲੋਂ ਸਮੇਂ ਸਮੇਂ ਵੱਖੋ-ਵੱਖਰੇ ਸ਼ਾਇਰਾਂ ਦੀ ਸ਼ਾਇਰੀ, ਹਾਜ਼ਰ ਸਰੋਤਿਆਂ ਸਾਹਮਣੇ ਅਮਰੀਕਾ ਦੇ ਵੱਖੋ-ਵੱਖਰੇ ਸ਼ਹਿਰਾਂ ਵਿੱਚ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ । ਇਸ ਵੇਰ ਵੀ, ਹਰ ਵੇਰ ਦੀ ਤਰ੍ਹਾਂ ਵੇਲਾ ਸੀ ਸ਼ਾਮ ਦਾ। ਪ੍ਰੋਗਰਾਮ ਸੀ ਸ਼ਾਮ ਸੁਰੀਲੀ। ਸਥਾਨ ਸੀ ਨਿਊਆਰਕ ਦਾ ਮਹਿਰਾਨ ਰੈਸਟੋਰੈਂਟ। ਗਾਇਕ ਸਨ, ਸੂਫੀਆਨਾ ਅੰਦਾਜ਼ ‘ਚ ਗਾਇਕੀ ਗਾਉਣ ਵਾਲਾ ਸੁਖਦੇਵ ਸਾਹਿਲ, ਸਫਲ ਗੀਤਕਾਰ ਅਤੇ ਗਾਇਕ ਐੱਚ. ਐੱਸ. ਭਜਨ, ਜੱਸ ਔਲਖ਼ ਅਤੇ ਹੋਰ ਗਾਇਕ। ਮੰਚ ਸੰਚਾਲਨਾ, ਸ਼ਬਦਾਂ ਦੇ ਪਰਾਗੇ ਪਾਉਣ ਵਾਲੀ ਆਵਾਜ਼ ਆਸ਼ਾ ਸ਼ਰਮਾ ਦੇ ਹੱਥ ਸੀ।
ਪ੍ਰੋਗਰਾਮ ‘ਚ ਸੁਰਾਂ ਗੂੰਜੀਆਂ, ਹਰਮੋਨੀਅਮ, ਤਬਲੇ ਦੀ ਸੰਗਤ ਨਾਲ ਸੁਖਦੇਵ ਸਾਹਿਲ ਨੇ ਸਮਾਂ ਬੰਨ੍ਹ ਦਿੱਤਾ। ਸ਼ਾਹ ਹੁਸੈਨ ਦੇ ਬੋਲ ਜਦੋਂ ਸੁਰਾਂ ‘ਚ ਬੰਨ ਉਸਨੇ ਗਾਏ, “ਹੰਸ ਕਦੇ ਵੀ ਰੋੜ ਨਾ ਚੁਗਦੇ, ਤੇ ਕਾਗ ਨਾ ਦਿਖਦੇ ਬੱਗੇ। ਸ਼ਾਹ ਹੁਸੈਨ ਉਹ ਕਦੇ ਨਾ ਮਰਦੇ, ਜਿਹੜੇ ਮਰਨ ਯਾਰਾਂ ਦੇ ਅੱਗੇ” ਤਾਂ ਇਵੇਂ ਜਾਪਿਆ ਜਿਵੇਂ ਸੁਰ ਤਾਲ, ਇਕ ਹੋਏ ਆਪਣੇ ਮੁਰਸ਼ਦ ਨੂੰ ਮਹਿਫ਼ਲ ‘ਚ ਬੁਲਾ ਰਹੇ ਹੋਣ। ਮਨ ਇਕ ਸੁਰ, ਗੀਤ ਇੱਕ ਸੁਰ, ਸੰਗੀਤ ਇੱਕ ਸੁਰ ਅਤੇ ਮੂੰਹੋ ਬੋਲੇ ਸ਼ਾਇਰਾਂ ਦੇ ਬੋਲ ਇੱਕ ਸੁਰ। ਇੱਕ ਤੋਂ ਬਾਅਦ ਇੱਕ ਉਸਤਾਦ ਸ਼ਾਇਰ ਹਰਜਿੰਦਰ ਕੰਗ, ਸੰਤ ਰਾਮ ਉਦਾਸੀ, ਸੁਲੱਖਣ ਸਰਹੱਦੀ, ਧਨੀ ਰਾਮ ਚਾਤ੍ਰਿਕ ਅਤੇ ਹੋਰ ਨਾਮਵਰ ਸ਼ਾਇਰਾਂ ਦੇ ਕਲਾਮ ਆਸ਼ਾ ਸ਼ਰਮਾ ਅਤੇ ਸਾਹਿਲ ਨੇ ਪੇਸ਼ ਕਰਕੇ ਵਾਹ ਵਾਹ ਖੱਟੀ।
ਉਪਰੰਤ ਗਾਇਕ ਅਤੇ ਗੀਤਕਾਰ ਜੱਸ ਔਲਖ ਦਾ ਲਿਖਿਆ ਗੀਤ “ਮਾਂ ਬੋਲੀ ਦਾ ਦਿੱਤਾ ਸਾਰੇ ਖਾਂਦੇ ਨੇ” ਮਹਿਫਲ ‘ਚ ਗੂੰਜਿਆ ਤਾਂ ਇਵੇਂ ਜਾਪਿਆ ਹਾਜ਼ਰੀਨ ਨਸ਼ਿਆ ਗਏ ਹੋਣ। ਆਪਣੀ ਮਾਖਿਉਂ ਮਿੱਠੀ ਮਾਂ ਬੋਲੀ ਪੰਜਾਬੀ ਦੇ ਦੀਵਾਨੇ ਜਿਵੇਂ ਇਸ ਸਮੇਂ ਝੂਮ ਹੀ ਉਠੇ। ਜੱਸ ਔਲਖ ਜਿਹੜਾ ਉਭਰਦਾ ਗੀਤਕਾਰ ਵੀ ਹੈ ਅਤੇ ਗਾਇਕ ਵੀ ਹੈ ਦੇ ਗਾਏ ਗੀਤਾਂ ਨੇ ਮਹਿਫਲ ‘ਚ ਸਮਾਂ ਬੰਨ ਦਿਤਾ। ਉਸ ਦੇ ਅੱਜ ਦੇ ਗਾਏ ਗੀਤਾਂ ਤੋਂ ਆਸ ਬੱਝੀ ਹੈ ਕਿ ਉਸ ਦੇ ਗਾਏ, ਲਿਖੇ ਗੀਤ ਭਵਿੱਖ ਵਿੱਚ ਵੱਖ-ਵੱਖ ਅਵਾਜ਼ਾਂ ਵਿੱਚ ਸੁਣਨ ਨੂੰ ਮਿਲਣਗੇ।
ਮਹਿਫਲ ‘ਚ ਗਾਇਕ ਐੱਚ.ਐੱਸ. ਭਜਨ ਨੇ ਸ਼ਾਮ ਸੁਰੀਲੀ ‘ਚ ਨਿਵੇਕਲੇ ਰੰਗ ‘ਚ ਰੰਗੇ ਗੀਤ ਪੇਸ਼ ਕੀਤੇ। ਉਹਦੇ ਇਹ ਆਪਣੇ ਲਿਖੇ ਗੀਤ ਸਨ ਜਿਹੜੇ ਲੰਮੇ ਸਮੇਂ ਤੋਂ ਪੰਜਾਬੀਆਂ ਵਿੱਚ ਮਕਬੂਲ ਹਨ ਅਤੇ ਜਿਨ੍ਹਾਂ ਸਦਕਾ ਉਸ ਪੰਜਾਬੀ ਗਾਇਕੀ ਵਿੱਚ ਨਿਵੇਕਲੀ ਥਾਂ ਬਣਾਈ ਹੋਈ ਹੈ। ਤੇ ਜਿਹੜਾ ਸਮਾਜ ਵਿੱਚ ਆਪਣਾ ਵੱਖਰਾ ਰਸੂਖ ਵੀ ਰੱਖਦਾ ਹੈ ਗੀਤ ਗਾਉਂਦਿਆਂ, ਧੁਰ ਅੰਦਰੋਂ ਗੱਲਾਂ ਕਰਦਿਆਂ ਉਸ ਆਪਣੀ ਮਿੱਠੀ ਜ਼ਬਾਨ ਨਾਲ ਹਾਜ਼ਰ ਸਰੋਤਿਆਂ ਦਾ ਦਿਲ ਜਿੱਤ ਲਿਆ ਉਸ ਨੇ ਸਾਜਨ ਰਾਏਕੋਟੀ ਅਤੇ ਅਜ਼ਾਦ ਜਲੰਧਰੀ ਦੇ ਗੀਤ ਵੀ ਗਾਏ।
ਇਸ ਸਮੇਂ ਗਾਇਕਾ ਟੀਨਾ ਮਾਨ ਨੂੰ ਸ਼ਾਮ ਸੁਰੀਲੀ ‘ਚ ਆਸ਼ਾ ਸ਼ਰਮਾ ਨੇ ਜਿਸ ਢੰਗ ਨਾਲ ਪੇਸ਼ ਕੀਤਾ ਉਹ ਬੇਅੰਤ ਪ੍ਰਸ਼ੰਸਾ ਯੋਗ ਸੀ। ਟੀਨਾ ਮਾਨ ਨੇ ਮਹਿਫਲ ਵਿੱਚ ਭਰਪੂਰ ਹਾਜ਼ਰੀ ਲਗਵਾਈ। ਇੱਕ ਸਿਰੇ ਗਾਇਕ ਸੁਖਦੇਵ ਸਾਹਿਲ ਸੀ ਜੱਸ ਔਲਖ ਸੀ, ਐਚ.ਐਸ.ਭਜਨ ਸੀ ਤੇ ਦੂਜੇ ਸਿਰੇ ਰਚਨਾਵਾਂ ਵੱਡੇ-ਸ਼ਾਇਰਾਂ ਅਤੇ ਗੀਤਕਾਰਾਂ ਦੀਆਂ ਸਨ, ਵਿੱਚ ਵਚਾਲੇ ਟੁਨਕਵੇਂ ਬੋਲ ਆਸ਼ਾ ਸ਼ਰਮਾ ਦੇ ਸਨ ਅਤੇ ਮਹਿਫਲ ਉਹਨਾ ਸਰੋਤਿਆਂ ਦੀ ਸੀ, ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਹਨ, ਜਿਹੜੇ ਸੂਫੀਆਨਾ ਤੇ ਸਾਫ ਸੁਥਰੀ ਸ਼ਾਇਰੀ ਦੇ ਦੀਵਾਨੇ ਹਨ।
ਇਸ ਵੇਰ ਦੀ ਨਿਊਆਰਕ ਦੀ ਸ਼ਾਮ ਸੁਰੀਲੀ, ਪੰਜਾਬੀ ਸਭਿਆਚਾਰ ਦੇ ਅਨਮੁੱਲੇ ਗੀਤਾਂ, ਕਵਿਤਾਵਾਂ, ਰਚਨਾਵਾਂ ਦੀ ਸੰਗੀਤਕ ਸ਼ਾਮ ਸੀ, ਜਿਸ ਨੂੰ ਸਰੋਤਿਆਂ ਮਨੋਂ ਮਾਣਿਆ। ਸਾਹ ਰੋਕ ਕੇ ਸੁਣਿਆ। ਗਾਇਕੀ ਸੁਰ, ਸ਼ਾਇਰਾਂ ਦੀ ਸ਼ਾਇਰੀ ਅਤੇ ਸਰੋਤਿਆਂ ਦੀ ਦਿਲੋਂ ਮਨੋਂ ਹਾਜ਼ਰੀ ਇਸ ਵੇਰ ਦੀ ਸ਼ਾਮ ਸੁਰੀਲੀ ਦਾ ਹਾਸਲ ਰਿਹਾ। ਜੋ ਵੀ ਇਸ ਸ਼ਾਮ ‘ਚ ਆਇਆ। ਖੁਸ਼ਬੂ ਭਰੇ ਸ਼ਬਦਾਂ ਦੀਆਂ ਝੋਲੀਆਂ ਭਰਕੇ, ਮਿੱਠੇ ਸੁਰਾਂ ਦੀ ਪੰਡ ਬੰਨ੍ਹ ਕੇ, ਆਪਣੇ ਨਾਲ ਲੈਕੇ ਇਸ ਫਖ਼ਰ ਨਾਲ ਘਰੋ-ਘਰੀ ਤੁਰ ਗਿਆ ਕਿ ਉਹ “ਪੰਜਾਬੀਆਂ ਦੇ, ਪੰਜਾਬ ਦੇ ਵਿਰਸੇ ਦਾ ਵਾਰਿਸ ਹੈ ਅਤੇ ਉਸਨੂੰ ਸੱਚੀਂ-ਮੁੱਚੀਂ ਆਪਣੇ ਸਭਿਆਚਾਰ ਉਤੇ ਮਾਣ ਹੈ, ਜਿਸ ਆਸਰੇ ਉਹ ਜਿਧਰ ਵੀ ਗਿਆ, ਆਪਣੀ ਖੁਸ਼ਬੂ ਵੰਡਦਾ ਤੁਰਿਆ ਗਿਆ। ਸ਼ਾਮ ਸੁਰੀਲੀ ਮਹਿਫਲ ‘ਚ ਪੰਜਾਬੀ ਜੁਬਾਨ ਨੂੰ ਪਿਆਰ ਕਰਨ ਵਾਲੀਆਂ ਮੋਹਮੱਤੀਆਂ ਨਾਮਵਰ ਸਖਸ਼ੀਅਤਾਂ ਹਾਜ਼ਰ ਸਨ।

Be the first to comment

Leave a Reply