ਬਹਿਬਲ ਕਲਾਂ ਕਾਂਡ : ਅਦਾਲਤ ਨੇ ਮੰਗੀ ਐਫ ਆਈ ਆਰ ਦੀ ਸਟੇਟਸ ਰਿਪੋਰਟ

ਫ਼ਰੀਦਕੋਟ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਅਕਤੂਬਰ 2015 ‘ਚ ਜ਼ਿਲ੍ਹੇ ਦੇ ਪਿੰਡ ਬਹਿਬਲ ਕਲਾਂ ਵਿਖੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀ ਸੰਗਤ ‘ਤੇ ਗੋਲੀਆਂ ਦੀ ਬੁਛਾੜ ਕਰਨ ਵਾਲੀ ਅਣਪਛਾਤੀ ਪੁਲਿਸ ਖਿਲਾਫ ਥਾਣਾ ਬਾਜਾਖਾਨਾ ਵਿਚ ਦਰਜ ਹੋਏ ਕਤਲ ਤੇ ਇਰਾਦਾ ਕਤਲ ਦੇ ਮਾਮਲੇ ‘ਚ ਅੱਜ ਅਦਾਲਤ ਵੱਲੋਂ ਸਟੇਟਸ ਰਿਪੋਰਟ ਮੰਗੀ ਗਈ ਹੈ | ਇਸ ਐਫ.ਆਈ.ਆਰ ‘ਚ ਕਿਸੇ ਵੀ ਪੁਲਿਸ ਅਧਿਕਾਰੀ ਜਾਂ ਮੁਲਾਜ਼ਮ ਦਾ ਨਾਂਅ ਨਹੀਂ ਲਿਖਿਆ ਗਿਆ ਜਦੋਂ ਕਿ ਇਸ ਐਫ.ਆਈ.ਆਰ. ਨਾਲ ਸਬੰਧਿਤ ਘਟਨਾ ‘ਚ ਦੋ ਨੌਜਵਾਨਾਂ ਦੀ ਕਥਿਤ ਤੌਰ ‘ਤੇ ਪੁਲਿਸ ਦੀ ਗੋਲੀ ਨਾਲ ਮੌਕੇ ‘ਤੇ ਹੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ | ਦੱਸਣਯੋਗ ਹੈ ਕਿ ਮਈ 2015 ਨੂੰ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਤੇ ਦੋਸ਼ੀਆਂ ਨੂੰ ਫੜਨ ਲਈ ਸਿੱਖ ਸੰਗਤਾਂ ਵੱਲੋਂ ਜਿੱਥੇ ਪੰਜਾਬ ਭਰ ‘ਚ ਥਾਂ-ਥਾਂ ‘ਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਉੱਥੇ ਹੀ ਬਠਿੰਡਾ ਰੋਡ ‘ਤੇ ਪਿੰਡ ਬਹਿਬਲ ਕਲਾਂ ਨਜ਼ਦੀਕ ਆਸੇ-ਪਾਸੇ ਦੇ ਪਿੰਡਾਂ ਦੀ ਸਿੱਖ ਸੰਗਤ ਵੱਲੋਂ ਪੰਜਾਬ ਸਰਕਾਰ ਤੇ ਪੁਲਿਸ ਿਖ਼ਲਾਫ਼ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ | ਜਿਸ ਉੱਪਰ ਪੁਲਿਸ ਵੱਲੋਂ ਗੋਲੀ ਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਇਸ ਗੋਲਾਬਾਰੀ ‘ਚ ਦੋ ਸਿੱਖ ਨੌਜਵਾਨ ਕਿ੍ਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ | ਜ਼ਿਲ੍ਹਾ ਪੁਲਿਸ ਵੱਲੋਂ ਇਸ ਮਾਮਲੇ ‘ਚ ਦਰਜ ਕੀਤੀ ਗਈ ਐਫ.ਆਈ.ਆਰ ‘ਚ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਗਿਆ ਸੀ ਤੇ ਨਾ ਹੀ ਕਿਸੇ ਨੂੰ ਗਿ੍ਫ਼ਤਾਰ ਕੀਤਾ ਗਿਆ | ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਦੇ ਡਾਇਰੈਕਟਰ ਨੇ ਉੱਚ ਪੱਧਰੀ ਪੜਤਾਲ ਤੋਂ ਬਾਅਦ ਅਣਪਛਾਤੇ ਪੁਲਿਸ ਮੁਲਾਜ਼ਮਾਂ ਿਖ਼ਲਾਫ਼ ਮਾਮਲਾ ਦਰਜ ਕੀਤਾ ਸੀ | ਇਸ ਤੋਂ ਇਲਾਵਾ ਜਸਟਿਸ ਜ਼ੋਰਾ ਸਿੰਘ ਵੱਲੋਂ ਵੀ ਆਪਣੀ ਜਾਂਚ ਦੌਰਾਨ ਕਿਸੇ ਪੁਲਿਸ ਮੁਲਾਜ਼ਮ ਜਾਂ ਅਧਿਕਾਰੀ ਨੂੰ ਗੋਲੀਕਾਂਡ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ ਅਤੇ ਨਾ ਹੀ ਜਾਂਚ ਦੌਰਾਨ ਕਿਸੇ ਪੁਲਿਸ ਅਧਿਕਾਰੀ ਦਾ ਨਾਂਅ ਸਾਹਮਣੇ ਆਇਆ | ਲੰਬਾ ਸਮਾਂ ਬੀਤ ਜਾਣ ਤੇ ਵੱਖ ਵੱਖ ਪੜਤਾਲਾਂ ਤੋਂ ਬਾਅਦ ਵੀ ਕੋਈ ਕਾਰਗਰ ਕਾਰਵਾਈ ਨਾ ਹੁੰਦੀ ਵੇਖ ਪੀੜਤ ਪਰਿਵਾਰਾਂ ਵੱਲੋਂ ਕਥਿਤ ਦੋਸ਼ੀਆਂ ਿਖ਼ਲਾਫ਼ ਅਦਾਲਤ ਵਿਚ ਇਸਤਗਾਸਾ ਦਾਇਰ ਕੀਤਾ ਗਿਆ ਤੇ ਗੋਲੀਕਾਂਡ ‘ਚ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਗਈ | ਪੀੜਤ ਵਰਗ ਨਾਲ ਸਬੰਧਿਤ ਵਕੀਲ ਅਮਿਤ ਕੁਮਾਰ ਨੇ ਮੋਗਾ ਦੇ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸਿੰਘ ਸ਼ਰਮਾ, ਐੱਸ.ਪੀ ਬਿਕਰਮ ਸਿੰਘ ਅਤੇ ਇੰਸਪੈਕਟਰ ਅਮਰਜੀਤ ਸਿੰਘ ਕੁਲਾਰ ਿਖ਼ਲਾਫ਼ ਅਦਾਲਤ ਵਿਚ ਇਸਤਗਾਸਾ ਦਾਇਰ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਸ ਕੇਸ ‘ਚ ਹੁਣ ਤੱਕ ਕਰੀਬ ਅੱਧੀ ਦਰਜਨ ਗਵਾਹ ਆਪਣੇ ਬਿਆਨ ਦਰਜ ਕਰਵਾ ਚੁੱਕੇ ਹਨ | ਅੱਜ ਜੁਡੀਸ਼ੀਅਲ ਮੈਜਿਸਟਰੇਟ ਸ਼ਵੇਤਾ ਦਾਸ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 29 ਸਤੰਬਰ ਨੂੰ ਰੱਖੀ ਹੈ |

Be the first to comment

Leave a Reply