ਪੰਜਾਬੀ ਯੂਨੀਵਰਸਿਟੀ 89635 ਅੰਕ ਲੈ ਕੇ ਸਭ ਤੋਂ ਉੱਪਰ

ਪਟਿਆਲਾ : – ਭਾਵੇਂ ਪੰਜਾਬੀ ਯੂਨੀਵਰਸਿਟੀ ਦੇ ਸਪੋਰਟਸ ਵਿਭਾਗ ਨੂੰ ਫੰਡ ਨਾ ਮਿਲਣ ਕਾਰਨ ਇਸ ਵਾਰ ਆਫ ਸੀਜ਼ਨ ਕੈਂਪ ਨਹੀਂ ਲਾਏ ਜਾ ਸਕੇ ਪਰ ਯੂਨੀਵਰਸਿਟੀ ਦੀਆਂ ਟੀਮਾਂ ਇਕ ਵਾਰ ਫਿਰ ਤੋਂ ਕਾਫੀ ਅੱਗੇ ਹਨ। ‘ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ’ (ਮਾਕਾ) 2016-17 ਐਵਾਰਡ ਲਈ ਪੰਜਾਬੀ ਯੂਨੀਵਰਸਿਟੀ ਲੀਡ ਕਰ ਰਹੀ ਹੈ। ਯੂਨੀਵਰਸਿਟੀ ਨੇ ਅਲੱਗ-ਅਲੱਗ ਖੇਡਾਂ ਤੇ ਮੁਕਾਬਲਿਆਂ ਵਿਚ ਜੋ ਪੁਜ਼ੀਸ਼ਨ ਅਤੇ ਮੈਡਲ ਹਾਸਲ ਕੀਤੇ ਹਨ, ਉਨ੍ਹਾਂ ਦੇ ਆਧਾਰ ‘ਤੇ ਆਪਣੇ ਬਣਦੇ ਅੰਕਾਂ ਦੀ ਲਿਸਟ ਬਣਾ ਕੇ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ (ਏ. ਆਈ. ਯੂ.) ਨੂੰ ਭਿਜਵਾ ਦਿੱਤੀ ਹੈ। ਦੇਸ਼ ਦੀਆਂ ਬਾਕੀ ਯੂਨੀਵਰਸਿਟੀਆਂ ਨੇ ਵੀ ਆਪਣੇ ਕੁੱਲ ਅੰਕਾਂ ਦੀ ਲਿਸਟ ਭੇਜ ਦਿੱਤੀ ਹੈ। ਇਨ੍ਹਾਂ ਲਿਸਟਾਂ ਨੂੰ ਦੇਖਣ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ 89635 ਅੰਕ ਲੈ ਕੇ ਸਭ ਤੋਂ ਉੱਪਰ ਚੱਲ ਰਹੀ ਹੈ ਜਦ ਕਿ 23140 ਅੰਕਾਂ ਤੋਂ ਪਿੱਛੇ ਚਲਦੇ ਹੋਏ ਦੂਜਾ ਸਥਾਨ ਇਸ ਵਾਰ ਪੰਜਾਬ ਯੂਨੀਵਰਸਿਟੀ ਦਾ ਹੈ। ਜੀ. ਐੈੱਨ. ਡੀ. ਯੂ. ਅੰਮ੍ਰਿਤਸਰ ਤੀਜੇ ਨੰਬਰ ‘ਤੇ ਹੈ। ਉਥੇ ਇਸ ਵਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੂਜੇ ਸਥਾਨ ‘ਤੇ ਚੱਲ ਰਹੀ ਹੈ। ਕਈ ਸਾਲਾਂ ਤੋਂ ਦੂਜੀ ਪੁਜ਼ੀਸ਼ਨ ‘ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਹੀ ਆਉਂਦੀ ਰਹੀ ਹੈ। ਵਰਨਣਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਨੇ ‘ਮਾਕਾ ਟਰਾਫੀ’ ਲਈ ਇਸ ਵਾਰ ਜਿੰਨੇ ਅੰਕਾਂ ਦਾ ਦਾਅਵਾ ਪੇਸ਼ ਕੀਤਾ ਹੈ, ਇਹ ਪਿਛਲੀ ਵਾਰ ਤੋਂ ਵੀ ਕਾਫੀ ਜ਼ਿਆਦਾ ਹਨ। ਯੂਨੀਵਰਸਿਟੀ ਲਗਾਤਾਰ 10ਵੀਂ ਵਾਰ ਇਸ ਟਰਾਫੀ ਦੀ ਹੱਕਦਾਰ ਬਣ ਰਹੀ ਹੈ। ਅਜੇ ਯੂਨੀਵਰਸਿਟੀਆਂ ਨੇ ਆਪਣੇ ਬਣਦੇ ਅੰਕਾਂ ਦੇ ਆਧਾਰ ‘ਤੇ ਲਿਸਟ ਭੇਜ ਦਿੱਤੀ ਹੈ। ਅੰਕਾਂ ਨੂੰ ਲੈ ਕੇ ਏ. ਆਈ. ਯੂ. ਰੀਵਿਊ ਮੀਟਿੰਗ ਕਰੇਗੀ। ਅਗਲੇ ਮਹੀਨੇ ਹੋਣ ਵਾਲੀ ਮੀਟਿੰਗ ਵਿਚ ਯੂਨੀਵਰਸਿਟੀਆਂ ਦੇ ਨੁਮਾਇੰਦੇ ਆਪਣੀ ਦਾਅਵੇਦਾਰੀ ਪੇਸ਼ ਕਰਨਗੇ। ਇਸ ਦੌਰਾਨ ਜੋ ਵੀ ਬਣਦੇ ਅੰਕ ਯੂਨੀਵਰਸਿਟੀਆਂ ਨੇ ਭੇਜੇ ਹਨ, ਉਨ੍ਹਾਂ ਦਾ ਰੀਵਿਊ ਕਰ ਕੇ ਉਸ ਵਿਚੋਂ ਅੰਕ ਕੱਟੇ ਵੀ ਜਾਣਗੇ। ਫਿਲਹਾਲ ਜੋ ਸਥਿਤੀ ਹੈ, ਉਸ ਦੇ ਆਧਾਰ ‘ਤੇ ਕਿਹਾ ਜਾ ਸਕਦਾ ਹੈ ਕਿ ਇਸ ਵਾਰ ਵੀ ‘ਮਾਕਾ ਟਰਾਫੀ’ ‘ਤੇ ਕਬਜ਼ਾ ਪੰਜਾਬੀ ਯੂਨੀਵਰਸਿਟੀ ਦਾ ਹੀ ਰਹੇਗਾ।
ਦੱਸਣਯੋਗ ਹੈ ਕਿ ਹਰ ਸਾਲ 29 ਅਗਸਤ ਨੂੰ ਹਾਕੀ ਦੇ ਜਾਦੂਗਰ ਧਿਆਨ ਚੰਦ ਦੇ ਜਨਮ-ਦਿਨ ‘ਤੇ ‘ਨੈਸ਼ਨਲ ਸਪੋਰਟਸ ਡੇ’ ਮਨਾਇਆ ਜਾਂਦਾ ਹੈ। ਉਸੇ ਦਿਨ ਰਾਸ਼ਟਰਪਤੀ ‘ਮਾਕਾ ਟਰਾਫੀ’ ਜੇਤੂ ਯੂਨੀਵਰਸਿਟੀ ਨੂੰ ਪ੍ਰਦਾਨ ਕਰਦੇ ਹਨ।
ਯੂਨੀਵਰਸਿਟੀ ਟੀਮਾਂ ਦਾ ਲਗਾਤਾਰ ਪ੍ਰਦਰਸ਼ਨ ਵਧੀਆ ਰਿਹਾ : ਡਾ. ਗੁਰਦੀਪ ਕੌਰ
ਇਸ ਮਾਮਲੇ ਵਿਚ ਆਫੀਸ਼ੀਏਟਿੰਗ ਡਾਇਰੈਕਟਰ ਸਪੋਰਟਸ ਡਾ. ਗੁਰਦੀਪ ਕੌਰ ਨੇ ਕਿਹਾ ਕਿ ਯੂਨੀਵਰਸਿਟੀ ਟੀਮਾਂ ਦਾ ਪ੍ਰਦਰਸ਼ਨ ਪੂਰਾ ਸਾਲ ਵਧੀਆ ਰਿਹਾ ਹੈ। ਆਲ ਇੰਡੀਆ ਇੰਟਰਵਰਸਿਟੀ ਮੁਕਾਬਲਿਆਂ ਵਿਚ ਹੀ ਸਭ ਤੋਂ ਵੱਧ ਅੰਕ ਪੰਜਾਬੀ ਯੂਨੀਵਰਸਿਟੀ ਦੇ ਆਏ ਹਨ। ਸਾਡੀ ਯੂਨੀਵਰਸਿਟੀ ਦੀ ਦਾਅਵੇਦਾਰੀ ਕਾਫੀ ਮਜ਼ਬੂਤ ਹੈ। ਜੇਕਰ ਰੀਵਿਊ ਹੁੰਦਾ ਹੈ ਤਾਂ ਵੀ ਲੀਡ ਕਾਫੀ ਜ਼ਿਆਦਾ ਹੈ। ਜਦੋਂ ਅੰਕ ਕੱਟਣਗੇ ਤਾਂ ਕੁੱਝ ਅੰਕਾਂ ਦਾ ਹੀ ਫਰਕ ਪਏਗਾ। ਅਜਿਹੇ ਵਿਚ ਯੂਨੀਵਰਸਿਟੀ ਫਿਰ ਵੀ ਕਾਫੀ ਅੱਗੇ ਰਹੇਗੀ।
ਯੂਨੀਵਰਸਿਟੀ    ਕਿੰਨੇ ਅੰਕ
* ਪੰਜਾਬੀ ਯੂਨੀਵਰਸਿਟੀ ਪਟਿਆਲਾ  89635
* ਪੰਜਾਬ ਯੂਨੀਵਰਸਿਟੀ ਚੰਡੀਗੜ੍ਹ  66495
* ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ  50640
* ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ  25725
* ਯੂਨੀਵਰਸਿਟੀ ਆਫ ਕਾਲੀਕੱਟ  6000
* ਯੂਨੀਵਰਸਿਟੀ ਆਫ ਕਲਕੱਤਾ  3575

Be the first to comment

Leave a Reply