ਬਹੁਜਨ ਸਮਾਜ ਪਾਰਟੀ ਦਾ ਸਾਥ ਦੇਣਾ ਹੈ ਜਾਂ ਫਿਰ ਚੁੱਪ ਕਰਕੇ ਇਨ੍ਹਾਂ ਜ਼ੁਲਮਾਂ ਨੂੰ ਸਹਿਣ ਕਰਨਾ ਹੈ

ਰੋਮ/ਇਟਲੀ — ਜਦੋਂ ਦੀ ਭਾਰਤ ਵਿਚ ਆਰ.ਐੱਸ.ਐੱਸ. ਦੀ ਅਗਵਾਈ ਵਾਲੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਬਹੁਜਨ ਸਮਾਜ ਉੱਪਰ ਹੋ ਰਹੇ ਜ਼ੁਲਮਾਂ ਵਿਚ ਬਹੁਤ ਵਾਧਾ ਹੋਇਆ ਹੈ।ਹੁਣ ਅਸੀਂ ਇਸ ਬਾਰੇ ਆਪ ਵਿਚਾਰ ਕਰਨੀ ਹੈ ਕਿ ਇਨ੍ਹਾਂ ਹੋ ਰਹੇ ਜ਼ੁਲਮਾਂ ਨੂੰ ਰੋਕਣ ਲਈ ਸੰਘਰਸ਼ ਵਿਚ ਕੁੱਦਣਾ ਹੈ ਭਾਵ ਬਹੁਜਨ ਸਮਾਜ ਪਾਰਟੀ ਦਾ ਸਾਥ ਦੇਣਾ ਹੈ ਜਾਂ ਫਿਰ ਚੁੱਪ ਕਰਕੇ ਇਨ੍ਹਾਂ ਜ਼ੁਲਮਾਂ ਨੂੰ ਸਹਿਣ ਕਰਨਾ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇਟਲੀ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਭਾਰਤ ਰਤਨ ਡਾ: ਬੀ.ਆਰ. ਅੰਬੇਡਕਰ ਵੈਲਫੇਅਰ ਐਸੋਸ਼ੀਏਸ਼ਨ (ਰਜਿ:) ਇਟਲੀ ਦੇ ਚੇਅਰਮੈਨ ਗਿਆਨ ਚੰਦ ਸੂਦ, ਪ੍ਰਧਾਨ ਸਰਬਜੀਤ ਵਿਰਕ ਅਤੇ ਜਨਰਲ ਸਕੱਤਰ ਲੇਖ ਰਾਜ ਜੱਖੂ ਨੇ ਸਾਂਝੇ ਤੌਰ ਤੇ ਇਟਾਲੀਅਨ ਪੰਜਾਬੀ ਪ੍ਰੈੱਸ ਕੱਲਬ ਇਟਲੀ ਨਾਲ ਕੀਤਾ।

ਉਨ੍ਹਾਂ ਕਿਹਾ ਕਿ ਭਾਰਤੀ ਸਮਾਜ ਅੰਦਰ ਕਈ ਲੋਕ ਇਹ ਵਿਚਾਰ ਕਰਦੇ ਹਨ ਕਿ ਬਹੁਜਨ ਸਮਾਜ ਪਾਰਟੀ ਸਿਰਫ਼ ਰਾਜਨੀਤਕ ਪਾਰਟੀ ਹੈ ਪਰ ਇਹ ਜਿੱਥੇ ਰਾਜਨੀਤਕ ਪਾਰਟੀ ਹੈ, ਉੱਥੇ ਇਹ ਭਾਰਤ ਸਮਾਜ ਅੰਦਰ ਮਨੂੰਵਾਦੀ ਸਿਸਟਮ ਵਿਰੁੱਧ ਇੱਕ ਸੰਘਰਸ ਹੈ। ਮਨੂੰਵਾਦੀ ਹਾਕਮ ਜਮਾਤਾਂ ਭਾਰਤੀ ਬਹੁਜਨ ਸਮਾਜ ਨੂੰ ਜਾਤਾਂ ਵਿਚ ਵੰਡ ਕੇ ਉਸ ਉੱਪਰ ਤਰ੍ਹਾਂ-ਤਰ੍ਹਾਂ ਦੇ ਜ਼ੁਲਮ ਸਦੀਆਂ ਤੋਂ ਢਾਹ ਰਿਹਾ ਹੈ ਜਦੋਂ ਕਿ ਭਾਰਤੀ ਸੰਵਿਧਾਨ ਨਕਸਲੀ ਅਤੇ ਜਾਤੀ ਵਿਤਕਰੇ ਦੀ ਇਜ਼ਾਜਤ ਨਹੀਂ ਦਿੰਦਾ।ਆਗੂਆਂ ਨੇ ਕਿਹਾ ਕਿ ਆਓ ਭਾਰਤ ਰਤਨ ਡਾ: ਬੀ.ਆਰ. ਅੰਬੇਡਕਰ ਵੈਲਫੇਅਰ ਐਸੋਸ਼ੀਏਸ਼ਨ (ਰਜਿ:) ਇਟਲੀ ਵੱਲੋਂ 11 ਅਗਸਤ 2018 ਦਿਨ ਸ਼ਨੀਵਾਰ ਨੂੰ ਇਟਲੀ ਦੀ ਰਾਜਧਾਨੀ ਰੋਮ ਦੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਰਮ ਅਸਥਾਨ ਵਿਖੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਵਿਸ਼ਾਲ ਵਿਚਾਰ ਗੋਸ਼ਟੀ ਵਿਚ ਹਿੱਸਾ ਲਈਏ ਤਾਂ ਜੋ ਮਨੂੰਵਾਦੀ ਸਿਸਟਮ ਵਿਰੁੱਧ ਚੱਲ ਰਹੇ ਸੰਘਰਸ਼ (ਬੀ.ਐੱਸ.ਪੀ. ਮਿਸ਼ਨ 2019) ਵਿੱਚ ਆਪਣਾ ਵਿਸੇਸ ਯੋਗਦਾਨ ਪਾਉਣ ਸਬੰਧੀ ਵਿਚਾਰਾਂ ਕਰੀਏ। ਇਸ ਵਿਸ਼ਾਲ ਵਿਚਾਰ ਗੋਸ਼ਟੀ ਵਿਚ ਇਟਲੀ ਦੀਆਂ ਤਮਾਮ ਬਹੁਜਨ ਸਮਾਜ ਨਾਲ ਸਬੰਧਤ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਅਤੇ ਹੋਰ ਸਮਾਜਿਕ ਜੱਥੇਬੰਦੀਆਂ ਨੂੰ ਸ਼ਿਰਕਤ ਕਰਨ ਲਈ ਪੁਰਜ਼ੋਰ ਅਪੀਲ ਹੈ।