ਬਲਿਊ ਵ੍ਹੇਲ ਗੇਮ ਸਬੰਧੀ ਜ਼ਿਲੇ ਦੀਆਂ ਸਮੂਹ ਸਿੱਖਿਆ ਸੰਸਥਾਵਾਂ ਨੂੰ ਨੋਟਿਸ

ਅੰਮ੍ਰਿਤਸਰ, – ਬਲਿਊ ਵ੍ਹੇਲ ਚੈਲੇਂਜ ਗੇਮ ਨੇ ਪੂਰੇ ਸੰਸਾਰ ‘ਚ ਹੜਕੰਪ ਮਚਾ ਰੱਖਿਆ ਹੈ, ਜਿਸ ਨੇ ਕਈ ਮਾਸੂਮ ਬੱਚਿਆਂ ਦੀ ਜਾਨ ਲੈ ਲਈ ਹੈ ਅਤੇ ਪੰਜਾਬ ਵਿਚ ਵੀ ਇਸ ਤੋਂ ਪੀੜਤ ਬੱਚੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ, ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੰਮ੍ਰਿਤਸਰ ਜ਼ਿਲਾ ਪ੍ਰਸ਼ਾਸਨ ਨੇ ਪਹਿਲਾਂ ਤੋਂ ਹੀ ਇਸ ਨਾਲ ਨਿੱਬੜਨ ਦੀ ਤਿਆਰੀ ਕਰ ਲਈ ਹੈ ਤਾਂ ਕਿ ਕਿਸੇ ਮਾਸੂਮ ਬੱਚੇ ਦੀ ਜਾਨ ਨਾ ਜਾ ਸਕੇ। ਅੱਜ ਡੀ. ਸੀ. ਕਮਲਦੀਪ ਸਿੰਘ ਸੰਘਾ ਨੇ ਜ਼ਿਲੇ ਦੀਆਂ ਸਮੂਹ ਸਿੱਖਿਆ ਸੰਸਥਾਵਾਂ ਜਿਨ੍ਹਾਂ ‘ਚ ਸਕੂਲਾਂ ਤੇ ਕਾਲਜਾਂ ਨੂੰ ਨੋਟਿਸ ਜਾਰੀ ਕਰ ਕੇ ਸਕੂਲ ਪ੍ਰਬੰਧਕਾਂ ਨੂੰ ਇਸ ਖਤਰਨਾਕ ਗੇਮ ਸਬੰਧੀ ਬੱਚਿਆਂ ਨੂੰ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ ਹਨ, ਇਸ ਤੋਂ ਇਲਾਵਾ ਸਿੱਖਿਆ ਵਿਭਾਗ ਨੂੰ ਵੀ ਨਿਰਦੇਸ਼ ਦਿੱਤਾ ਹੈ ਕਿ ਸਾਰੇ ਸਕੂਲ ਮੁਖੀਆਂ ਨਾਲ ਬੈਠਕ ਕਰ ਕੇ ਉਨ੍ਹਾਂ ਨੂੰ ਬਲਿਊ ਵ੍ਹੇਲ ਚੈਲੇਂਜ ਗੇਮ ਦੇ ਖਤਰਨਾਕ ਨਤੀਜਿਆ ਸਬੰਧੀ ਜਾਣੂ ਕਰਵਾਇਆ ਜਾਵੇ।
ਡੀ. ਸੀ. ਨੇ ਕਿਹਾ ਕਿ ਅੱਜ ਜਿਥੇ ਇੰਟਰਨੈੱਟ ਨੇ ਪੂਰੀ ਦੁਨੀਆ ਨੂੰ ਛੋਟਾ ਕਰ ਦਿੱਤਾ ਹੈ ਅਤੇ ਇਸ ਤੋਂ ਭਾਰੀ ਗਿਆਨ ਵੀ ਪ੍ਰਾਪਤ ਹੁੰਦਾ ਹੈ, ਉਥੇ ਹੀ ਬਲਿਊ ਵ੍ਹੇਲ ਵਰਗੀਆਂ ਗੇਮਾਂ ਤੋਂ ਬੱਚੇ ਆਪਣੀ ਜਾਨ ਗਵਾ ਰਹੇ ਹਨ, ਜੋ ਨਹੀਂ ਹੋਣਾ ਚਾਹੀਦਾ। ਜੋ ਬੱਚੇ ਆਪਣੇ ਸਕੂਲ ਅਤੇ ਘਰਾਂ ਵਿਚ ਇੰਟਰਨੈੱਟ ਚਲਾਉਂਦੇ ਹਨ ਉਨ੍ਹਾਂ ‘ਤੇ ਖਾਸ ਧਿਆਨ ਦੇਣ ਦੀ ਲੋੜ ਹੈ ਤੇ ਜੋ ਬੱਚੇ ਮੋਬਾਇਲ ਫੋਨ ‘ਤੇ ਗੇਮ ਖੇਡਦੇ ਹਨ ਉਨ੍ਹਾਂ ਨੂੰ ਇਸ ਖਤਰਨਾਕ ਗੇਮ ਤੋਂ ਬਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਦੋਂ ਬੱਚਾ ਇਕੱਲਾ ਰਹਿਣ ਦੀ ਕੋਸ਼ਿਸ਼ ਕਰੇ ਅਤੇ ਰਾਤ ਨੂੰ ਜਾਗਣਾ ਸ਼ੁਰੂ ਕਰ ਦੇਵੇ, ਇਸ ਤੋਂ ਇਲਾਵਾ ਅਜੀਬ ਹਰਕਤਾਂ ਕਰੇ ਤਾਂ ਉਸ ‘ਤੇ ਖਾਸ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਸ ਗੇਮ ਵਿਚ ਸ਼ਾਮਿਲ ਹੋਣ ਵਾਲੇ ਬੱਚੇ ਮਾਨਸਿਕ ਰੂਪ ‘ਚ ਗੁੰਮਰਾਹ ਹੋ ਜਾਂਦੇ ਹਨ।

Be the first to comment

Leave a Reply