ਪੰਜਾਬ ਮਗਰੋਂ ਦਿੱਲੀ ‘ਵਰਸਟੀ ਚੋਣਾਂ ‘ਚ ਵੀ ਕਾਂਗਰਸ ਪੱਖੀ ਐਨ.ਐਸ.ਯੂ.ਆਈ. ਦੀ ਸ਼ਾਨਦਾਰ ਵਾਪਸੀ

ਨਵੀਂ ਦਿੱਲੀ-  ਕਾਂਗਰਸ ਦੀ ਵਿਦਿਆਰਥੀ ਇਕਾਈ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐਨ.ਐਸ.ਯੂ.ਆਈ.) ਨੇ ਦਿੱਲੀ ਯੂਨੀਵਰਸਟੀ ਵਿਦਿਆਰਥੀ ਸੰਘ ਚੋਣਾਂ ‘ਚ ਅੱਜ ਸ਼ਾਨਦਾਰ ਵਾਪਸੀ ਕਰਦਿਆਂ ਪ੍ਰਧਾਨ ਦੇ ਅਹੁਦੇ ਸਮੇਤ ਦੋ ਅਹਿਮ ਅਹੁਦਿਆਂ ਉਤੇ ਕਬਜ਼ਾ ਕਰ ਲਿਆ। ਮਜ਼ਬੂਤ ਆਧਾਰ ਵਾਲੀ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਨਾਲ ਸਬੰਧਤ ਵਿਦਿਆਰਥੀ ਸੰਗਠਨ ਕੁਲ ਭਾਰਤੀ ਵਿਦਿਆਰਥੀ ਪਰਿਸ਼ਦ (ਏ.ਬੀ.ਵੀ.ਪੀ.) ਨੇ ਸਕੱਤਰ ਅਤੇ ਸੰਯੁਕਤ ਸਕੱਤਰ ਦੀਆਂ ਸੀਟਾਂ ਜਿੱਤੀਆਂ। ਐਨ.ਐਸ.ਯੂ.ਆਈ. ਦੇ ਰੌਕੀ ਤੁਸੀਦ ਨੇ 1590 ਵੋਟਾਂ ਦੇ ਫ਼ਰਕ ਨਾਲ ਪ੍ਰਧਾਨ ਦਾ ਅਹੁਦਾ ਜਿਤਿਆ ਜਦਕਿ ਮੀਤ ਪ੍ਰਧਾਨ ਦੇ ਅਹੁਦੇ ‘ਤੇ ਐਨ.ਐਸ.ਯੂ.ਆਈ. ਦੇ ਹੀ ਕੁਨਾਲ ਸਹਿਰਾਵਤ ਨੇ ਏ.ਵੀ.ਬੀ.ਪੀ. ਦੇ ਉਮੀਦਵਾਰ ਨੂੰ 175 ਵੋਟਾਂ ਨਾਲ ਹਰਾਇਆ। ਡੁਸੁ ਚੋਣਾਂ ਲਈ ਕੁਲ 43 ਫ਼ੀ ਸਦੀ ਵੋਟਾਂ ਪਈਆਂ ਸਨ। ਪਿਛਲੇ ਸਾਲ ਏ.ਬੀ.ਵੀ.ਪੀ. ਨੇ ਤਿੰਨ ਅਹੁਦਿਆਂ ਉਤੇ ਜਿੱਤ ਹਾਸਲ ਕੀਤੀ ਸੀ ਜਦਕਿ ਐਨ.ਐਸ.ਯੂ.ਆਈ. ਨੇ ਸੰਯੁਕਤ ਸਕੱਤਰ ਦਾ ਅਹੁਦਾ ਜਿਤਿਆ ਸੀ। ਦੂਜੇ ਪਾਸੇ ਇਨ੍ਹਾਂ ਚੋਣਾਂ ‘ਚ ਮਿਲੀ ਜਿੱਤ ਤੋਂ ਖ਼ੁਸ਼ ਕਾਂਗਰਸ ਪਾਰਟੀ ਨੇ ਅੱਜ ਕਿਹਾ ਕਿ ਮੁਲਕ ਦਾ ਮਾਹੌਲ ਬਦਲ ਰਿਹਾ ਹੈ ਅਤੇ ਦੇਸ਼ ਦੇ ਨੌਜਵਾਨ ਹੀ ਮੋਦੀ ਸਰਕਾਰ ਨੂੰ ਅਗਲੀਆਂ ਆਮ ਚੋਣਾਂ ‘ਚ ਸਬਕ ਸਿਖਾਉਣਗੇ। ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾਰੀ ਨੇ ਕਿਹਾ ਕਿ ਇਹ ਜਿੱਤ ਇਕੱਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਗੁਹਾਟੀ, ਰਾਜਸਥਾਨ ਅਤੇ ਪੰਜਾਬ ਯੂਨੀਵਰਸਟੀਆਂ ‘ਚ ਵੀ ਐਨ.ਐਸ.ਯੂ.ਆਈ. ਨੂੰ ਸਫ਼ਲਤਾ ਮਿਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਸੁਪਨੇ ਵਿਖਾ ਕੇ ਗੁਮਰਾਹ ਕੀਤਾ ਸੀ। ਤਿਵਾਰੀ ਨੇ ਕਿਹਾ ਕਿ ਐਨ.ਐਸ.ਯੂ.ਆਈ. ਦੇ ਸਾਥੀ ਦੱਸ ਰਹੇ ਸਨ ਕਿ ਏ.ਬੀ.ਵੀ.ਪੀ. ਨੇ ਯੂਨੀਵਰਸਟੀ ਪ੍ਰਸ਼ਾਸਨ ਨਾਲ ਮਿਲ ਕੇ ਚੋਣ ਨਤੀਜਿਆਂ ‘ਚ ਘਪਲਾ ਕਰਵਾਇਆ ਹੈ ਅਤੇ ਅਸਲੀਅਤ ਇਹ ਹੈ ਕਿ ਚਾਰੇ ਅਹੁਦੇ ਐਨ.ਐਸ.ਯੂ.ਆਈ. ਦੇ ਉਮੀਦਵਾਰਾਂ ਨੂੰ ਮਿਲੇ ਹਨ। ਉਨ੍ਹਾਂ ਕਿਹਾ ਕਿ ਇਸ ਵਿਰੁਧ ਐਨ.ਐਸ.ਯੂ.ਆਈ. ਕੋਲ ਸਾਰੇ ਬਦਲ ਖੁੱਲ੍ਹੇ ਹਨ।

Be the first to comment

Leave a Reply

Your email address will not be published.


*