ਪੰਜਾਬ ਕਾਂਗਰਸ ਸਰਕਾਰ ਪੰਚਾਇਤੀ ਚੋਣਾਂ ਨੂੰ ਸਮੇਂ ਤੋਂ ਪਹਿਲਾਂ ਅਤੇ ਇਕੱਠੀਆਂ ਕਰਵਾਉਣ ਦਾ ਮਨ ਬਣਾਇਆਂ

ਪਟਿਆਲਾ/ਰੱਖੜਾ  – ਪੰਜਾਬ ਕਾਂਗਰਸ ਸਰਕਾਰ ਨਗਰ ਨਿਗਮ ਤੇ ਨਗਰ ਪੰਚਾਇਤ ਦੀਆਂ ਚੋਣਾਂ ਵਿਚ ਹੂੰਝਾਫੇਰ ਜਿੱਤ ਤੋਂ ਬਾਅਦ ਹੁਣ ਸੂਬੇ ਭਰ ‘ਚ ਜ਼ਿਲਾ ਪ੍ਰੀਸ਼ਦ, ਬਲਾਕ ਸੰਮਤੀ ਤੇ ਪੰਚਾਇਤੀ ਚੋਣਾਂ ਨੂੰ ਸਮੇਂ ਤੋਂ ਪਹਿਲਾਂ ਅਤੇ ਇਕੱਠੀਆਂ ਕਰਵਾਉਣ ਦਾ ਮਨ ਬਣਾ ਰਹੀ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸੂਬੇ ਅੰਦਰ ਵਿਕਾਸ ਦੀ ਲਹਿਰ ਨੂੰ ਤੇਜ਼ ਕਰਨ ਲਈ ਪੰਜਾਬ ਅੰਦਰਲੀਆਂ ਸਮੁੱਚੀਆਂ ਲੋਕ-ਰਾਜੀ ਸੰਸਥਾਵਾਂ ਨੂੰ ਇਕ ਝੰਡੇ ਹੇਠ ਲਾਮਬੰਦ ਕਰ ਕੇ ਪੰਜਾਬ ਨੂੰ ਨੰਬਰ ਇਕ ਸੂਬਾ ਬਣਾਉਣ ਦੀ ਕਵਾਇਦ ਅਮਲ ਵਿਚ ਲਿਆਂਦੀ ਜਾ ਸਕਦੀ ਹੈ। ਭਾਵੇਂ ਕੇਂਦਰ ਸਰਕਾਰ ਨੇ ਜੀ. ਐੱਸ. ਟੀ. ਦਾ ਬਣਦਾ ਹਿੱਸਾ ਜਾਰੀ ਕਰ ਦਿੱਤਾ ਹੈ ਪਰ ਹਾਲੇ ਵੀ ਸੂਬਾ ਸਰਕਾਰ ਕੇਂਦਰ ਤੋਂ ਵਿਸ਼ੇਸ਼ ਫੰਡਾਂ ਦੀ ਮੰਗ ਕਰ ਰਹੀ ਹੈ ਤਾਂ ਜੋ ਪਛੜ ਚੁੱਕੇ ਪੰਜਾਬ ਨੂੰ ਮੁੜ ਲੀਹਾਂ ‘ਤੇ ਲਿਆਂਦਾ ਜਾ ਸਕੇ।
ਜ਼ਿਕਰਯੋਗ ਹੈ ਕਿ ਸੂਬੇ ਅੰਦਰ 22 ਜ਼ਿਲਾ ਪ੍ਰੀਸ਼ਦਾਂ, 148 ਬਲਾਕ ਸੰਮਤੀਆਂ ਤੇ 13028 ਗ੍ਰਾਮ ਪੰਚਾਇਤਾਂ ਦੀ ਟਰਮ ਜੂਨ-ਜੁਲਾਈ ਵਿਚ ਖਤਮ ਹੋਣ ਜਾ ਰਹੀ ਹੈ। ਸੂਬਾ ਸਰਕਾਰ ਵੱਲੋਂ ਸਮੇਂ ਤੋਂ ਪਹਿਲਾਂ ਹੀ ਇਹ ਸਾਰੀਆਂ ਚੋਣਾਂ ਕਰਵਾਉਣ ਦੀਆਂ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਹਨ। 2019 ਵਿਚ ਲੋਕ ਸਭਾ ਦੀਆਂ ਚੋਣਾਂ ਸਿਰ ‘ਤੇ ਹਨ। ਇਸ ਲਈ ਸਰਕਾਰ ਹਰ ਪਿੰਡ, ਕਸਬੇ ਅਤੇ ਸ਼ਹਿਰ ਵਿਚ ਵਿਕਾਸ ਕਾਰਜ ਕਰਵਾ ਕੇ ਲੋਕਾਂ ਦਾ ਦਿਲ ਜਿੱਤ ਕੇ ਲੋਕ ਸਭਾ ਦੀਆਂ ਚੋਣਾਂ ਦਾ ਰਾਹ ਪੱਧਰਾ ਕਰਨ ਦੇ ਮੂਡ ‘ਚ ਹੈ। ਇਹ ਵੀ ਪਤਾ ਲੱਗਾ ਹੈ ਕਿ ਗੁਜਰਾਤ ਵਿਚ ਵੋਟ ਬੈਂਕ ‘ਚ ਹੋਏ ਵਾਧੇ ਨੂੰ ਲੈ ਕੇ ਪਾਰਟੀ ਆਗੂ ਸਰਗਰਮ ਹਨ। ਹਰ ਸੂਬੇ ਵਿਚ ਮੁੜ ਤੋਂ ਪਾਰਟੀ ਨੂੰ ਸੰਸਥਾਗਤ ਤੌਰ ‘ਤੇ ਮਜ਼ਬੂਤ ਬਣਾਉਣ ਲਈ ਚਾਰਾਜੋਈ ਸ਼ੁਰੂ ਹੋ ਚੁੱਕੀ ਹੈ। ਜੇਕਰ ਜੂਨ-ਜੁਲਾਈ ਵਿਚ ਇਨ੍ਹਾਂ ਚੁਣੀਆਂ ਸੰਸਥਾਵਾਂ ਦੀ ਟਰਮ ਖਤਮ ਹੁੰਦੀ ਹੈ ਤਾਂ 6 ਮਹੀਨੇ ਪਹਿਲਾਂ ਚੋਣਾਂ ਕਰਵਾਉਣ ਦਾ ਬਿਗੁਲ ਵੱਜਣਾ ਸੁਭਾਵਿਕ ਹੈ। ਇਸ ਤੋਂ ਇਲਾਵਾ ਨਵੇਂ ਬਲਾਕ ਬਣਾ ਕੇ ਸੂਬਾ ਸਰਕਾਰ ਆਪਣੇ ਚਹੇਤਿਆਂ ਨੂੰ ਚੇਅਰਮੈਨੀਆਂ ਵੰਡ ਸਕਦੀ ਹੈ।

Be the first to comment

Leave a Reply