ਫਾਰਮਾਸਿਸਟਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਸਬੰਧੀ ਬ੍ਰਹਮ ਮਹਿੰਦਰਾ ਨਾਲ ਕੀਤੀ ਮੁਲਾਕਾਤ

ਫ਼ਿਰੋਜ਼ਪੁਰ  : ਪੰਜਾਬ ਰਾਜ ਫਾਰਮਾਸਿਸਟ ਐਸੋਸੀਏਸ਼ਨ ਦੇ ਵਫਦ ਵੱਲੋਂ ਸ਼ਾਮ ਲਾਲ ਸ਼ਰਮਾ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਫਾਰਮਾਸਿਸਟਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਸਬੰਧੀ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਡਾ ਰਾਜੀਵ ਭੱਲਾ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਵੀ ਮੌਜੂਦ ਸਨ।
ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਜੱਥਬੰਦੀ ਦੇ ਸੂਬਾ ਸਕੱਤਰ ਰਵਿੰਦਰ ਲੂਥਰਾ ਨੇ ਦੱਸਿਆ ਕਿ ਸਿਹਤ ਮੰਤਰੀ ਨਾਲ ਮੀਟਿੰਗ ਵਿੱਚ ਐਸੋਸੀਏਸ਼ਨ ਵੱਲੋਂ ਮੰਗ ਕੀਤੀ ਗਈ ਕਿ ਫਾਰਮਾਸਿਸਟਾਂ ਦਾ ਡਿੰਮਨਿਸ਼ਿੰਗ ਕਾਡਰ ਖਤਮ ਹੋ ਚੁੱਕਾ ਹੈ, ਇਸ ਲਈ ਫਾਰਮਾਸਿਸਟਾਂ ਦੇ ਸੇਵਾ ਕਾਲ ਵਿੱਚ ਇੱਕ ਸਾਲ ਦਾ ਵਾਧਾ ਕੀਤਾ ਜਾਵੇ ਅਤੇ ਫਾਰਮਾਸਿਸਟਾਂ ਦੇ ਕੰਮ ਦੇ ਵਧੇ ਬੋਝ ਕਾਰਨ ਉਹਨਾਂ ਦੀ ਤੁਰੰਤ ਨਵੀਂ ਭਰਤੀ ਸ਼ੁਰੂ ਕੀਤੀ ਜਾਵੇ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਵੱਲੋਂ ਫਾਰਮਾਸਿਸਟਾਂ/ਚੀਫ ਫਾਰਮਾਸਿਸਟਾਂ ਦੀਆਂ 302 ਨਵੀਆਂ ਆਸਾਮੀਆਂ ਦੀ ਰਚਨਾ ਕੀਤੀ ਜਾਵੇ, ਫਾਰਮਾਸਿਸਟਾਂ ਦੇ ਅਹੁੱਦੇ ਦਾ ਨਾਂ ਬਦਲਣ ਦੀ ਵੀ ਪੁਰਜ਼ੋਰ ਮੰਗ ਤੋਂ ਇਲਾਵਾ ਪੰਜਾਬ ਵਿੱਚ ਡਰੱਗ ਵੇਆਰਹਾਉਸ ਦੀ ਗਿਣਤੀ ਵਧਾਉਣ ਅਤੇ ਸਮੂਹ ਸਿਹਤ ਸੰਸਥਾਵਾਂ ਵਿੱਚ ਦਵਾਈਆਂ ਦੀ ਹੋਰ ਬਿਹਤਰ ਤਰੀਕੇ ਨਾਲ ਸਪਲਾਈ ਦੇ ਸਬੰਧ ਵਿੱਚ ਜ਼ਿਲ੍ਹਾ ਹੈੱਡ ਕੁਆਟਰ ਦੇ ਸੈਂਟਰਲ ਸਟੋਰਾਂ ਨੂੰ ਦੁਬਾਰਾ ਚਾਲੂ ਕਰਨ ਦੇ ਹੁਕਮ ਜਾਰੀ ਕਰਨਾ ਆਦਿ ਸ਼ਾਮਲ ਹਨ। ਇਸ ਮੀਟਿੰਗ ਦੌਰਾਨ ਜ਼ਿਲ੍ਹਾ ਹੈੱਡ ਕੁਆਟਰ ਦੇ ਸਟੋਰਾਂ ਨੂੰ ਇਸ ਦਵਾਈ ਦੀ ਸਾਂਭ ਸੰਭਾਲ ਲਈ ਲੋੜੀਂਦੀਆਂ ਸਹੂਲਤਾਂ ਦੇਣ ਦਾ ਫੈਸਲਾ ਲਿਆ ਗਿਆ। ਜਦ ਕਿ ਜੇਲ੍ਹਾਂ ਦੀਆਂ ਡਿਊਟੀਆਂ ਦੇ ਸਬੰਧ ਵਿੱਚ ਇਹ ਮੰਗ ਕੀਤੀ ਗਈ ਕਿ ਫਾਰਮਾਸਿਸਟਾਂ ਦੀਆਂ ਡਿਊਟੀਆਂ ਸਰਕਾਰੀ ਨਿਯਮਾਂ/ਹਦਾਇਤਾਂ ਅਨੁਸਾਰ ਹੀ ਲਗਾਈਆਂ ਜਾਣ ਅਤੇ ਉਨ੍ਹਾਂ ਦਾ ਸੁਰੱਖਿਆ ਦਾ ਖਾਸ ਧਿਆਨ ਰੱਖਿਆ ਜਾਵੇ। ਇਸ ਤੋਂ ਇਲਾਵਾ ਜੱਥੇਬੰਦੀ ਵੱਲੋਂ ਰਾਜ ਦੀਆਂ 1186 ਪੇਂਡੂ ਡਿਸਪੈਂਸਰੀਆਂ ਦਾ ਕੰਟਰੋਲ ਮੁੜ ਸਿਹਤ ਵਿਭਾਗ ਨੂੰ ਸੌਪਣ ਲਈ ਵੀ ਮੰਗ ਕੀਤੀ ਗਈ। ਮੀਟਿੰਗ ਦੌਰਾਨ ਸਿਹਤ ਮੰਤਰੀ ਵੱਲੋਂ ਐਸੋਸੀਏਸ਼ਨ ਦੀਆਂ ਉਕਤ ਮੰਗਾਂ ਸਬੰਧੀ ਸਹਿਮਤੀ ਪ੍ਰਗਟਾਈ ਗਈ ਅਤੇ ਇਹਨਾਂ ਮੰਗਾਂ ਨੂੰ ਜਲਦੀ ਹੀ ਲਾਗੂ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮੀਟਿੰਗ ਵਿੱਚ ਕਿਸ਼ੋਰ ਸ਼ਰਮਾ, ਸੁਖਵਿੰਦਰ ਸ਼ਰਮਾ, ਬਲਵਿੰਦਰ ਕੁਮਾਰ, ਸੁਨੀਲ ਦੱਤ ਸ਼ਰਮਾ, ਸਿਓ ਲਾਲ, ਨਰਿੰਦਰ ਮੋਹਨ ਸ਼ਰਮਾ, ਰਘੂਵੀਰ ਚੰਦ ਅਤੇ ਸ਼੍ਰੀਮਤੀ ਮੀਨਾਕਸ਼ੀ ਧੀਰ ਵੀ ਹਾਜ਼ਰ ਸਨ।

Be the first to comment

Leave a Reply