ਪੰਜਾਬ ਬਣਿਆ ਸੀਨੀਅਰ ਹਾਕੀ ਰਾਸ਼ਟਰੀ ਚੈਂਪੀਅਨ

ਲਖਨਊ— ਪੰਜਾਬ ਨੇ ਪੈਟਰੋਲੀਅਮ ਸਪੋਰਟਸ ਪ੍ਰਮੋਸ਼ਨ ਬੋਰਡ (ਪੀ. ਐੱਸ. ਪੀ. ਬੀ.) ਨੂੰ ਐਤਵਾਰ 2-1 ਨਾਲ ਹਰਾ ਕੇ 8ਵੀਂ ਹਾਕੀ ਇੰਡੀਆ ਸੀਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ (ਏ-ਡਵੀਜ਼ਨ) ਦਾ ਖਿਤਾਬ ਜਿੱਤ ਲਿਆ।
ਰੋਮਾਂਚਕ ਸੰਘਰਸ਼ ‘ਚ ਪੰਜਾਬ ਨੇ ਇਕ ਗੋਲ ਨਾਲ ਪਿਛੜਨ ਤੋਂ ਬਾਅਦ ਵਾਪਸੀ ਕਰਦਿਆਂ ਖਿਤਾਬ ਆਪਣੇ ਨਾਂ ਕਰ ਲਿਆ। ਪੈਟਰੋਲੀਅਮ ਟੀਮ ਨੇ ਤੀਜੇ ਹੀ ਮਿੰਟ ਵਿਚ ਗੁਰਜਿੰਦਰ ਸਿੰਘ ਦੇ ਪੈਨਲਟੀ ਕਾਰਨਰ ‘ਤੇ ਕੀਤੇ ਗਏ ਗੋਲ ਨਾਲ ਬੜ੍ਹਤ ਬਣਾ ਲਈ ਪਰ ਸਰਵਨਜੀਤ ਸਿੰਘ ਨੇ 53ਵੇਂ ਤੇ 60ਵੇਂ ਮਿੰਟ ਵਿਚ ਗੋਲ ਕਰ ਕੇ ਪੰਜਾਬ ਨੂੰ ਚੈਂਪੀਅਨ ਬਣਾ ਦਿੱਤਾ। ਪੰਜਾਬ ਨੇ ਪਿਛਲੀ ਵਾਰ ਕਾਂਸੀ ਤਮਗਾ ਜਿੱਤਿਆ ਸੀ ਤੇ ਇਸ ਵਾਰ ਉਸ ਨੇ ਸੋਨ ਤਮਗਾ ਆਪਣੇ ਨਾਂ ਕਰ ਲਿਆ।
ਇਸ ਤੋਂ ਪਹਿਲਾਂ ਸਾਬਕਾ ਚੈਂਪੀਅਨ ਰੇਲਵੇ ਨੇ ਸੈਮੀਫਾਈਨਲ ‘ਚ ਹਾਰ ਜਾਣ ਦੀ ਨਿਰਾਸ਼ਾ ਨੂੰ ਪਿੱਛੇ ਛੱਡਦੇ ਹੋਏ ਏਅਰ ਇੰਡੀਆ ਸਪੋਰਟਸ ਪ੍ਰਮੋਸ਼ਨ ਬੋਰਡ ਨੂੰ ਪੈਨਲਟੀ ਸ਼ੂਟਆਊਟ ਵਿਚ 5-3 ਨਾਲ ਹਰਾ ਕੇ ਕਾਂਸੀ ਤਮਗਾ ਜਿੱਤ ਲਿਆ। ਦੋਵੇਂ ਟੀਮਾਂ ਨਿਰਧਾਰਿਤ ਸਮੇਂ ਤਕ 1-1 ਨਾਲ ਬਰਾਬਰੀ ‘ਤੇ ਰਹੀਆਂ ਸਨ।