ਪੰਜਾਬ ਸਰਕਾਰ ਨੇ ਈ. ਐੱਸ. ਆਈ. ਕਾਰਡ ਹੋਲਡਰਾਂ ਦੀ ਅਦਾਇਗੀ ‘ਤੇ ਲਾਈ ਰੋਕ

ਅੰਮ੍ਰਿਤਸਰ  – ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੋ ਗਿਆ ਹੈ। ਸਰਕਾਰ ਦੇ ਅਣ-ਐਲਾਨੇ ਹੁਕਮਾਂ ਤੋਂ ਬਾਅਦ ਖਜ਼ਾਨਾ ਦਫਤਰਾਂ ਵੱਲੋਂ ਈ. ਐੱਮ. ਆਈ. ਕਾਰਡ ਹੋਲਡਰਾਂ ਦੀ 3 ਕਰੋੜ ਦੇ ਕਰੀਬ ਅਦਾਇਗੀ ‘ਤੇ ਰੋਕ ਲਾ ਦਿੱਤੀ ਗਈ ਹੈ। ਸਰਕਾਰ ਦੀ ਨਾਲਾਇਕੀ ਕਾਰਨ ਵਿਆਜੀ ਪੈਸੇ ਚੱਕ ਕੇ ਆਪਣਾ ਇਲਾਜ ਕਰਵਾਉਣ ਵਾਲੇ ਕਾਰਡ ਹੋਲਡਰ ਆਪਣੇ ਸਰਕਾਰੀ ਪੈਸੇ ਲੈਣ ਲਈ ਸਰਕਾਰੀ ਦਫਤਰਾਂ ‘ਚ ਜੁੱਤੀਆਂ ਕਸਾ ਰਹੇ ਹਨ।
ਜਾਣਕਾਰੀ ਅਨੁਸਾਰ ਈ. ਐੱਸ. ਆਈ (ਇੰਪਲਾਈਜ਼ ਸਟੇਟ ਇੰਸ਼ੋਰੈਂਸ) ਦੇ ਤਹਿਤ ਪੰਜਾਬ ਸਰਕਾਰ ਵੱਲੋਂ ਗੈਰ-ਸਰਕਾਰੀ ਅਦਾਰਿਆਂ ‘ਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਸਿਹਤ ਸੇਵਾਵਾਂ ਪ੍ਰਧਾਨ ਕਰਵਾਉਣ ਲਈ ਸੂਬਾ ਭਰ ‘ਚ ਈ. ਐੱਸ. ਆਈ. ਹਸਪਤਾਲ ਤੇ ਡਿਸਪੈਂਸਰੀਆਂ ਖੋਲ੍ਹੀਆਂ ਹੋਈਆਂ ਸਨ। ਸਿਹਤ ਸੇਵਾਵਾਂ ਦੇਣ ਲਈ ਈ. ਐੱਸ. ਆਈ. ਨੂੰ ਗੈਰ-ਸਰਕਾਰੀ ਅਦਾਰੇ ਨਾਲ ਸੰਬੰਧਤ ਮੁਲਾਜ਼ਮ ਵੱਲੋਂ ਵਿਸ਼ੇਸ਼ ਹਿੱਸਾ ਦਿੱਤਾ ਜਾਂਦਾ ਹੈ, ਜਿਸ ਦੇ ਬਾਅਦ ਮੁਲਾਜ਼ਮ ਨੂੰ ਨਿਰੰਤਰ ਸਿਹਤ ਸੇਵਾਵਾਂ ਮਿਲਦੀਆਂ ਹਨ। ਈ. ਐੱਸ. ਆਈ. ਹਸਪਤਾਲ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇਸ ਦੇ ਅਧੀਨ ਆਉਂਦੇ ਕਾਰਡ ਹੋਲਡਰਾਂ ਦੇ 3 ਕਰੋੜ ਦੇ ਕਰੀਬ ਬਿੱਲ ਪਾਸ ਹੋ ਕੇ ਅਦਾਇਗੀ ਲਈ ਖਜ਼ਾਨਾ ਦਫਤਰ ਅੰਮ੍ਰਿਤਸਰ ‘ਚ ਪਿਛਲੇ 4 ਮਹੀਨਿਆਂ ਤੋਂ ਪਏ ਹਨ ਪਰ ਸਰਕਾਰ ਵੱਲੋਂ ਅਣਐਲਾਨੀ ਰੋਕ ਕਾਰਨ ਉਕਤ ਪੈਸੇ ਕਾਰਡ ਹੋਲਡਰਾਂ ਨੂੰ ਜਾਰੀ ਨਹੀਂ ਹੋ ਰਹੇ ਹਨ। ਕਾਰਡ ਹੋਲਡਰਾਂ ਨੂੰ ਪੈਸਾ ਨਾ ਮਿਲਣ ਕਾਰਨ ਉਹ ਈ. ਐੱਸ. ਆਈ. ਹਸਪਤਾਲ ਦੇ ਮੁਲਾਜ਼ਮਾਂ ਨਾਲ ਲੜ ਪੈਂਦੇ ਹਨ ਪਰ ਮੁਲਾਜ਼ਮ ਦਾ ਕੀ ਕਸੂਰ, ਜੇਕਰ ਸਰਕਾਰ ਹੀ ਕਾਰਡ ਹੋਲਡਰਾਂ ਦੀਆਂ ਸੇਵਾਵਾਂ ਵੱਲ ਧਿਆਨ ਨਾ ਦੇਵੇ। ਕਈ ਕਾਰਡ ਹੋਲਡਰਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਉਨ੍ਹਾਂ ਆਪਣਾ ਇਲਾਜ ਵਿਆਜੀ ਪੈਸੇ ਚੱਕ ਕੇ ਕਰਵਾਇਆ ਹੈ। ਉਨ੍ਹਾਂ ਨੂੰ ਉਮੀਦ ਸੀ ਕਿ ਪ੍ਰਾਈਵੇਟ ਹਸਪਤਾਲ ਤੋਂ ਇਲਾਜ ਸਬੰਧੀ ਪ੍ਰਾਪਤ ਬਿੱਲ ਪਾਸ ਹੋ ਕੇ ਜਲਦ ਪੈਸੇ ਮਿਲ ਜਾਣਗੇ ਤੇ ਉਨ੍ਹਾਂ ਨੂੰ ਜ਼ਿਆਦਾ ਵਿਆਜ ਨਹੀਂ ਦੇਣਾ ਪਵੇਗਾ ਪਰ ਅਫਸੋਸ ਦੀ ਗੱਲ ਹੈ ਕਿ ਈ.ਐੱਸ.ਆਈ ਹਸਪਤਾਲ ਵੱਲੋਂ ਤਾਂ ਬਿੱਲ ਪਾਸ ਕਰ ਕੇ ਖਜ਼ਾਨਾ ਦਫਤਰ ‘ਚ ਭੇਜ ਦਿੱਤੇ ਗਏ ਹਨ ਪਰ ਉਥੋਂ 4 ਮਹੀਨੇ ਹੋ ਜਾਣ ਤੋਂ ਬਾਅਦ ਵੀ ਪੈਸੇ ਨਹੀਂ ਮਿਲ ਰਹੇ ਹਨ। ਕਾਰਡ ਹੋਲਡਰਾਂ ਨੇ ਕਿਹਾ ਕਿ ਸਰਕਾਰ ਦੀ ਨਾਲਾਇਕੀ ਕਾਰਨ ਉਨ੍ਹਾਂ ਨੂੰ ਹੁਣ ਵੱਧ ਵਿਆਜ ਦੇਣਾ ਪੈ ਰਿਹਾ ਹੈ। ਇਸੇ ਤਰ੍ਹਾਂ ਕਈ ਹੋਰ ਕਾਰਡ ਹੋਲਡਰਾਂ ਨੇ ਦੱਸਿਆ ਕਿ ਆਪਣੇ ਵਾਰਿਸਾਂ ਦਾ ਇਲਾਜ ਕਰਵਾਉਣ ਲਈ ਉਨ੍ਹਾਂ ਨੇ ਤਾਂ ਆਪਣਾ ਘਰ ਤੇ ਸੋਨਾ ਗਹਿਣੇ ਰੱਖਿਆ ਹੋਇਆ ਹੈ ਪਰ ਖਜ਼ਾਨਾ ਦਫਤਰਾਂ ਤੋਂ ਪੈਸਾ ਨਾ ਮਿਲਣ ਕਾਰਨ ਉਨ੍ਹਾਂ ਨੂੰ ਡਰ ਸਤਾਅ ਰਿਹਾ ਹੈ ਕਿ ਗਹਿਣੇ ਪਿਆ ਮਕਾਨ ਜਾਂ ਸਾਮਾਨ ਹੀ ਨਾ ਵਿਆਜੀ ਰਕਮ ਵਿਚ ਵਿਕ ਜਾਵੇ। ਇਸੇ ਤਰ੍ਹਾਂ ਪੰਜਾਬ ਦੇ ਹੋਰਨਾਂ ਡਵੀਜ਼ਨਾਂ ‘ਚ ਸਥਿਤ ਸਰਕਾਰੀ ਈ.ਐੈੱਸ.ਆਈ ਹਸਪਤਾਲ ‘ਤੇ ਰਿਪੋਰਟ ਦੀ ਗੱਲ ਕਰੀਏ ਤਾਂ ਉਥੇ ਵੀ ਕਾਰਡ ਹੋਲਡਰਾਂ ਦੇ ਕਰੋੜਾਂ ਰੁਪਏ ਬਕਾਇਆ ਲਈ ਪਏ ਹਨ। ਸਰਕਾਰ ਨੇ ਜੇਕਰ ਕਾਰਡ ਹੋਲਡਰਾਂ ਨੂੰ ਸੇਵਾਵਾਂ ਢੁੱਕਵੀਆਂ ਦੇਣੀਆਂ ਹੀ ਨਹੀਂ ਤਾਂ ਫਿਰ ਕਿਉਂ ਵਧੀਆ ਕੰਮ ਦੇ ਦਾਅਵੇ ਕਰਦੀ ਹੈ। ਕਾਰਡ ਹੋਲਡਰਾਂ ਨੂੰ ਉਮੀਦ ਸੀ ਕਿ ਦੀਵਾਲੀ ‘ਤੇ ਸਰਕਾਰ ਆਪਣੀ ਅਣਐਲਾਨੀ ਰੋਕ ਹਟਾ ਕੇ ਖਜ਼ਾਨੇ ਖੋਲ੍ਹੇਗੀ ਪਰ ਹੋਰਨਾਂ ਮੁਲਾਜ਼ਮਾਂ ਵਾਂਗ ਈ. ਐੱਸ. ਆਈ. ਕਾਰਡ ਹੋਲਡਰਾਂ ਦੇ ਪੱਲੇ ਵੀ ਸਰਕਾਰ ਨੇ ਨਿਰਾਸ਼ਾ ਹੀ ਪਾਈ ਹੈ।

Be the first to comment

Leave a Reply