ਪੰਜਾਬ, ਕੇਰਲ, ਤਾਮਿਲਨਾਡੂ ਅਤੇ ਕੁਝ ਹੋਰ ਸੂਬਿਆਂ ਤੋਂ ਕੰਮ ਕਰਨ ਲਈ ਸਾਊਦੀ ਅਰਬ ‘ਚ ਗਈਆਂ ਭਾਰਤੀ ਕੁੜੀਆਂ ਨੂੰ ਬਣਾਇਆ ਬੰਧਕ

ਜਲੰਧਰ :- ਪੰਜਾਬ, ਕੇਰਲ, ਤਾਮਿਲਨਾਡੂ ਅਤੇ ਕੁਝ ਹੋਰ ਸੂਬਿਆਂ ਤੋਂ  ਕੰਮ ਕਰਨ ਲਈ ਸਾਊਦੀ ਅਰਬ ‘ਚ ਗਈਆਂ ਭਾਰਤੀ ਕੁੜੀਆਂ ਨੂੰ ਬੰਧਕ ਬਣਾਏ ਜਾਣ ਦੀਆਂ ਸੂਚਨਾਵਾਂ ਮਿਲੀਆਂ ਹਨ। ਪੰਜਾਬ ਦੇ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲਿਆਂ ਨਾਲ ਸੰਬੰਧਤ 2 ਕੁੜੀਆਂ ਨੇ ਉਥੇ ਪੰਜਾਬੀ ਨੌਜਵਾਨਾਂ ਨੂੰ ਦੱਸਿਆ ਹੈ ਕਿ ਉਨ੍ਹਾਂ ਨੂੰ ਟਾਰਚਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਉਨ੍ਹਾਂ ਦੀ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ ਹੈ, ਇਸ ਲਈ ਉਹ ਵਾਪਸ ਪੰਜਾਬ ਆਉਣਾ ਚਾਹੁੰਦੀਆਂ ਹਨ। ਇਹ ਕੁੜੀਆਂ ਸਾਊਦੀ ਅਰਬ ‘ਚ ਰੋਜ਼ਗਾਰ ਦੇ ਉਦੇਸ਼ ਨਾਲ ਗਈਆਂ ਸਨ।
ਸਾਊਦੀ ਅਰਬ ਤੋਂ ਕੁਝ ਪੰਜਾਬੀ ਨੌਜਵਾਨਾਂ ਨੇ ਭਾਰਤ ਸਰਕਾਰ ਨੂੰ ਕਿਹਾ ਕਿ ਉਹ ਇਸ ਸੰਬੰਧ ‘ਚ ਸਾਊਦੀ ਅਰਬ ਸਰਕਾਰ ਨਾਲ ਗੱਲਬਾਤ ਕਰ ਕੇ ਪੰਜਾਬੀ ਅਤੇ ਹੋਰ ਸੂਬਿਆਂ ਦੀਆਂ ਕੁੜੀਆਂ ਨੂੰ ਰਿਹਾਅ ਕਰਵਾਉਣ। ਉਨ੍ਹਾਂ ਦੀ ਸਥਿਤੀ ਬੰਧਕਾਂ ਵਰਗੀ ਬਣੀ ਹੋਈ ਹੈ। ਉਨ੍ਹਾਂ ਦੇ ਪਾਸਪੋਰਟ ਵੀ ਸ਼ੇਖ ਲੋਕਾਂ ਨੇ ਆਪਣੇ ਕੋਲ ਰੱਖੇ ਹੋਏ ਹਨ। ਉਨ੍ਹਾਂ ਕਿਹਾ ਕਿ ਟ੍ਰੈਵਲ ਏਜੰਟ ਪੰਜਾਬੀ ਕੁੜੀਆਂ ਨੂੰ ਰੋਜ਼ਗਾਰ ਦਿਵਾਉਣ ਦੇ ਬਹਾਨੇ ਸਾਊਦੀ ਅਰਬ ਭੇਜ ਤਾਂ ਦਿੰਦੇ ਹਨ ਪਰ ਉਥੇ ਜਾ ਕੇ ਉਨ੍ਹਾਂ ਨੂੰ ਲੋਕਾਂ ਦੇ ਘਰਾਂ ‘ਚ ਕੰਮ ਕਰਨਾ ਪੈ ਰਿਹਾ ਹੈ।
ਇਹ ਵੀ ਦੱਸਿਆ ਗਿਆ ਹੈ ਕਿ ਰਾਤ ਦੇ ਸਮੇਂ ਕੁੜੀਆਂ ਨੂੰ ਕਮਰਿਆਂ ‘ਚ ਬੰਦ ਕਰ ਦਿੱਤਾ ਜਾਂਦਾ ਹੈ। ਕੁਝ ਕੁੜੀਆਂ ਤਾਂ ਸ਼ੇਖਾਂ ਦੇ ਘਰ ‘ਚ ਖਾਣਾ ਬਣਾਉਣ ਦਾ ਕੰਮ ਕਰਦੀਆਂ ਹਨ। ਕਈ ਮਹੀਨਿਆਂ ਤੋਂ ਉਨ੍ਹਾਂ ਨੂੰ ਮਾਸਿਕ ਤਨਖਾਹ ਵੀ ਨਹੀਂ ਦਿੱਤੀ ਗਈ ਹੈ।
ਪੰਜਾਬੀ ਨੌਜਵਾਨਾਂ ਨੇ ਕਿਹਾ ਕਿ ਪੰਜਾਬ ਤੋਂ ਲੋਕਾਂ ਨੂੰ ਸਾਊਦੀ ਅਰਬ ਆਉਣ ਦੀ ਲੋੜ ਨਹੀਂ ਹੈ ਕਿਉਂਕਿ ਇਥੇ ਹੁਣ ਰੋਜ਼ਗਾਰ ਦੇ ਮੌਕੇ ਵੀ ਬਹੁਤ ਘੱਟ ਰਹਿ ਗਏ ਹਨ। ਕਈ ਕੰਪਨੀਆਂ ਬੰਦ ਹੋ ਗਈਆਂ ਹਨ ਜਾਂ ਬੰਦ ਹੋਣ ਦੀ ਕੰਢੇ ਪਹੁੰਚੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕੁਝ ਕੁੜੀਆਂ ਨੇ ਤਾਂ ਉਨ੍ਹਾਂ ਨੂੰ ਮਾਰ-ਕੁੱਟ ਦੇ ਨਿਸ਼ਾਨ ਵੀ ਦਿਖਾਏ ਹਨ ਕਿਉਂਕਿ ਜਦੋਂ ਉਹ ਘਰ ਜਾਣ ਦੀ ਗੱਲ ਕਰਦੀਆਂ ਹਨ ਤਾਂ ਉਨ੍ਹਾਂ ਨਾਲ ਮਾੜਾ ਵਿਵਹਾਰ ਕੀਤਾ ਜਾਂਦਾ ਹੈ। ਇਨ੍ਹਾਂ ਕੁੜੀਆਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਸ ਮਾਮਲੇ ‘ਚ ਦਖਲ ਦੇਣ ਦੀ ਮੰਗ ਕੀਤੀ ਹੈ ਤਾਂ ਕਿ ਭਾਰਤੀ ਕੁੜੀਆਂ ਨੂੰ ਆਪਣੇ ਦੇਸ਼ ਵਾਪਸ ਲਿਆਉਣ ‘ਚ ਮਦਦ ਮਿਲ ਸਕੇ।

Be the first to comment

Leave a Reply