ਪੰਜ ਸਿੰਘ ਸਾਹਿਬਾਨ ਨੇ ‘ਲੰਗਾਹ’ ਨੂੰ ਪੰਥ ਵਿਚੋਂ ਛੇਕਿਆ

ਅੰਮ੍ਰਿਤਸਰ  –  ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋਈ। ਇਕੱਤਰਤਾ ‘ਚ ਸੁੱਚਾ ਸਿੰਘ ਲੰਗਾਹ ਖਿਲਾਫ਼ ਪੁੱਜੀਆਂ ਸ਼ਿਕਾਇਤਾਂ ਉਪਰੰਤ ਸਿੰਘ ਸਾਹਿਬਾਨ ਨੇ ‘ਲੰਗਾਹ’ ਨੂੰ ਦੋਸ਼ੀ ਮੰਨਦਿਆਂ ‘ਪੰਥ’ ‘ਚੋਂ ਛੇਕਣ ਦਾ ਫੈਸਲਾ ਸੁਣਾਇਆ।

ਇਕੱਤਰਤਾ ‘ਚ ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਬਣਾਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਲਾਹਕਾਰ ਕਮੇਟੀ ਵੱਲੋਂ ਦਿੱਤੇ ਸੁਝਾਅ ਉਪਰ ਕੀਤੀ ਗਈ ਦੀਰਘ ਵਿਚਾਰ ਉਪਰੰਤ ਫੈਸਲਾ ਲਿਆ ਗਿਆ ਕਿ ਵਿਸ਼ਵ ਭਰ ਵਿਚ ਸਿੱਖ ਉਚੇ-ਸੁੱਚੇ ਅਤੇ ਆਦਰਸ਼ਕ ਇਖ਼ਲਾਕ ਲਈ ਜਾਣੇ ਜਾਂਦੇ ਹਨ। ਸੁੱਚਾ ਸਿੰਘ ਲੰਗਾਹ ਦੀ ਇਸ ਬਦ-ਇਖ਼ਲਾਕੀ ਕਾਰਵਾਈ ਨਾਲ ਜਿੱਥੇ ਸਿੱਖ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ ਉਥੇ ਸਿੱਖ ਕਿਰਦਾਰ ਨੂੰ ਵੀ ਢਾਅ ਲੱਗੀ ਹੈ। ਇਸ ਲਈ ਸੁੱਚਾ ਸਿੰਘ ਲੰਗਾਹ ਨੂੰ ਸਿੱਖ ਰਹਿਤ ਮਰਿਯਾਦਾ ਅਨੁਸਾਰ ਬੱਜ਼ਰ ਕੁਰਹਿਤ ਕਰਨ ਕਰਕੇ ਦੋਸ਼ੀ ਮੰਨਦਿਆਂ, ਮਾਮਲੇ ਦੀ ਗੰਭੀਰਤਾ ਅਤੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮੋਹਰ ਅਧਿਕਾਰ ਹੇਠ ਗੁਰਮਤਿ ਜੁਗਤ ਅਨੁਸਾਰ ਪੰਜ ਸਿੰਘ ਸਾਹਿਬਾਨਾਂ ਵੱਲੋਂ ਉਪਰੋਕਤ ਦੋਸ਼ਾਂ ਕਾਰਨ ਇਸਨੂੰ ਪੰਥ ਵਿਚੋਂ ਛੇਕਿਆ ਜਾਂਦਾ ਹੈ।
ਇਸ ਪ੍ਰਤੀ ਸਮੂੰਹ ਸਿੱਖ ਸੰਗਤਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਉਕਤ ਸੁੱਚਾ ਸਿੰਘ ਲੰਗਾਹ ਨਾਲ ਕਿਸੇ ਕਿਸਮ ਦੀ ਕੋਈ ਸਾਂਝ ਨਾ ਰੱਖੀ ਜਾਵੇ। ਭਾਵੇਂ ਸੁੱਚਾ ਸਿੰਘ ਲੰਗਾਹ ਨੂੰ ਸ਼੍ਰੋਮਣੀ ਗੁ: ਪ੍ਰ: ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੋਸ਼ੀ ਮੰਨਦਿਆਂ ਸਾਰੇ ਅਹੁਦਿਆਂ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ, ਜੇਕਰ ਇਹ ਕਿਸੇ ਹੋਰ ਵੀ ਸਿੱਖ ਸੰਸਥਾ ਦਾ ਮੈਂਬਰ ਹੋਵੇ ਤਾਂ ਇਸ ਨੂੰ ਤੁਰੰਤ ਬਰਖ਼ਾਸਤ ਕਰ ਦਿੱਤਾ ਜਾਵੇ ਅਤੇ ਇਸ ਦਾ ਨਾਮ ਲੈ ਕੇ ਕਿਸੇ ਵੀ ਧਾਰਮਿਕ ਅਸਥਾਨ ‘ਤੇ ਅਰਦਾਸ ਨਾ ਕੀਤੀ ਜਾਵੇ।
ਸਿੰਘ ਸਾਹਿਬਾਨ ਵੱਲੋਂ ਇਹ ਵੀ ਫੈਸਲਾ ਲਿਆ ਗਿਆ ਕਿ ਅੱਗੇ ਤੋਂ ਬੱਜ਼ਰ ਕੁਰਹਿਤ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਕਿਸੇ ਸਿੱਖ ਧਾਰਮਿਕ ਸੰਸਥਾ ਵਿਚ ਨੁਮਾਇੰਦਗੀ ਨਾ ਦਿੱਤੀ ਜਾਵੇ ਅਤੇ ਕਿਸੇ ਵੀ ਵਿਅਕਤੀ ਨੂੰ ਅਹੁਦੇਦਾਰ ਬਣਾਉਣ ਤੋਂ ਪਹਿਲਾਂ ਉਸ ਵਿਅਕਤੀ ਦੇ ਕਿਰਦਾਰ ਨੂੰ ਧਿਆਨ ਵਿਚ ਰੱਖਿਆ ਜਾਇਆ ਕਰੇ।
ਸਿਰਸੇ ਅਸਾਧ ਕੋਲੋਂ ਵੋਟਾਂ ਮੰਗਣ ਲਈ ਗਏ ਅਰਜਨ ਸਿੰਘ ਬਾਦਲ ਪੁਤਰ ਮਨਪ੍ਰੀਤ ਸਿੰਘ ਬਾਦਲ ਅਤੇ ਬੀਬੀ ਰਜਿੰਦਰ ਕੌਰ ਭੱਠਲ, ਜਿਨ੍ਹਾਂ ਵੱਲੋਂ ਉਸ ਸਮੇਂ ਨਾ ਪੁੱਜ ਸਕਣ ਬਾਰੇ ਲਿਖਤੀ ਦਿੱਤਾ ਗਿਆ ਪ੍ਰੰਤੂ ਅਜੇ ਤੱਕ ਇਹ ਹਾਜਰ ਨਹੀਂ ਹੋਏ। ਇਨ੍ਹਾਂ ਨੂੰ ਆਖਰੀ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਪੇਸ਼ ਹੋਣ ਲਈ ਮੌਕਾ ਦਿਤਾ ਜਾਂਦਾ ਹੈ। ਜੇਕਰ ਇਹ ਇਸ ਵਾਰ ਵੀ ਪੇਸ਼ ਨਹੀਂ ਹੁੰਦੇ ਤਾਂ ਇਨ੍ਹਾਂ ਉਪਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

Be the first to comment

Leave a Reply

Your email address will not be published.


*