ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਸਿਆਸੀ ਹਮਲਾ ਹੋਰ ਤੇਜ਼ ਕਰ ਦਿੱਤਾ

ਜਲੰਧਰ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਸਿਆਸੀ ਹਮਲਾ ਹੋਰ ਤੇਜ਼ ਕਰ ਦਿੱਤਾ ਹੈ। ਅਕਾਲੀਆਂ ਵਲੋਂ ਨੈਸ਼ਨਲ ਹਾਈਵੇ ‘ਤੇ ਧਰਨਾ ਦੇਣ ਅਤੇ ਆਵਾਜਾਈ ਨੂੰ ਜਾਮ ਕਰਨ ਦੇ ਮੁੱਦੇ ‘ਤੇ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਜੇਕਰ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਸੁਖਬੀਰ ਦੇ ਖਿਲਾਫ ਨੈਸ਼ਨਲ ਹਾਈਵੇ ਜਾਮ ਕਰਨ ਦੇ ਦੋਸ਼ ਸਿੱਧ ਹੋ ਗਏ ਤਾਂ ਉਨ੍ਹਾਂ ਨੂੰ ਅਦਾਲਤ ਭਵਿੱਖ ‘ਚ ਚੋਣ ਲੜਨ ਲਈ ਅਯੋਗ ਠਹਿਰਾ ਸਕਦੀ ਹੈ। ਉਨ੍ਹਾਂ ਨੇ ਨੈਸ਼ਨਲ ਹਾਈਵੇ ਐਕਟ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਇਸ ‘ਚ ਸਪੱਸ਼ਟ ਲਿਖਿਆ ਹੈ ਕਿ ਆਮ ਜਨਤਾ ਦੀ ਆਵਾਜਾਈ ‘ਚ ਵਿਘਨ ਪਾਉਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਦਿੱਤੇ ਗਏ ਧਰਨਿਆਂ ਦੀ ਵੀਡੀਓਗ੍ਰਾਫੀ ਹੋਈ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਨਾ ਸਿਰਫ  ਅਕਾਲੀਆਂ ਨੇ ਨੈਸ਼ਨਲ ਹਾਈਵੇ ਨੂੰ ਬਲਾਕ ਕੀਤਾ, ਬਲਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਤਾਂ ਇਕ ਕਦਮ ਅੱਗੇ ਵਧਦੇ ਹੋਏ ਆਪਣੀ ਸਰਕਾਰੀ ਗੱਡੀ ਹਾਈਵੇ ‘ਤੇ ਲਾ ਕੇ ਆਵਾਜਾਈ ਨੂੰ ਜਾਮ ਕਰ ਦਿੱਤਾ। ਇਹ ਗੱਡੀ ਉਨ੍ਹਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਮੁਹੱਈਆ ਕਰਵਾਈ ਗਈ ਹੈ। ਇਸ ਦੀ ਦੁਰਵਰਤੋਂ ਧਰਨਿਆਂ ਲਈ ਨਹੀਂ ਕੀਤੀ ਜਾ ਸਕਦੀ। ਜਾਖੜ ਨੇ ਕਿਹਾ ਕਿ ਸੁਖਬੀਰ ਨੇ ਪਹਿਲਾਂ ਹੀ ਧਰਨਾ ਦੇਣ ਨੂੰ ਜਾਇਜ਼ ਆਖਿਆ ਹੈ ਪਰ ਬਾਅਦ ‘ਚ ਜਦੋਂ ਗਲਤੀ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਲੋਕਾਂ ਤੋਂ ਮੁਆਫੀ ਮੰਗੀ। ਜੇਕਰ ਗਲਤੀਆਂ ਕਰਕੇ ਮੁਆਫੀ ਮੰਗਣੀ ਹੈ ਤਾਂ ਫਿਰ ਇਸ ਤਰ੍ਹਾਂ ਰਾਜਨੀਤੀ ਦੀ ਦੂਰਦ੍ਰਿਸ਼ਟੀ ਦਾ ਪਤਾ ਲੱਗਦਾ ਹੈ।

Be the first to comment

Leave a Reply