ਪੰਜਾਬ ਤੇ ਚੰਡੀਗੜ੍ਹ ਦੀਆਂ ਹੱਦਾਂ ਸੀਲ !

ਚੰਡੀਗੜ੍ਹ : ਡੇਰਾ ਸੱਚਾ ਸੌਦਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਖ਼ਿਲਾਫ਼ ਸੀਬੀਆਈ ਦੀ ਅਦਾਲਤ ਵਿਚ ਚੱਲ ਰਹੇ ਕੇਸ ਨੂੰ ਲੈ ਕੇ ਅਦਾਲਤ ਨੇ 25 ਅਗਸਤ ਨੂੰ ਫੈਸਲਾ ਸੁਣਾਉਣਾ ਹੈ। ਅਦਾਲਤ ਦੇ ਫ਼ੈਸਲੇ ਨੂੰ ਲੈ ਕੇ ਡੇਰਾ ਸਮੱਰਥਕਾਂ ਵੱਲੋਂ ਸੰਭਾਵਿਤ ਵਿਰੋਧ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਪੁਲਿਸ ਨੇ ਪਹਿਲਾਂ ਤੋਂ ਹੀ ਚੌਕਸ ਕਰਨਾ ਸ਼ੁਰੂ ਕਰ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਭੇਜੀਆਂ ਗਈਆਂ ਵਾਧੂ ਸੁਰੱਖਿਆ ਬਲਾਂ ਦੀਆਂ 256 ਕੰਪਨੀਆਂ ਦੀ ਤਾਇਨਾਤੀ ਵੀ ਪੰਜਾਬ ਪੁਲਿਸ ਨੇ ਸੰਵੇਦਨਸ਼ੀਲ ਜ਼ਿਲਿਆਂ ਵਿਚ ਕਰ ਦਿੱਤੀ ਹੈ ਨਾਲ ਹੀ ਪੁਲਿਸ ਨੇ ਪੰਜਾਬ ਤੇ ਚੰਡੀਗੜ੍ਹ ਦੀਆਂ ਹੱਦਾਂ ਨੂੰ ਸੀਲ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਮੰਗਲਵਾਰ ਸਵੇਰ ਤੋਂ ਹੀ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਨੇ ਪੰਜਾਬ ਤੇ ਚੰਡੀਗੜ੍ਹ ‘ਚ ਦਾਖ਼ਲ ਹੋਣ ਵਾਲੇ ਵਾਹਨਾਂ ਦੀ ਚੈਕਿੰਗ ਲਈ ਬੈਰੀਕੇਟਿੰਗ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਬੈਰੀਕੇਟਿੰਗ ‘ਤੇ ਵੱਡੀ ਗਿਣਤੀ ਵਿਚ ਪੁਲਿਸ ਬਲਾਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ। ਨਾਲ ਹੀ ਟੈਂਟ ਲਗਾ ਕੇ ਅਸਥਾਈ ਤੌਰ ‘ਤੇ 24 ਘੰਟੇ ਦੀ ਸੁਰੱਖਿਆ ਦਾ ਬੰਦੋਬਸਤ ਪੰਜਾਬ ਪੁਲਿਸ ਨੇ ਸ਼ੁਰੂ ਕਰ ਦਿੱਤਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਡੇਰਾ ਸਮੱਰਥਕ ਹਜ਼ਾਰਾਂ ਦੀ ਗਿਣਤੀ ਵਿਚ ਪੰਚਕੂਲਾ ਪਹੁੰਚਣਗੇ। ਮਾਮਲੇ ਨੂੰ ਲੈ ਕੇ ਡੇਰੇ ਨਾਲ ਜੁੜੇ ਹੋਰ ਸਥਾਨਾਂ ‘ਤੇ ਬੀਤੇ ਹਫਤੇ ਤੋਂ ਬੈਠਕਾਂ ਦਾ ਸਿਲਸਿਲਾ ਜਾਰੀ ਹੈ।

ਡੇਰੇ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਹਜ਼ਾਰਾਂ ਦੀ ਗਿਣਤੀ ਵਿਚ ਡੇਰਾ ਸਮੱਰਥਕ 25 ਅਗਸਤ ਨੂੰ ਪੰਚਕੂਲਾ ਤੇ ਚੰਡੀਗੜ੍ਹ ਪਹੁੰਚਣ ਦੀ ਤਿਆਰੀ ਕਰ ਰਹੇ ਹਨ, ਜਿਸ ਤਹਿਤ ਜੇ ਡੇਰਾ ਮੁਖੀ ਖ਼ਿਲਾਫ਼ ਫ਼ੈਸਲਾ ਆਉਂਦਾ ਹੈ ਤਾਂ ਉਹ ਉਨ੍ਹਾਂ ਦਾ ਸਾਥ ਦੇਣ ਲਈ ਖੁਦ ਨੂੰ ਵੀ ਦਾਅ ‘ਤੇ ਲਗਾ ਸਕਣ। ਡੀਜੀਪੀ ਸੁਰੇਸ਼ ਅਰੋੜਾ ਦੇ ਦਫਤਰ ਤੋਂ ਸਾਰੇ ਜ਼ਿਲਿ੍ਹਆਂ ਦੇ ਐੱਸਐੱਸਪੀਜ਼ ਤੇ ਪੁਲਿਸ ਕਮਿਸ਼ਨਰਾਂ ਨੂੰ ਹਰ ਹਾਲ ‘ਚ ਕਾਨੂੰਨ ਤੇ ਸ਼ਾਂਤੀ ਬਣਾਈ ਰੱਖਣ ਲਈ ਆਦੇਸ਼ ਦਿੱਤੇ ਗਏ ਹਨ।

ਓਧਰ ਪੰਜਾਬ ਪੁਲਿਸ ਨੇ ਗ੍ਰਹਿ ਮੰਤਰਾਲੇ ਤੋਂ ਵਾਧੂ ਸੁਰੱਖਿਆ ਬਲਾਂ ਦੀਆਂ ਹੋਰ ਕੰਪਨੀਆਂ ਦੇਣ ਦੀ ਮੰਗ ਕੀਤੀ ਹੈ। ਗ੍ਰਹਿ ਮੰਤਰਾਲੇ ਨੇ ਭਰੋਸਾ ਦਿੱਤਾ ਹੈ ਕਿ ਲੋੜ ਪੈਣ ‘ਤੇ ਹੋਰ ਕੰਪਨੀਆਂ ਭੇਜ ਦਿੱਤੀਆਂ ਜਾਣਗੀਆਂ।

Be the first to comment

Leave a Reply