ਫ਼ਿਲਮ ‘ਨਾਨਕਸ਼ਾਹ ਫਕੀਰ’ ਨੂੰ ਬਰਤਾਨੀਆ ‘ਚ ਨਹੀਂ ਚੱਲਣ ਦਿੱਤਾ ਜਾਵੇਗਾ–ਸਿੱਖ ਜਥੇਬੰਦੀਆਂ

‘ਨਾਨਕਸ਼ਾਹ ਫ਼ਕੀਰ’ ਫ਼ਿਲਮ ਸਿੱਖ ਮਾਣ-ਮਰਿਆਦਾ ਦੀ ਘੋਰ ਉਲੰਘਣਾ ਹੈ ਜਿਸ ਨੂੰ ਸਿੱਖ ਪੰਥ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ | ਇਹ ਵਿਚਾਰ ਸਿੱਖ ਫੈੱਡਰੇਸ਼ਨ ਯੂ.ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਸਿੱਖ ਧਰਮ ਅਨੁਸਾਰ ਜਿੱਥੇ ਦੇਹਧਾਰੀ ਗੁਰੂ ਨਹੀਂ ਹੋ ਸਕਦਾ, ਉੱਥੇ ਹੀ ਪੰਥਕ ਮਰਿਆਦਾ ਅਨੁਸਾਰ ਕੋਈ ਵੀ ਵਿਅਕਤੀ ਦਸ ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਕਲੀ ਰੂਪ ਨਹੀਂ ਦੇ ਸਕਦਾ | ਭਾਵ ਕਿਸੇ ਨਾਟਕ ਜਾਂ ਫ਼ਿਲਮੀ ਪਰਦੇ ‘ਤੇ ਪੇਸ਼ ਨਹੀਂ ਕਰ ਸਕਦਾ | ਭਾਈ ਗਿੱਲ ਨੇ ਕਿਹਾ ਕਿ ਯੂ.ਕੇ. ਵਿਚ ਇਸ ਫ਼ਿਲਮ ਦਾ ਪਹਿਲਾਂ ਵਾਂਗ ਹੀ ਵਿਰੋਧ ਕੀਤਾ ਜਾਵੇਗਾ ਤੇ ਯੂ.ਕੇ. ਦੇ ਕਿਸੇ ਵੀ ਸਿਨੇਮਾ ਘਰ ‘ਚ ਇਸ ਨੂੰ ਚੱਲਣ ਨਹੀਂ ਦਿੱਤਾ ਜਾਵੇਗਾ | ਇਸੇ ਤਰ੍ਹਾਂ ਫੈੱਡਰੇਸ਼ਨ ਆਫ਼ ਸਿੱਖਸ ਆਰਗੇਨਾਈਜੇਸ਼ਨ ਨੇ ਸਾਂਝੇ ਬਿਆਨ ‘ਚ ਨਾਨਕਸ਼ਾਹ ਫ਼ਕੀਰ ਫ਼ਿਲਮ ਨੂੰ ਸਿੱਖ ਸਿਧਾਂਤਾਂ ‘ਤੇ ਹਮਲਾ ਕਰਾਰ ਦਿੰਦਿਆਂ ਇਸ ਦਾ ਸਖ਼ਤ ਵਿਰੋਧ ਕਰਨ ਲਈ ਸਮੁੱਚੀ ਸਿੱਖ ਕੌਮ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ |