ਫੇਸਬੁੱਕ ਨੇ ਕੈਨੇਡੀਅਨ ਫਰਮ ਨੂੰ ਸੇਵਾਵਾਂ ਦੇਣੀਆਂ ਕੀਤੀਆਂ ਬੰਦ

ਡਾਟਾ ਚੋਰੀ ਮਾਮਲੇ ‘ਚ ਲਗਾਤਾਰ ਵਿਵਾਦਾਂ ਦਾ ਸਾਹਮਣਾ ਕਰ ਰਹੀ ਫੇਸਬੁੱਕ ਨੇ ਕੈਂਬ੍ਰਿਜ ਐਨਾਲਿਟਿਕਾ ਤੋਂ ਬਾਅਦ ਹੁਣ ਰਾਜਨੀਤਕ ਸਲਾਹ ਦੇਣ ਵਾਲੀ ਕੈਨੇਡੀਅਨ ਫਰਮ ਐਗ੍ਰੀਗਰੇਟ ਆਈ.ਕਿਊ. ਨੂੰ ਆਪਣੀਆਂ ਸੇਵਾਵਾਂ ਦੇਣਾ ਬੰਦ ਕਰ ਦਿੱਤਾ ਹੈ। ਫੇਸਬੁੱਕ ਨੇ ਐਤਵਾਰ ਨੂੰ ਕਿਹਾ ਕਿ ਸ਼ਾਇਦ ਐਗ੍ਰੀਗਰੇਟ ਆਈ.ਕਿਊ. ਨੇ ਗਲਤ ਤਰੀਕੇ ਨਾਲ ਫੇਸਬੁੱਕ ਯੂਜ਼ਰਸ ਦਾ ਡਾਟਾ ਹਾਸਲ ਕੀਤਾ। ਦੱਸਿਆ ਜਾ ਰਿਹਾ ਹੈ ਕਿ ਐਗ੍ਰੀਗਰੇਟ ਆਈ.ਕਿਊ. ਤੇ ਕੈਂਬ੍ਰਿਜ ਐਨਾਲਿਟਿਕਾ ਨਾਲ ਮਿਲ ਕੇ ਕੰਮ ਕਰ ਰਹੀ ਸੀ।
ਬ੍ਰਿਟਿਸ਼ ਕੰਪਨੀ ਕੈਂਬ੍ਰਿਜ ਐਨਾਲਿਟਿਕਾ ‘ਤੇ ਦੋਸ਼ ਲੱਗਾ ਹੈ ਕਿ ਅਮਰੀਕੀ ਰਾਸ਼ਟਰਪਤੀ ਚੋਣ ਨੂੰ ਪ੍ਰਭਾਵਿਤ ਕਰਨ ਲਈ ਉਸ ਨੇ ਫੇਸਬੁੱਕ ਦੇ 8.7 ਕਰੋੜ ਯੂਜ਼ਰਸ ਦਾ ਡਾਟਾ ਇਸਤੇਮਾਲ ਕੀਤਾ। ਅਮਰੀਕਾ ‘ਚ ਰਾਸ਼ਟਰਪਤੀ ਚੋਣ ਦੌਰਾਨ ਡੋਨਾਲਡਟਰੰਪ ਦੇ ਪ੍ਰਚਾਰ  ਅਭਿਆਨ ਦਾ ਕੰਮ ਕੈਂਬ੍ਰਿਜ ਐਨਾਲਿਟਿਕਾ ਹੀ ਦੇਖ ਰਹੀ ਸੀ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਉਸ ਕੋਲ ਤਿੰਨ ਕਰੋੜ ਫੇਸਬੁੱਕ ਯੂਜ਼ਰਸ ਦਾ ਡਾਟਾ ਸੀ ਪਰ ਉਸ ਨੇ ਚੋਣ ਪ੍ਰਚਾਰ ਅਭਿਆਨ ਦੌਰਾਨ ਇਸ ਦਾ ਇਸਤੇਮਾਲ ਨਹੀਂ ਕੀਤਾ। ਕਈ ਵ੍ਹਿਸਿਲ ਬਲੋਅਰਸ ਦਾ ਕਹਿਣਾ ਹੈ ਕਿ ਐਗ੍ਰੀਗਰੇਟ ਆਈ.ਕਿਊ. ਨੇ ਬ੍ਰਿਟੇਨ ਨੂੰ ਯੂਰੋਪੀਅਨ ਯੂਨੀਅਨ ਤੋਂ ਬਾਹਰ ਕੱਢਣ ਲਈ ਚਲਾਏ ਗਏ ਅਭਿਆਨ ‘ਤੇ ਵੀ ਕੰਮ ਕੀਤਾ ਸੀ।