ਪੰਜਾਬ ਕਾਂਗਰਸ ਵਲੋ ਸ਼ਹੀਦੀ ਜੋੜ ਮੇਲੇ ‘ਤੇ ਕਾਨਫਰੰਸ ਨਾ ਕਰਨ ਦਾ ਲਿਆ ਗਿਆ ਫੈਸਲਾ

ਜਲੰਧਰ – ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ ਤੇ ਸ਼ਹੀਦੀ ਜੋੜ ਮੇਲ ਦੀ ਪਵਿੱਤਰਤਾ ਤੇ ਮਰਿਆਦਾ ਨੂੰ ਬਣਾਈ ਰੱਖਣ ਦੇ ਉਦੇਸ਼ ਨਾਲ ਪੰਜਾਬ ਕਾਂਗਰਸ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਉਹ ਇਸ ਵਾਰ ਫਤਿਹਗੜ੍ਹ ਸਾਹਿਬ ਵਿਚ ਸ਼ਹੀਦੀ ਜੋੜ ਮੇਲ ‘ਤੇ ਕਾਨਫਰੰਸ ਦਾ ਆਯੋਜਨ ਨਹੀਂ ਕਰੇਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਇਸ ਸਬੰਧ ਵਿਚ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨਾਲ ਬੈਠਕ ਕੀਤੀ ਗਈ, ਜਿਸ ਵਿਚ ਸ਼ਹੀਦੀ ਜੋੜ ਮੇਲ ‘ਤੇ ਕਾਨਫਰੰਸ ਨਾ ਕਰਨ ਦਾ ਫੈਸਲਾ ਲਿਆ ਗਿਆ। ਕਾਂਗਰਸ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਇਹ ਸੋਚ ਹੈ ਕਿ ਦਸਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਇਕ ਪਵਿੱਤਰ ਦਿਨ ਹੈ ਤੇ ਇਸ ਮੌਕੇ ਕਿਸੇ ਵੀ ਰਾਜਨੀਤਕ ਦਲ ਨੂੰ ਸਿਆਸੀ ਲਾਭ ਲੈਣ ਲਈ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਭੂਮੀ ਦਾ ਰਾਜਨੀਤਕ ਕਾਨਫਰੰਸਾਂ ਲਈ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਹ ਦਿਨ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦਾ ਹੈ ਪਰ ਪੰਜਾਬ ਦੇ ਲੋਕ ਇਹ ਸਮਝਦੇ ਰਹੇ ਹਨ ਕਿ ਸ਼ਹੀਦੀ ਜੋੜ ਮੇਲ ਹੁਣ ਸਿਆਸੀ ਕਾਨਫਰੰਸਾਂ ਦਾ ਮੰਚ ਬਣ ਕੇ ਰਹਿ ਗਿਆ ਹੈ।

Be the first to comment

Leave a Reply