ਪੱਤਰਕਾਰਾਂ ’ਤੇ ਹਮਲਿਆਂ ਖ਼ਿਲਾਫ਼ ਦਿੱਲੀ ’ਚ ਮੌਨ ਮਾਰਚ

ਨਵੀਂ ਦਿੱਲੀ – ਦੇਸ਼ ਭਰ ਵਿੱਚ ਪੱਤਰਕਾਰਾਂ ਉਪਰ ਹੋ ਰਹੇ ਹਮਲਿਆਂ ਤੇ ਕਤਲਾਂ ਨੂੰ ਲੈ ਕੇ ਦਿੱਲੀ ਵਿੱਚ ਪੱਤਰਕਾਰ ਭਾਈਚਾਰੇ ਤੇ ਹੋਰਨਾਂ ਸ਼ਖ਼ਸੀਅਤਾਂ ਨੇ ਮਨੁੱਖੀ ਲੜੀ ਬਣਾ ਕੇ ਮੀਡੀਆ ਦੀ ਆਜ਼ਾਦੀ ’ਤੇ ਹਮਲਿਆਂ ਦੀ ਨਿਖੇਧੀ ਕੀਤੀ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰਾਲੇ ਕੋਲੋਂ ਮੰਗ ਕੀਤੀ ਕਿ ਹਮਲਿਆਂ ਬਾਰੇ ਸਥਿਤੀ ਰਿਪੋਰਟ ਪੇਸ਼ ਕੀਤੀ ਜਾਵੇ। ਇਸ ਤੋਂ ਪਹਿਲਾਂ ਮੀਡੀਆ ਕਰਮਚਾਰੀ ਪ੍ਰੈਸ ਕਲੱਬ ਆਫ ਇੰਡੀਆ ਵਿੱਚ ਇਕੱਠੇ ਹੋਏ ਤੇ ਮਨੁੱਖੀ ਲਡ਼ੀ ਬਣਾ ਕੇ ਪੱਤਰਕਾਰਾਂ ਉਪਰ ਹੋ ਰਹੇ ਹਮਲਿਆਂ, ਧਮਕੀਆਂ ਦੇਣ ਤੇ ਹਿੰਸਾ ਦੀ ਨਿੰਦਾ ਕਰਦਿਆਂ ਮ੍ਰਿਤਕਾਂ ਨਾਲ ਸੰਵੇਦਨਾ ਪ੍ਰਗਟ ਕੀਤੀ। ਰਾਸ਼ਟਰ ਪਿਤਾ ਦੇ ਜਨਮ ਦਿਵਸ ਮੌਕੇ ਵਿਉਂਤੇ ਇਸ ਪ੍ਰੋਗਰਾਮ ਤਹਿਤ ਪੱਤਰਕਾਰਾਂ ਤੇ ਬੁੱਧੀਜੀਵੀਆਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰੈਸ ਕਲੱਬ ਆਫ ਇੰਡੀਆ ਤੋਂ ਲੈ ਕੇ ਵਿਮੈੱਨਜ਼ ਪ੍ਰੈੱਸ ਕਾਰਪੋਸ (ਆਈਡਬਲਿਊਪੀਸੀ) ਤੱਕ ਮੌਨ ਮਾਰਚ ਕੱਢਿਆ ਅਤੇ ਪ੍ਰੈਸ ਦੀ ਆਜ਼ਾਦੀ ਦੀ ਮੰਗ ਕੀਤੀ ਗਈ। ਇਸ ਮੌਕੇ ਇੱਕ ਪਟੀਸ਼ਨ ’ਤੇ ਵੀ ਦਸਤਖ਼ਤ ਕੀਤੇ ਗਏ, ਜੋ 5 ਅਕਤੂਬਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਦਿੱਤੀ ਜਾਵੇਗੀ। ਇਸ ਦਿਨ ਦੇਸ਼ ਦੀਆਂ ਕਈ ਪ੍ਰੈੱਸ ਕਲੱਬਾਂ ਦੇ ਆਗੂਆਂ ਤੇ ਪੱਤਰਕਾਰਾਂ ਵੱਲੋਂ ਭਵਿੱਖੀ ਪ੍ਰੋਗਰਾਮ ਉਲੀਕੇ ਜਾਣੇ ਹਨ। ਔਰਤਾਂ ਦੀ ਪ੍ਰੈਸ ਜਥੇਬੰਦੀ ਦੀ ਆਗੂ ਟੀ.ਕੇ. ਰਾਜਲਕਸ਼ਮੀ ਨੇ ਦੱਸਿਆ ਕਿ ਦੇਸ਼ ਭਰ ਵਿੱਚ ਪ੍ਰੈਸ ਕਲੱਬ ਆਫ ਇੰਡੀਆ ਨਾਲ ਜੁੜੀਆਂ ਸੰਸਥਾਵਾਂ ਵੱਲੋਂ ਅਜਿਹੇ ਪ੍ਰਦਰਸ਼ਨ ਕੀਤੇ ਗਏ। ਉਨ੍ਹਾਂ ਗੌਰੀ ਲੰਕੇਸ਼ ਦੇ ਬੰਗਲੌਰ ਤੇ ਤ੍ਰਿਪੁਰਾ ਦੇ ਨੌਜਵਾਨ ਪੱਤਰਕਾਰ ਸਾਥੀ ਭੌਮਿਕ ਦੇ ਕਤਲ ਦੀ ਸਖ਼ਤ ਨਿੰਦਾ ਕੀਤੀ।

Be the first to comment

Leave a Reply