ਬਜਟ ਦੀ ਖ਼ਾਸ ਗੱਲ ਕੀ ਰਹੀ ਜਾਣੋ ?

ਚੰਡੀਗੜ੍ਹ: ਕੈਪਟਨ ਸਰਕਾਰ ਦਾ ਪਹਿਲਾ ਬਜਟ ਸਾਲ 2017-18 ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਵਿਧਾਨ ਸਭਾ ਵਿੱਚ ਪੇਸ਼ ਕਰ ਦਿੱਤਾ। ਮਨਪ੍ਰੀਤ ਸਿੰਘ ਬਾਦਲ ਨੇ ਬਜਟ ਵਿੱਚ ਸਿੱਖਿਆ ਤੇ ਸਮਾਜਿਕ ਖੇਤਰਾਂ ਉੱਤੇ ਜ਼ਿਆਦਾ ਧਿਆਨ ਦਿੱਤਾ ਹੈ। ਬਾਦਲ ਵੱਲੋਂ ਕੁੱਲ 1,18,237.90 ਕਰੋੜ ਦਾ ਬਜਟ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਵਿੱਤੀ ਘਾਟਾ 14,784.87 ਕਰੋੜ ਹੈ। ਬਜਟ ਵਿੱਚ ਕਿਸਾਨਾਂ ਦੀ ਕਰਜ਼ੇ ਮੁਆਫ਼ੀ ਲਈ 1500 ਕਰੋੜ ਰੁਪਏ ਰੱਖਿਆ ਗਿਆ ਹੈ। ਬਜਟ ਦੀ ਖ਼ਾਸ ਗੱਲ ਇਹ ਵੀ ਹੈ ਕਿ ਸਰਕਾਰ ਨੇ ਕੋਈ ਵੀ ਨਵਾਂ ਟੈਕਸ ਸੂਬੇ ਦੇ ਲੋਕਾਂ ਉੱਤੇ ਨਹੀਂ ਲਾਇਆ।

ਸਮਰਾਟਫ਼ੋਨ ਲਈ ਬਜਟ ਵਿੱਚ 10 ਕਰੋੜ ਰੁਪਏ ਦੀ ਵੱਖਰੇ ਤੌਰ ਉੱਤੇ ਵਿਵਸਥਾ ਕੀਤੀ ਗਈ ਹੈ। ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਸੜਕਾਂ ਤੇ ਵਿਕਾਸਮਈ ਢਾਂਚੇ ਨੂੰ ਵਿਕਸਤ ਕਰਨ ਦੇ ਨਾਲ-ਨਾਲ ਸਿੱਖਿਆ ਤੇ ਸਮਾਜਿਕ ਵਿਕਾਸ ਉੱਤੇ ਵੀ ਧਿਆਨ ਦੇਣਾ ਹੋਵੇਗਾ। ਦੂਜੇ ਪਾਸੇ ਜਿਵੇਂ ਹੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਜਟ ਪੜ੍ਹਨਾ ਸ਼ੁਰੂ ਕੀਤਾ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸਦਨ ਵਿੱਚ ਵਾਕਆਊਟ ਕਰ ਦਿੱਤਾ।

ਮਨਪ੍ਰੀਤ ਬਾਦਲ ਨੇ ਆਖਿਆ ਕਿ ਸੂਬੇ ਵਿੱਚ ਛੇਤੀ ਹੀ ਨਵੀਂ ਸਿੱਖਿਆ ਤੇ ਖੇਡ ਨੀਤੀ ਬਣਾਈ ਗਈ ਹੈ। ਇਸ ਤਹਿਤ ਸੂਬੇ ਦੇ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਲਈ ਤਿਆਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਖੇਤੀਬਾੜੀ ਉੱਤੇ ਧਿਆਨ ਦਿੰਦੇ ਹੋਏ ਵਿੱਤ ਮੰਤਰੀ ਨੇ ਫ਼ਸਲ ਖ਼ਰਾਬ ਹੋਣ ਉੱਤੇ ਮੁਆਵਜ਼ਾ ਰਾਸ਼ੀ ਅੱਠ ਹਜ਼ਾਰ ਤੋਂ ਵਧਾ ਕੇ 12 ਹਜ਼ਾਰ ਰੁਪਏ ਕਰ ਦਿੱਤੀ ਹੈ। ਇਸ ਦੇ ਨਾਲ ਹੀ ਹਰਾ ਟਰੈਕਟਰ ਨਾਮਕ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਅਧੀਨ 25000 ਨੌਜਵਾਨਾਂ ਨੂੰ ਖੇਤੀਬਾੜੀ ਦੇ ਸੰਦਾਂ ਦੇ ਨਾਲ ਟਰੈਕਟਰ ਦੇਣ ਦੀ ਵਿਵਸਥਾ ਹੈ।

ਕਿਸਾਨਾਂ ਦੇ ਫ਼ਸਲ ਬੀਮਾ ਲਈ ਪੰਜਾਬ ਵਿੱਚ ਖੇਤੀਬਾੜੀ ਬੀਮਾ ਕਾਰਪੋਰੇਸ਼ਨ ਨੂੰ ਸੂਬੇ ਸਥਾਪਤ ਕੀਤਾ ਜਾਵੇਗਾ। ਇਸੇ ਤਰ੍ਹਾਂ ਪੜ੍ਹੋ ਤੇ ਪੜ੍ਹਾਓ ਸਕੀਮ ਤਹਿਤ ਪ੍ਰਵਾਸੀ ਪੰਜਾਬੀਆਂ ਨੂੰ ਸਿੱਖਿਆ ਖੇਤਰ ਵਿੱਚ ਪੈਸੇ ਲਗਾਉਣ ਲਈ ਪ੍ਰੇਰਿਤ ਕਰਨ ਦੀ ਵੀ ਤਜਵੀਜ਼ ਬਜਟ ਵਿੱਚ ਰੱਖੀ ਗਈ ਹੈ। ਸਰਕਾਰੀ ਸਕੂਲਾਂ ਵਿੱਚ ਪ੍ਰਾਇਮਰੀ ਸਕੂਲਾਂ ਵਿੱਚ ਕੰਪਿਊਟਰਾਂ ਲਈ 10 ਕਰੋੜ ਰੁਪਏ ਰੱਖੇ। ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ‘ਆਪਣੀ ਗੱਡੀ ਆਪਣਾ ਰੁਜ਼ਗਾਰ’ ਨਾਮਕ ਸਕੀਮ ਸ਼ੁਰੂ ਕੀਤੀ ਜਾਵੇਗੀ। ਇਸ ਲਈ ਓਲਾ ਤੇ ਓਬਰ ਵਰਗੀਆਂ ਕੰਪਨੀਆਂ ਨਾਲ ਸਮਝੌਤਾ ਕਰਕੇ ਤਿੰਨ ਲੱਖ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਵਿਵਸਥਾ ਕੀਤੀ ਜਾਵੇਗੀ। ‘ਸ਼ਹੀਦ ਭਗਤ ਸਿੰਗ ਰੁਜ਼ਗਾਰ ਸਿਰਜਨ ਯੋਜਨਾ’ ਦੇ ਤਹਿਤ ਸਰਕਾਰ ਨੌਜਵਾਨਾਂ ਨੂੰ ਸਸਤੇ ਵਿਆਜ ਉੱਤੇ ਕਰਜ਼ਾ ਦੇਣ ਦੀ ਵਿਵਸਥਾ ਵੀ ਕੀਤੀ ਗਈ ਹੈ। ਸੂਬੇ ਦੀਆਂ ਪਿਛਾੜੀਆਂ ਤੇ ਹੋਰ ਪਿਛਾੜੀਆਂ ਸ਼੍ਰੇਣੀਆਂ ਲਈ 2000 ਮਕਾਨਾਂ ਦੀ ਉਸਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਗ਼ਰੀਬਾਂ ਨੂੰ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਕਈ ਨਵੀਆਂ ਸਕੀਮਾਂ ਲਿਆਂਦੀਆਂ ਜਾਣਗੀਆਂ। ਇਸ ਤੋਂ ਇਲਾਵਾ ਸੂਬੇ ਦੇ 48 ਕਾਲਜਾਂ ਨੂੰ ਮੁਫ਼ਤ ਇੰਟਰਨੈੱਟ ਸੁਵਿਧਾ ਦਿੱਤੀ ਜਾਵੇਗੀ। ਇਸੀ ਤਰ੍ਹਾਂ ਸੂਬੇ ਵਿੱਚ ਪੰਜ ਨਵੇਂ ਡਿਗਰੀ ਕਾਲਜ ਖੋਲ੍ਹਣ ਦੀ ਵੀ ਤਜਵੀਜ਼ ਰੱਖੀ ਗਈ ਹੈ।

Be the first to comment

Leave a Reply