ਪੰਜਾਬੀ ’ਵਰਸਿਟੀ ਦੇ ਸਥਾਪਨਾ ਦਿਵਸ ’ਤੇ ਨਹੀਂ ਹੋਈ ਸਰਬ ਭਾਰਤੀ ਕਾਨਫ਼ਰੰਸ

ਪਟਿਆਲਾ  – ਪੰਜਾਬੀ ਯੂਨੀਵਰਸਿਟੀ ਦੇ ਸਥਾਪਨਾ ਦਿਵਸ ’ਤੇ ਪਿਛਲੇ 9 ਸਾਲਾਂ ਤੋਂ ਹਰ ਸਾਲ ਹੋ ਰਹੀ ਸਰਬ ਭਾਰਤੀ ਪੰਜਾਬੀ ਕਾਨਫ਼ਰੰਸ ਇਸ ਵਾਰ ਨਹੀਂ ਹੋਈ। ਇਸ ਕਰਕੇ ਸਮੂਤ ਪੰਜਾਬੀ ਨਿਰਾਸ਼ ਹਨ। ਪ੍ਰਬੰਧਕਾਂ ਨੇ ਕਾਨਫਰੰਸ ਨਾ ਕਰਵਾਉਣ ਦਾ ਕਾਰਨ ਸਰਕਾਰ ਬਦਲਣਾ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਨਵੇਂ ਵਾਈਸ ਚਾਂਸਲਰ ਨੂੰ ਮਿਲ ਕੇ ਇਸ ਕਾਨਫ਼ਰੰਸ ਨੂੰ ਅਗਸਤ ਜਾਂ ਫਿਰ ਸਤੰਬਰ ਵਿੱਚ ਕਰਾਉਣ ਬਾਰੇ ਕਿਹਾ ਜਾਵੇਗਾ।
ਵੇਰਵਿਆਂ ਅਨੁਸਾਰ ਪਿਛਲੇ 9 ਸਾਲਾਂ ਤੋਂ ਹਰ ਸਾਲ 30 ਅਪਰੈਲ ਨੂੰ ਪੰਜਾਬੀ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਮੌਕੇ ਇਹ ਕਾਨਫ਼ਰੰਸ ਕੀਤੀ ਜਾਂਦੀ ਰਹੀ ਹੈ। ਇਸ ਵਿੱਚ ਸਾਰੀ ਯੂਨੀਵਰਸਿਟੀ ਦੇ ਅਧਿਆਪਕ, ਕਰਮਚਾਰੀ ਤੇ ਅਧਿਕਾਰੀ ਤਾਂ ਆਪਣਾ ਯੋਗਦਾਨ ਪਾਉਂਦੇ ਹੀ ਸਨ ਨਾਲ ਹੀ ਭਾਰਤ ਦੇ ਹਰ ਰਾਜ ਵਿੱਚੋਂ ਡੈਲੀਗੇਟ ਆਉਂਦੇ ਸਨ ਜੋ ਆਪੋ ਆਪਣੇ ਸੂਬੇ ਵਿੱਚ ਪੰਜਾਬੀਆਂ ਦੇ ਵਿਕਸਤ ਹੋਣ ਬਾਰੇ ਦੱਸਦੇ ਸਨ ਅਤੇ ਸੱਭਿਆਚਾਰ ਦਾ ਅਦਾਨ ਪ੍ਰਦਾਨ ਕਰਦੇ ਸਨ।
ਵੇਰਵਿਆਂ ਅਨੁਸਾਰ ਸਰਬ ਭਾਰਤੀ ਕਾਨਫ਼ਰੰਸ ਪੰਜਾਬੀ ਯੂਨੀਵਰਸਿਟੀ ਵਿੱਚ ਹੋਣ ਨਾਲ ਇਹ ਕਾਨਫ਼ਰੰਸ ਹੋਰ ਸੂਬਿਆਂ ਵਿੱਚ ਵੀ ਹੋਣ ਲੱਗ ਪਈ ਸੀ। ਇਸੇ ਤਹਿਤ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪਹਿਲਾਂ ਕਲਕੱਤਾ ਵਿੱਚ ਗੁਰੂ ਨਾਨਕ ਭਵਨ ਬਣਾਉਣ ਦੀ ਗੱਲ ਤੋਰੀ, ਫੇਰ ਪੰਜਾਬੀ ਅਕਾਦਮੀ ਬਣਾਉਣ ਲਈ ਫ਼ੰਡ ਜਾਰੀ ਕੀਤੇ। ਇਸੇ ਤਰ੍ਹਾਂ ਉੱਤਰਾਖੰਡ ਸਰਕਾਰ ਨੇ ਵੀ ਆਪਣੇ ਸੂਬੇ ਵਿੱਚ ਪੰਜਾਬੀ ਅਕਾਦਮੀ ਬਣਾਉਣ ਦਾ ਫ਼ੈਸਲਾ ਕੀਤਾ। ਪੰਜਾਬੀ ਯੂਨੀਵਰਸਿਟੀ ਵਿੱਚ ਹੋਣ ਵਾਲੀ ਸਰਬ ਭਾਰਤੀ ਕਾਨਫ਼ਰੰਸ ਵਿੱਚ ਹਰ ਵਾਰ 5 ਤੋਂ 8 ਵੱਡੇ ਵਿਦਵਾਨਾਂ ਜਾਂ ਕਿਸੇ ਅਹਿਮ ਖੇਤਰ ਵਿਚ ਨਾਮਣਾ ਖੱਟਣ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਸੀ ਤੇ ਹਰ ਕਾਨਫ਼ਰੰਸ ਵਿੱਚ ਮੁੱਖ ਮੰਤਰੀ ਜਾਂ ਉਨ੍ਹਾਂ ਵੱਲੋਂ ਭੇਜਿਆ ਨੁਮਾਇੰਦਾ ਆਉਂਦਾ ਸੀ।

Be the first to comment

Leave a Reply