ਪੰਜਾਬ ਬੀ ਜੇ ਪੀ ਦੇ ਸੀਨੀਅਰ ਲੀਡਰਾਂ ਹਰਜੀਤ ਸਿੰਘ ਗਰੇਵਾਲ ਅਤੇ ਵਿਨੀਤ ਜੋਸ਼ੀ ਵੱਲੋਂ ਦਿੱਤੇ ਬਿਆਨ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ

ਚੰਡੀਗੜ੍ਹ : ਕਾਂਗਰਸ ਪਾਰਟੀ ਦੇ ਬੁਲਾਰੇ ਅਤੇ ਮੈਨੀਫਿਸਟੋ ਕਮੇਟੀ ਦੇ ਮੈਂਬਰ ਰਹੇ ਸ. ਗੁਰਪ੍ਰਤਾਪ ਸਿੰਘ ਮਾਨ ਨੇ ਅੱਜ ਪੰਜਾਬ ਬੀ ਜੇ ਪੀ ਦੇ ਸੀਨੀਅਰ ਲੀਡਰਾਂ ਹਰਜੀਤ ਸਿੰਘ ਗਰੇਵਾਲ ਅਤੇ ਵਿਨੀਤ ਜੋਸ਼ੀ ਵੱਲੋਂ ਦਿੱਤੇ ਬਿਆਨ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ | ਸ. ਮਾਨ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਬੀ ਜੇ ਪੀ ਕਿਸਾਨਾਂ ਦੀਆਂ ਦਰਦਨਾਕ ਖੁਦਕੁਸ਼ੀਆਂ ਅਤੇ ਕਰਜ਼ ਮਾਫੀ ਦੇ ਮੁੱਦੇ ਉੱਤੇ ਸ਼ਰਮਨਾਕ ਸਿਆਸਤ ਕਰ ਰਹੀ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ | ਉਹਨਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਛੋਟੇ ਕਿਸਾਨਾਂ ਦਾ ਦੋ ਲੱਖ ਤੱਕ ਦਾ ਫਸਲੀ ਕਰਜ਼ ਮਾਫ ਕਰਨ ਵਾਲੇ ਫੈਸਲੇ ਬਾਰੇ ਪੰਜਾਬ ਬੀ ਜੇ ਪੀ ਕਿਸਾਨਾਂ ਨੂੰ ਗੁਮਰਾਹ ਕਰ ਰਹੀ ਹੈ |
ਉਹਨਾਂ ਪੰਜਾਬ ਬੀ ਜੇ ਪੀ ਦੇ ਇਹਨਾਂ ਨੇਤਾਵਾਂ ਨੂੰ ਕਿਹਾ ਕਿ ਕੈਪਟਨ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਪਹਿਲ ਕੀਤੀ ਹੈ | ਬੀ ਜੇ ਪੀ ਲੀਡਰ ਕਹਿ ਰਹੇ ਹਨ ਕਿ ਯੂ ਪੀ ਦੀ ਯੋਗੀ ਸਰਕਾਰ ਨੇ ਕਿਸਾਨਾਂ ਦਾ ਕਰਜ਼ ਤੁਰੰਤ ਮਾਫ ਕੀਤਾ ਹੈ ਤਾਂ ਇਹ ਯੂ ਪੀ ਦੇ ਉਹਨਾਂ ਕਿਸਾਨਾਂ ਦੇ ਨਾਮ ਜਨਤਕ ਕਰਨ ਜਿੰਨਾਂ ਦਾ ਕਰਜ਼ ਯੋਗੀ ਸਰਕਾਰ ਨੇ ਮਾਫ ਕਰ ਦਿੱਤਾ ਹੈ ਕਿਓਂਕਿ ਯੂ ਪੀ ਦੇ ਕਿਸਾਨ ਮੁੱਖ ਮੰਤਰੀ ਦੇ ਕਰਜ਼ ਮਾਫੀ ਵਾਲੇ ਬਿਆਨ ਤੋਂ ਲੈ ਕੇ ਅੱਜ ਤੱਕ ਉਡੀਕ ਕਰ ਰਹੇ ਹਨ |
ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਬੀ ਜੇ ਪੀ ਸਾਸ਼ਿਤ ਪ੍ਰਦੇਸ਼ਾਂ ਤੋਂ ਵੱਧ ਕੇ ਕਿਸਾਨਾਂ ਨੂੰ ਰਾਹਤ ਦਿੱਤੀ ਹੈ ਜੋ ਕਿ ਬੀ ਜੇ ਪੀ ਨੂੰ ਹਜ਼ਮ ਨਹੀਂ ਹੋ ਰਹੀ |
ਸ. ਮਾਨ ਨੇ ਕਿਹਾ ਕਿ ਅਗਰ ਸੱਚਮੁੱਚ ਪੰਜਾਬ ਬੀ ਜੇ ਪੀ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਆਤਮਹੱਤਿਆਵਾਂ ਪ੍ਰਤੀ ਗੰਭੀਰ ਹਨ ਤਾਂ ਉਹ ਦਿੱਲੀ ਵਿੱਚ ਜਾ ਕੇ ਆਪਣੇ ਪ੍ਰਧਾਨ ਮੰਤਰੀ ਅਤੇ ਪਾਰਟੀ ਪ੍ਰਧਾਨ ਨੂੰ ਮੈਨੀਫਿਸਟੋ ਵਿੱਚ ਕਿਸਾਨਾਂ ਨੂੰ ਉਹਨਾਂ ਦੀ ਫਸਲ ਦੀ ਲਾਗਤ ਮੁੱਲ ਤੋਂ 50 ਪ੍ਰਤੀਸ਼ਤ ਕੀਮਤ ਦਿੱਤੇ ਜਾਣ ਵਾਲੇ ਵਾਅਦੇ ਨੂੰ ਪੂਰਾ ਕਰਵਾਉਣ ਜਿਸ ਨੂੰ ਤਿੰਨ ਸਾਲ ਤੋਂ ਉੱਪਰ ਹੋ ਗਏ ਹਨ |  ਜਦਕਿ ਕੈਪਟਨ ਸਰਕਾਰ ਤਾਂ ਅਜੇ ਤਿੰਨ ਮਹੀਨੇ ਤੋਂ ਸੱਤਾ ਵਿੱਚ ਆਈ ਹੈ ਅਤੇ ਉਹਨਾਂ ਨੇ ਸੂਬੇ ਦੀ ਮਾੜੀ ਵਿੱਤੀ ਹਾਲਤ ਦੇ ਬਾਵਯੂਦ ਇੱਕ ਇਤਿਹਾਸਿਕ ਫੈਸਲਾ ਲਿਆ ਹੈ ਜੋ ਬਾਕੀ ਰਾਜਾਂ ਦੇ ਲਈ ਇੱਕ ਮਾਰਗ ਦਰਸ਼ਕ ਬਣਿਆ ਹੈ |
ਦੇਸ਼ ਭਰ ਦੇ ਕਿਸਾਨਾਂ ਨਾਲ  ਇਸ ਤੋਂ ਵੱਡਾ ਧੋਖਾ ਕੀ ਹੋ ਸਕਦਾ ਹੈ ਕੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਲੋਕਾਂ ਨਾਲ ਵਾਅਦਾ ਕਰਨ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਉਸ ਵਾਅਦੇ ਨੂੰ ਲਾਗੂ ਨਾਂ ਕਰ ਸਕਣ ਬਾਰੇ ਹਲਫੀਆ ਬਿਆਨ ਦੇ ਦਿੱਤਾ |
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਵੱਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਲਈ ਕੀਤਾ ਗਿਆ ਐਲਾਨ ਵੀ ਇੱਕ ਜੁਮਲਾ ਬਣ ਕੇ ਰਹਿ ਗਿਆ | ਬੀ ਜੇ ਪੀ ਦੇ ਲੀਡਰ ਇਹ ਦੱਸਣ ਕਿ ਮੋਦੀ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕੋਈ ਇੱਕ ਵੀ ਕਦਮ ਚੁੱਕਿਆ ਹੈ ? ਸਗੋਂ ਮੋਦੀ ਸਰਕਾਰ ਦੇ ਨੋਟਬੰਦੀ ਵਾਲੇ ਫੈਸਲੇ ਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ |
ਪਿਛਲੇ ਦਸ ਸਾਲ ਤੋਂ ਇਹਨਾਂ ਦੀ ਭਾਈਵਾਲੀ ਵਾਲੀ ਸਰਕਾਰ ਪੰਜਾਬ ਵਿੱਚ ਰਹੀ ਹੈ ਅਤੇ ਇਹਨਾਂ ਨੇ ਪੰਜਾਬ ਦੇ ਕਿਸਾਨਾਂ ਲਈ ਕੋਈ ਵੀ ਚੰਗਾ ਫੈਸਲਾ ਨਹੀਂ ਕੀਤਾ ਜਿਸ ਕਰਕੇ ਪੰਜਾਬ ਦੇ ਕਿਸਾਨਾਂ ਨੇ ਇਹਨਾਂ ਨੂੰ ਬੁਰੀ ਤਰਾਂ ਨਕਾਰਿਆ ਹੈ ਅਤੇ ਇਹ ਮੁੱਖ ਵਿਰੋਧੀ ਧਿਰ ਦਾ ਰੁਤਬਾ ਤੱਕ ਵੀ ਨਹੀਂ ਬਚਾ ਸਕੇ | ਇਹੋ ਜਿਹੇ ਬਿਆਨ ਦੇ ਕੇ ਬੀ ਜੇ ਪੀ ਆਪਣੀ ਗੁਆਚੀ ਸਿਆਸੀ ਹੋਂਦ ਲੱਭ ਰਹੀ ਹੈ |
ਇਹ ਸਭ ਨੂੰ ਪਤਾ ਹੈ ਕਿ ਕਿਸਾਨੀ ਮੁਸ਼ਕਿਲਾਂ  ਦਾ ਹੱਲ ਉਹਨਾਂ ਨੂੰ ਫਸਲਾਂ ਦਾ ਸਹੀ ਮੁੱਲ ਦੇਣ ਨਾਲ ਹੀ ਨਿਕਲ ਸਕਦਾ ਹੈ ਅਤੇ ਇਹ ਸਿਰਫ ਕੇਂਦਰ ਸਰਕਾਰ ਦੇ ਹੱਥ ਵੱਸ ਹੈ| ਇਸ ਲਈ ਪੰਜਾਬ ਬੀ ਜੇ ਪੀ ਨੂੰ ਕੈਪਟਨ ਸਰਕਾਰ ਦੇ ਲੋਕ ਹਿੱਤਾਂ ਲਈ ਲਏ ਜਾਣ ਵਾਲੇ ਫੈਸਲਿਆਂ ਵਿੱਚ ਨੁਕਤਾਚੀਨੀ ਕਰਨ ਤੋਂ ਪਹਿਲਾਂ ਆਪਣੀ ਪੀੜੀ ਹੇਠ ਸੋਟਾ ਫੇਰ ਕੇ ਦੇਖਣਾ ਚਾਹੀਦਾ ਹੈ |
ਉਹਨਾਂ ਬੀ ਜੇ ਪੀ ਦੇ ਲੀਡਰਾਂ ਨੂੰ ਯਾਦ ਕਰਵਾਉਂਦੀਆਂ ਕਿਹਾ ਕਿ 2008 ਵਿੱਚ ਕੇਂਦਰ ਵਿੱਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਦੇਸ਼ ਭਰ ਦੇ ਕਿਸਾਨਾਂ ਦਾ 72000 ਕਰੋੜ ਦਾ ਕਰਜ਼ ਮਾਫ ਕੀਤਾ ਸੀ ਅਤੇ ਬੀ ਜੇ ਪੀ ਨੂੰ ਉਹਨਾਂ ਦੇ ਫੈਸਲੇ ਤੋਂ ਹੀ ਸੇਧ ਲੈ ਲੈਣੀ ਚਾਹੀਦੀ ਹੈ |

Be the first to comment

Leave a Reply