ਪੰਜਾਬ ਵਿਚ ਵਿਰੋਧੀ ਧਿਰ ਗੈਰ ਜਿੰਮੇਵਾਰੀ ਵਾਲੀ ਭੂਮਿਕਾ ਨਿਭਾਅ ਰਹੀ ਹੈ – ਸਹੋਤਾ, ਗਿੱਲ ਤੇ ਘੁੰਮਣ   

ਕੈਲੀਫੋਰਨੀਆ (ਸਾਂਝੀ ਸੋਚ ਬਿਊਰੋ)- ਪੰਜਾਬ ਵਿਧਾਨ ਸਭਾ ਦੇ ਸਰਦ ਰੁਤ ਇਜਲਾਸ ਦੌਰਾਨ ਸਦਨ ਦੀ ਕਾਰਵਾਈ ਵਿਚ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਵਿਘਨ ਪਾ ਕੇ ਗੈਰ ਜਿੰਮੇਵਾਰੀ ਦਾ ਸਬੂਤ ਦਿੱਤਾ ਹੈ। ਵਿਰੋਧੀ ਧਿਰ ਦੇ ਇਸ ਰਵਈਏ ਕਾਰਨ ਸਦਨ ਵਿਚ ਅਹਿਮ ਮੁੱਦਿਆਂ ਉਪਰ ਵਿਚਾਰ ਵਟਾਂਦਰਾ ਨਹੀਂ ਹੋ ਸਕਿਆ। ਇਹ ਪ੍ਰਗਟਾਵਾ ਕਾਂਗਰਸ ਆਗੂਆਂ ਸ੍ਰੀ ਪਾਲ ਸਹੋਤਾ, ਸੁੱਖੀ ਘੁੰਮਣ ਤੇ ਰਾਣਾ ਗਿੱਲ ਨੇ ਜਾਰੀ ਇਕ ਬਿਆਨ ਵਿਚ ਕੀਤਾ ਹੈ। ਆਗੂਆਂ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੂਰੀ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਦੇ ਮਸਲਿਆਂ ਨੂੰ ਹੱਲ ਕਰ ਰਹੀ ਹੈ ਪਰ ਸ਼੍ਰ੍ਰੋਮਣੀ ਅਕਾਲੀ ਦਲ, ਜਿਸ ਨੇ ਆਪਣੀ ਸਰਕਾਰ ਵੇਲੇ ਪੰਜਾਬ ਨੂੰ ਬਰਬਾਦ ਕਰਨ ਵਿਚ ਕੋਈ ਕਸਰ ਨਹੀਂ ਛੱਡੀ, ਹੁਣ ਵੀ ਪੰਜਾਬ ਦੇ ਵਿਕਾਸ ਵਿਚ ਅੜਿਕੇ ਡਾਹ ਰਿਹਾ ਹੈ। ਆਗੂਆਂ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਬਹੁਤ ਸਿਆਣੇ ਹਨ ਤੇ ਉਹ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਝਾਂਸੇ ਵਿਚ ਆਉਣ ਵਾਲੇ ਨਹੀਂ ਹਨ। ਆਗੂਆਂ ਨੇ ਕਿਹਾ ਹੈ ਕਿ ਪੰਜਾਬ ਵਿਚੋਂ ਨਸ਼ਿਆਂ (ਡਰੱਗਜ਼)  ਨੂੰ ਖਤਮ ਕਰਨ ਲਈ ਕੈਪਟਨ ਸਰਕਾਰ ਵੱਲੋਂ ਲਿਆਂਦਾ ਜਾ ਰਿਹਾ ਨਵਾਂ ਕਾਨੂੰਨ  ‘ ਪੰਜਾਬ ਫੋਰਫੀਟ ਆਫ ਇਲੀਗਲੀ ਐਕੂਆਇਰਡ ਪ੍ਰਾਪਰਟੀ ਐਕਟ” ਇਕ ਬੇਮਿਸਾਲ ਕਦਮ ਹੈ ਜਿਸ ਨਾਲ ਨਸ਼ਾ ਤਸਕਰਾਂ ਵਿਚ ਡਰ ਪੈਦਾ ਹੋਵੇਗਾ। ਇਸ ਐਕਟ ਤਹਿਤ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਹੋ ਸਕਣਗੀਆਂ। ਕਾਂਗਰਸ ਆਗੂਆਂ ਨੇ ਹੋਰ ਕਿਹਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ ਤੇ ਉਹ ਟੈਕਸਾਂ (ਜੀ.ਐਸ.ਟੀ) ਵਿਚੋਂ ਬਣਦਾ ਹਿੱਸਾ ਸਮੇਂ ਸਿਰ ਨਹੀਂ ਦੇ ਰਹੀ ਜਿਸ ਕਾਰਨ ਪਹਿਲਾਂ ਹੀ ਵਿੱਤੀ ਸੰਕਟ ਨਾਲ ਜੂਝ ਰਹੇ ਪੰਜਾਬ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਹੈ ਕਿ ਟੈਕਸ ਵਿਚੋਂ ਪੰਜਾਬ ਦੇ ਹਿੱਸੇ ਦੀ ਤੁਰੰਤ ਅਦਾਇਗੀ ਹੋਣੀ ਚਾਹੀਦੀ ਹੈ। ਇਸ ਸਮੇਂ ਪੰਜਾਬ ਦਾ ਕੇਂਦਰ ਸਰਕਾਰ ਵਲ ਤਕਰੀਬਨ 4000 ਕਰੋੜ ਰੁਪਏ ਬਕਾਇਆ ਰਹਿੰਦਾ ਹੈ। ਸਹੋਤਾ, ਘੁੰਮਣ ਤੇ ਗਿੱਲ ਅਨੁਸਾਰ ਵਿੱਤੀ ਸੰਕਟ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦਾ ਕਰਜਾ ਮੁਆਫ ਕਰਕੇ ਲੋਕਾਂ ਦਾ ਸਹੀ ਨੇਤਾ ਹੋਣ ਦਾ ਸਬੂਤ ਦਿੱਤਾ ਹੈ।

Be the first to comment

Leave a Reply