ਬਰਨਾਲਾ ਦੀ ਹਰਪ੍ਰੀਤ ਕੌਰ ਦੇ ਮੂੰਹ ‘ਤੇ ਵਿਆਹ ਵਾਲੇ ਦਿਨ ਹੀ ਤੇਜ਼ਾਬ ਸੁੱਟ ਦਿੱਤਾ ਗਿਆ

ਬਰਨਾਲਾ : ਬਰਨਾਲਾ ਦੇ ਮੱਧ ਵਰਗੀ ਪਰਿਵਾਰ ਦੀ ਹਰਪ੍ਰੀਤ ਕੌਰ ਦੇ ਮੂੰਹ ‘ਤੇ ਵਿਆਹ ਵਾਲੇ ਦਿਨ ਹੀ ਤੇਜ਼ਾਬ ਸੁੱਟ ਦਿੱਤਾ ਗਿਆ ਸੀ, ਜਿਸ ਦੇ ਕੁਝ ਦਿਨਾਂ ਬਾਅਦ ਉਸ ਦੀ ਮੌਤ ਹੋ ਗਈ ਸੀ। ਅੱਜ 4 ਸਾਲਾਂ ਬਾਅਦ ਉਸ ਦੇ ਪਰਿਵਾਰ ਦੇ ਤੱਪੜ ਰੁਲ੍ਹ ਗਏ ਹਨ ਅਤੇ ਪਰਿਵਾਰਕ ਮੈਂਬਰ ਰੋਟੀ ਦੇ ਵੀ ਮੋਹਥਾਜ਼ ਹੋ ਗਏ ਹਨ। ਉਸ ਸਮੇਂ ਸਰਕਾਰ ਨੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਸਭ ਧੋਖਾ ਹੀ ਸਾਬਿਤ ਹੋਇਆ। ਇਹ ਘਟਨਾ ਦਸੰਬਰ, 2013 ਦੀ ਹੈ। ਮ੍ਰਿਤਕਾ ਹਰਪ੍ਰੀਤ ਦੀ ਮਾਂ ਦਵਿੰਦਰ ਕੌਰ ਨੇ ਦੱਸਿਆ ਕਿ ਦਸੰਬਰ, 2013 ਨੂੰ ਵਿਆਹ ਵਾਲੇ ਦਿਨ ਉਸ ‘ਤੇ 2 ਬਦਮਾਸ਼ ਤੇਜ਼ਾਬ ਸੁੱਟ ਕੇ ਭੱਜ ਗਏ, ਜਦੋਂ ਉਹ ਵਿਆਹ ਦਾ ਜੋੜਾ ਪਾ ਕੇ ਸੈਲੂਨ ‘ਚ ਤਿਆਰ ਹੋ ਰਹੀ ਸੀ। ਜ਼ਖਮੀ ਹਰਪ੍ਰੀਤ ਕੌਰ ‘ਤੇ ਤੇਜ਼ਾਬ ਸੁੱਟਿਆ ਗਿਆ ਤਾਂ ਉਹ ਬੁਰੀ ਤਰ੍ਹਾਂ ਜ਼ਖਮੀਂ ਹੋ ਗਈ, ਜਿਸ ਤੋਂ ਬਾਅਦ ਉਸ ਨੂੰ ਡੀ. ਐੱਮ. ਸੀ. ਲੁਧਿਆਣਾ ਦਾਖਲ ਕਰਾਇਆ ਗਿਆ। ਉਸ ਦੀ ਗੰਭੀਰ ਹਾਲਤ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਮੁੰਬਈ ਦੇ ਵੱਡੇ ਹਸਪਤਾਲ ‘ਚ ਰੈਫਰ ਕਰ ਦਿੱਤਾ ਪਰ 26 ਦਸੰਬਰ ਨੂੰ ਹਰਪ੍ਰੀਤ ਕੌਰ ਨੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ। ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਉਸ ਦੇ ਅੰਤਿਮ ਸੰਸਕਾਰ ਵਾਲੇ ਦਿਨ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਉਸ ਸਮੇਂ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਜ਼ਿਲੇ ਦੇ ਸਾਰੇ ਉੱਚ ਅਧਿਕਾਰੀ ਪੁੱਜੇ। ਸੁਖਦੇਵ ਸਿੰਘ ਢੀਂਡਸਾ ਨੇ ਉਨ੍ਹਾਂ ਨੂੰ 5 ਲੱਖ ਦੀ ਸਹਾਇਤਾ ਦਿੱਤੀ, ਜੋ ਕਿ ਕੁੜੀ ਦੇ ਕੇਸ ‘ਤੇ ਹੀ ਖਰਚ ਹੋ ਗਏ। ਉਨ੍ਹਾਂ ਨੂੰ ਭਰੋਸਾ ਦੁਆਇਆ ਗਿਆ ਕਿ ਘਰ ‘ਚ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ ਪਰ 4 ਸਾਲ ਬੀਤ ਗਏ, ਕਿਸ ਨੇ ਨੌਕਰੀ ਨਹੀਂ ਦਿੱਤੀ, ਸਗੋਂ ਇਸ ਦੌਰਾਨ ਉਨ੍ਹਾਂ ਦਾ ਇਕ ਲੜਕਾ ਦਲਜੀਤ ਸਿੰਘ ਨੌਕਰੀ ਮੰਗਦਾ ਮੌਤ ਦੇ ਮੂੰਹ ‘ਚ ਚਲਾ ਗਿਆ।

Be the first to comment

Leave a Reply