ਪੰਜਾਬ ਵਿਚ ਕਾਨੂੰਨ ਵਿਵਸਥਾ ਕਿਸ ਹੱਦ ਤਕ ਵਿਗੜ ਚੁੱਕੀ ਹੈ ਇਸ ਦੀ ਮਿਸਾਲ ਸੋਮਵਾਰ ਨੂੰ ਪੰਜਾਬ ਵਿਚ ਹੋਈਆਂ ਵੱਡੀਆਂ ਵਾਰਦਾਤਾਂ ਤੋਂ ਦੇਖਣ ਨੂੰ ਮਿਲਦੀ ਹੈ

ਜਲੰਧਰ  : ਪੰਜਾਬ ਵਿਚ ਕਾਨੂੰਨ ਵਿਵਸਥਾ ਕਿਸ ਹੱਦ ਤਕ ਵਿਗੜ ਚੁੱਕੀ ਹੈ ਇਸ ਦੀ ਮਿਸਾਲ ਸੋਮਵਾਰ ਨੂੰ ਪੰਜਾਬ ਵਿਚ ਹੋਈਆਂ ਵੱਡੀਆਂ ਵਾਰਦਾਤਾਂ ਤੋਂ ਦੇਖਣ ਨੂੰ ਮਿਲਦੀ ਹੈ। ਪਹਿਲੀ ਘਟਨਾ ਮਾਲੇਰਕੋਟਲਾ ਦੀ ਹੈ ਜਿੱਥੇ ਪਿੰਡ ਬੁਰਜ ਵਿਖੇ ਦਿਨ ਚੜ੍ਹਦੇ ਹੀ ਸਕੂਲ ਡਿਊਟੀ ‘ਤੇ ਜਾ ਰਹੇ ਅਕਾਲੀ ਦਲ ਨਾਲ ਸੰਬੰਧਤ ਅਧਿਆਪਕ ਨੂੰ ਸ਼ਰੇਆਮ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੰਜ ਗੋਲੀਆਂ ਲੱਗਣ ਕਾਰਨ ਅਧਿਆਪਕ ਹਰਕੀਰਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਅਕਾਲੀ ਦਲ ਦੀ ਸਰਪੰਚ ਹੈ। ਫਿਲਹਾਲ ਇਸ ਕਤਲ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਦੂਜੀ ਘਟਨਾ ਜਗਰਾਓਂ ਦੇ ਪ੍ਰੀਤ ਵਿਹਾਰ ਇਲਾਕੇ ਵਿਚ ਵਾਪਰੀ। ਇਥੇ ਪੰਜਾਬੀ ਅਖਬਾਰ ਦੇ ਪੱਤਰਕਾਰ ਦੀ ਪਤਨੀ ‘ਤੇ ਅਣਪਛਾਤੇ ਵਿਅਕਤੀਆਂ ਵਲੋਂ ਚਾਕੂਆਂ ਨਾਲ ਹਮਲਾ ਕਰ ਦਿੱਤਾ ਗਿਆ। ਦਿਨ-ਦਿਹਾੜੇ ਵਾਪਰੀ ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਫੈਲ ਗਈ। ਪ੍ਰੀਤ ਵਿਹਾਰ ਇਲਾਕੇ ਵਿਚ ਪੰਜਾਬੀ ਅਖਬਾਰ ਦੇ ਪੱਤਰਕਾਰ ਸੁਖਦੇਵ ਗਰਗ ਦੇ ਘਰ ਦੋ ਅਣਪਛਾਤੇ ਵਿਅਕਤੀ ਆਏ ਜਿਨ੍ਹਾਂ ਨੇ ਅਦਾਲਤ ‘ਚੋਂ ਆਉਣ ਦੀ ਗੱਲ ਆਖ ਕੇ ਦਰਵਾਜ਼ਾ ਖੁੱਲ੍ਹਵਾਇਆ ਜਿਵੇਂ ਹੀ ਪੱਤਰਕਾਰ ਸੁਖਦੇਵ ਗਰਗ ਦੀ ਪਤਨੀ ਕਾਜਲ ਗਰਗ ਨੇ ਦਰਵਾਜ਼ਿਆ ਖੋਲ੍ਹਿਆ ਤਾਂ ਹਮਲਾਵਰਾਂ ਨੇ ਉਸ ‘ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਚਾਕੂ ਲੱਗਣ ਕਾਰਨ ਜ਼ਖਮੀ ਹੋਈ ਕਾਜਲ ਗਰਗ ਨੂੰ ਗੰਭੀਰ ਹਾਲਤ ਵਿਚ ਡੀ. ਐੱਮ. ਸੀ. ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਤੀਜੀ ਘਟਨਾ ਅੰਮ੍ਰਿਤਸਰ ਦੀ ਹੈ। ਬਟਾਲਾ ਰੋਡ ‘ਤੇ ਹਿੰਦੂ ਸੰਘਰਸ਼ ਸੈਨਾ ਦੇ ਪ੍ਰਧਾਨ ਵਿਪਨ ਸ਼ਰਮਾ ਦਾ ਸ਼ਰੇਆਮ ਭਰੇ ਬਾਜ਼ਾਰ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਮਲਾਵਰਾਂ ਨੇ ਵਿਪਨ ਸ਼ਰਮਾ ਨੂੰ ਲਗਾਤਾਰ ਪੰਜ ਗੋਲੀਆਂ ਮਾਰੀਆਂ ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਕਤਲ ਦੀ ਇਹ ਸਾਰੀ ਘਟਨਾ ਨੇੜੇ ਲੱਗੇ ਸੀ. ਸੀ.ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਜਿਸ ਵਿਚ ਇਕ ਹਮਲਾਵਰ ਦਾ ਚਿਹਰਾ ਨਜ਼ਰ ਆਇਆ ਹੈ।
ਚੌਥੀ ਵਾਰਦਾਤ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੀ ਹੈ। ਪੱਟੀ ਦੇ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਦੇ ਬਾਹਰ ਅਣਪਛਾਤੇ ਹਮਲਾਵਰਾਂ ਵਲੋਂ ਇਕ ਨੌਜਵਾਨ ਨੂੰ ਸ਼ਰੇਆਮ ਗੋਲੀਆਂ ਮਾਰ ਦਿੱਤੀਆਂ ਗਈਆਂ। ਸਿਰ ਅਤੇ ਢਿੱਡ ਵਿਚ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋਏ ਨੌਜਵਾਨ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ। ਜਿੱਥੇ ਉਸ ਦੀ ਹਾਲਤ ਚਿੰਤਾਜਨਕ ਦੱਸੀ ਜਾ ਰਹੀ ਹੈ।

Be the first to comment

Leave a Reply