ਪੰਜਾਬ ਦੇ ਕਿਸਾਨ ਵਰਗ ਨੂੰ ਆਰਥਿਕਤਾ ਮਜ਼ਬੂਤ ਕਰਨ ਲਈ ਸਹਾਇਕ ਧੰਦੇ ਵਜੋਂ ਪਸ਼ੂ ਪਾਲਣ ਦਾ ਕਿੱਤਾ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ

ਮੋਗਾ – ਪੰਜਾਬ ਸਰਕਾਰ ਵੱਲੋਂ ਜਿਥੇ ਸਮੇਂ-ਸਮੇਂ ‘ਤੇ ਪੰਜਾਬ ਦੇ ਕਿਸਾਨ ਵਰਗ ਨੂੰ ਆਰਥਿਕਤਾ ਮਜ਼ਬੂਤ ਕਰਨ ਲਈ ਸਹਾਇਕ ਧੰਦੇ ਵਜੋਂ ਪਸ਼ੂ ਪਾਲਣ ਦਾ ਕਿੱਤਾ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉਥੇ ਜ਼ਿਲੇ ਭਰ ਦੇ ਸਰਕਾਰੀ ਪਸ਼ੂ ਹਸਪਤਾਲਾਂ ਅਤੇ ਡਿਸਪੈਂਸਰੀਆਂ ‘ਚ ਡਾਕਟਰਾਂ ਦੀ ਘਾਟ ਹੋਣ ਕਾਰਨ ਲੋਕਾਂ ਨੂੰ ਪਸ਼ੂਆਂ ਦੇ ਇਲਾਜ ਲਈ ਸਹੀ ਸੇਵਾਵਾਂ ਨਹੀਂ ਮਿਲ ਰਹੀਆਂ ਹਨ, ਜਿਸ ਕਰਕੇ ਬਹੁਤੇ ਪਿੰਡਾਂ ਦੇ ਪਸ਼ੂ ਪਾਲਕਾਂ ਨੂੰ ਡਾਕਟਰਾਂ ਦੀ ਘਾਟ ਕਾਰਨ ਪ੍ਰਾਈਵੇਟ ਡਾਕਟਰਾਂ ਕੋਲੋਂ ਮਹਿੰਗੇ ਭਾਅ ‘ਤੇ ਪਸ਼ੂਆਂ ਦਾ ਇਲਾਜ ਮਜਬੂਰੀਵੱਸ ਕਰਵਾਉਣਾ ਪੈ ਰਿਹਾ ਹੈ। ਇਸ ਤਰ੍ਹਾਂ ਦੀ ਬਣੀ ਸਥਿਤੀ ਕਾਰਨ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂਆਂ ਦੇ ਇਲਾਜ ਵੇਲੇ ਵੱਡੇ ਪੱਧਰ ‘ਤੇ ਆਰਥਿਕ ‘ਰਗੜਾ’ ਲੱਗਦਾ ਹੈ। ਜਾਣਕਾਰੀ ਅਨੁਸਾਰ ਜ਼ਿਲੇ ਭਰ ‘ਚ ਇਕ ਸਿਵਲ ਵੈਟਰਨਰੀ ਹਸਪਤਾਲ ਸਮੇਤ ਕੁਲ 54 ਪਸ਼ੂਆਂ ਦੇ ਹਸਪਤਾਲ ਹਨ, ਜਿਨ੍ਹਾਂ ‘ਚ 54 ਡਾਕਟਰਾਂ ਦੀਆਂ ਪੋਸਟਾਂ ਹਨ, ਜਿਨ੍ਹਾਂ ‘ਚੋਂ 27 ਪੋਸਟਾਂ ਖਾਲੀ ਹਨ। ਇਸ ਦੇ ਨਾਲ ਪੌਲੀਨਿਕ ਕਲੀਨਿਕ ਗਿੱਲ ਵਿਖੇ ਡਾਕਟਰਾਂ ਦੀਆਂ ਤਿੰਨ ਪੋਸਟਾਂ ਜ਼ਰੂਰ ਭਰੀਆਂ ਹਨ। ਜ਼ਿਲੇ ਭਰ ‘ਚ ਪਸ਼ੂਆਂ ਦੇ ਇਲਾਜ ਲਈ 77 ਡਿਸਪੈਂਸਰੀਆਂ ਹਨ, ਜਿਨ੍ਹਾਂ ‘ਚ ਕੁਲ ਮਨਜ਼ੂਰਸ਼ੁਦਾ 95 ਇੰਸਪੈਕਟਰਾਂ ਦੀਆਂ ਪੋਸਟਾਂ ਹਨ, ਜਿਨ੍ਹਾਂ ‘ਚੋਂ 61 ਪੋਸਟਾਂ ਭਰੀਆਂ ਹਨ ਅਤੇ 25 ਵੱਖਰੇ ਠੇਕੇ ਵਾਲੇ ਮੁਲਾਜ਼ਮ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਸੂਤਰਾਂ ਦਾ ਦੱਸਣਾ ਹੈ ਕਿ ਜਿਹੜੇ ਪਿੰਡਾਂ ‘ਚ ਡਾਕਟਰਾਂ ਦੀ ਘਾਟ ਹੈ, ਉਥੋਂ ਦੇ ਵਸਨੀਕਾਂ ਨੂੰ ਪ੍ਰਾਈਵੇਟ ਡਾਕਟਰਾਂ ਕੋਲੋਂ ਚਾਰ ਗੁਣਾ ਤੋਂ ਵੀ ਵੱਧ ਭਾਅ ‘ਤੇ ਇਲਾਜ ਕਰਵਾਉਣਾ ਪੈਂਦਾ ਹੈ। ਪਿੰਡ ਰੌਲੀ ਦੇ ਪਸ਼ੂ ਹਸਪਤਾਲ ‘ਚ ਪੱਕੇ ਤੌਰ ‘ਤੇ ਡਾਕਟਰ ਦੀ ਤਾਇਨਾਤੀ ਨਾ ਹੋਣ ਕਰਕੇ ਨਾਰਾਜ਼ ਹੋਏ ਪਸ਼ੂ ਪਾਲਕਾਂ ਅਤੇ ਪਿੰਡ ਦੀ ਸਹਿਕਾਰੀ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ, ਜੱਸਾ ਅਤੇ ਪੰਚਾਇਤ ਮੈਂਬਰ ਸਰਬਜੀਤ ਸਿੰਘ ਦਾ ਕਹਿਣਾ ਸੀ ਕਿ ਪਸ਼ੂ ਹਸਪਤਾਲ ‘ਚ ਡਾਕਟਰ ਨਾ ਹੋਣ ਕਾਰਨ ਪਿੰਡ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਚਾਰ ਵਰ੍ਹੇ ਪਹਿਲਾਂ ਲੱਖਾਂ ਰੁਪਏ ਦੀ ਲਾਗਤ ਨਾਲ ਬਣੀ ਪਸ਼ੂ ਡਿਸਪੈਂਸਰੀ ਦੀ ਇਮਾਰਤ ਡਾਕਟਰਾਂ ਦੀ ਅਣਹੋਂਦ ਕਾਰਨ ‘ਖੰਡਰ’ ਬਣਨ ਲੱਗੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਸਰਕਾਰੀ ਤੌਰ ‘ਤੇ ਪਸ਼ੂਆਂ ਦੇ ਗਰਭ ਧਾਰਨ ਵਾਲੇ ਟੀਕੇ 50 ਰੁਪਏ ‘ਚ ਲੱਗਦੇ ਹਨ, ਜਿਨ੍ਹਾਂ ਦਾ ਰਿਜ਼ਲਟ ਵੀ ਬੇਹੱਦ ਚੰਗਾ ਹੈ ਪਰ ਡਾਕਟਰ ਨਾ ਹੋਣ ਕਾਰਨ ਪਸ਼ੂ ਪਾਲਕ 200 ਤੋਂ 250 ਰੁਪਏ ਤੱਕ ਪਸ਼ੂਆਂ ਦੇ ਟੀਕੇ ਲਵਾਉਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਡਿਸਪੈਂਸਰੀ ‘ਚ ਡਾਕਟਰ ਦੀ ਪੱਕੇ ਤੌਰ ‘ਤੇ ਤਾਇਨਾਤੀ ਕੀਤੀ ਜਾਵੇ।

Be the first to comment

Leave a Reply