ਬਜਟ ਸ਼ੈਸਨ ਦੇ ਦੌਰਾਨ ਕੈਪਟਨ ਨੇ ਸੁਖਪਾਲ ਖਹਿਰਾ ਨੂੰ ਦਿੱਤਾ ਜਵਾਬ

ਚੰਡੀਗੜ੍ਹ-ਪੰਜਾਬ ਵਿਧਾਨ ਸਭਾ ‘ਚ ਬਜਟ ਸ਼ੈਸਨ ਦੇ ਦੂਜੇ ਦਿਨ ਦੀ ਕਾਰਵਾਈ ਚੱਲ ਰਹੀ ਹੈ। ਇਸ ਸੈਸ਼ਨ ‘ਚ ਗਵਰਨਰ ਦੇ ਭਾਸ਼ਣ ‘ਤੇ ਬਹਿਸ ਹੋ ਰਹੀ ਹੈ, ਜਿਸ ਦੌਰਾਨ ਵਿਧਾਇਕਾਂ ਵੱਲੋਂ ਸਰਕਾਰ ਤੋਂ ਪੰਜਾਬ ਦੇ ਮਸਲਿਆਂ ‘ਤੇ ਸਵਾਲ ਕੀਤਾ ਜਾ ਰਿਹਾ ਹੈ। ਇਸ ਦੌਰਾਨ ਆਪ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਕੈਪਟਨ ਤੋਂ ਪੁੱਛਿਆ ਕਿ ਖਾਲੀ ਅਸਾਮੀਆਂ ਕਦੋਂ ਭਰੀਆਂ ਜਾਣਗੀਆਂ ਅਤੇ ਐੱਸ. ਐੱਸ. ਬੋਰਡ ਕਦੋਂ ਬਣਾਇਆ ਜਾਵੇਗਾ। ਕੈਪਟਨ ਨੇ ਸੁਖਪਾਲ ਖਹਿਰਾ ਨੂੰ ਜਵਾਬ ਦਿੱਤਾ ਕਿ ਸਰਕਾਰ ਦੀ ਆਰਥਿਕ ਹਾਲਤ ਬਾਰੇ ਖਹਿਰਾ ਜਾਣਦੇ ਹਨ ਅਤੇ ਅਸੀਂ ਜਲਦੀ ਹੀ ਅਸਾਮੀਆਂ ਭਰਾਂਗੇ। ਖਹਿਰਾ ਨੇ ਕਿਹਾ ਕਿ ਜੇਕਰ ਆਰਥਿਕ ਹਾਲਾਤ ਮਾੜੇ ਹਨ ਤਾਂ ਫਿਰ ਨੌਕਰੀ ਮੇਲਿਆਂ ਦਾ ਕੀ ਮਤਲਬ, ਇਸ ‘ਤੇ ਕੈਪਟਨ ਨੇ ਖਹਿਰਾ ਨੂੰ ਜਵਾਬ ਦਿੰਦਿਆਂ ਕਿਹਾ ਕਿ ‘ਲਿਟਲ ਨੌਲਜ ਇਜ਼ ਏ ਡੇਂਜਰਸ ਥਿੰਗ’। ਕੈਪਟਨ ਨੇ ਕਿਹਾ ਕਿ ਅਸੀਂ ਹਜ਼ਾਰਾਂ ਨੌਕਰੀਆਂ ਦੇ ਚੁੱਕੇ ਹਾਂ, ਜਿਸ ਬਾਰੇ ਸੁਖਪਾਲ ਖਹਿਰਾ ਨਹੀਂ ਜਾਣਦੇ। ਵਿਧਾਨ ਸਭਾ ‘ਚ ਸ. ਭਗਤ ਸਿੰਘ ਦਾ ਮੁੱਦਾ ਵੀ ਗੂੰਜਿਆ, ਜਿਸ ਤੋਂ ਬਾਅਦ ਸਿਮਰਜੀਤ ਬੈਂਸ ਨੇ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਦੀ ਮੰਗ ਕੀਤੀ। ਸਿਮਰਜੀਤ ਬੈਂਸ ਨੇ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਸਰਕਾਰ ਦੀ ਕੋਈ ਅਜਿਹੀ ਤਜਵੀਜ ਹੈ, ਜਿਸ ਵਿੱਚ ਉਹ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਕੇਂਦਰ ਨੂੰ ਕੋਈ ਪ੍ਰਸਤਾਵ ਪਾਸ ਕਰਕੇ ਭੇਜਣਗੇ।