ਬਹੁ-ਕਰੋੜੀ ਸ਼ਾਮਲਾਟ ਜ਼ਮੀਨ ਦਾ ਮਾਮਲਾ ਪ੍ਰਸ਼ਾਸਨ ਦੀ ਘੁੰਮਣਘੇਰੀ ਵਿਚ ਫਸਿਆ

ਪਟਿਆਲਾ – ਸੀ. ਐੈੱਮ. ਸਿਟੀ ਦੇ ਨਾਲ ਲਗਦੇ ਹਲਕਾ ਸਨੌਰ ਦੇ ਪਿੰਡ ਸਾਹਿਬ ਨਗਰ ਥੇੜੀ ਵਿਚ ਪਿਛਲੇ ਲੰਮੇ ਸਮੇਂ ਤੋਂ ਬਹੁ-ਕਰੋੜੀ ਸ਼ਾਮਲਾਟ ਜ਼ਮੀਨ ਦਾ ਮਾਮਲਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਪ੍ਰਸ਼ਾਸਨ ਦੀ ਘੁੰਮਣਘੇਰੀ ਵਿਚ ਫਸਿਆ ਦਿਖਾਈ ਦੇ ਰਿਹਾ ਹੈ। ਆਰ. ਟੀ. ਆਈ. ਰਾਹੀਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਗ੍ਰਾਮ ਪੰਚਾਇਤ ਪਿੰਡ ਸਾਹਿਬ ਨਗਰ ਥੇੜੀ ਨੇ ਬਿਨਾਂ ਕੰਮਾਂ ਤੋਂ ਹੀ ਲੱਖਾਂ ਰੁਪਏ ਦੇ ਖਰਚੇ ਫਰਜ਼ੀ ਹੀ ਦਿਖਾ ਦਿੱਤੇ ਹਨ ਅਤੇ ਫਰਜ਼ੀ ਹੀ ਜਨਰਲ ਅਜਲਾਸ ਦਿਖਾ ਕੇ ਉਕਤ ਰਕਮ ਹੜੱਪ ਕਰਨ ਦਾ ਖਦਸ਼ਾ ਜ਼ਾਹਰ ਹੁੰਦਾ ਹੈ।  ਆਰ. ਟੀ. ਆਈ. ਵਿਚ ਮਿਲੀ ਜਾਣਕਾਰੀ ਮੁਤਾਬਕ ਗ੍ਰਾਮ ਪੰਚਾਇਤ ਵੱਲੋਂ ਕਾਗਜ਼ਾਂ ‘ਚ ਆਮਦਨ 50 ਲੱਖ 82 ਹਜ਼ਾਰ ਰੁਪਏ ਦਿਖਾਈ ਗਈ ਹੈ। ਕਾਗਜ਼ਾਂ ਵਿਚ ਕੀਤੇ ਗਏ ਫਰਜ਼ੀ ਕੰਮਾਂ ਦਾ ਖਰਚਾ 89 ਲੱਖ 35 ਹਜ਼ਾਰ ਰੁਪਏ ਦਿਖਾਇਆ ਗਿਆ। ਜਿਹੜੇ ਕੰਮਾਂ ਸਬੰਧੀ ਜਨਰਲ ਅਜਲਾਸ ਵਿਚ ਦੱਸਿਆ ਗਿਆ ਹੈ, ਉੁਨ੍ਹਾਂ ਵਿਚ ਧਰਮਸ਼ਾਲਾ ਲਈ 20 ਲੱਖ, ਗਲੀਆਂ-ਨਾਲੀਆਂ ਲਈ 20 ਲੱਖ, ਡਿਸਪੈਂਸਰੀ ਦੀ ਉਸਾਰੀ ਲਈ 20 ਲੱਖ, ਆਂਗਣਵਾੜੀ ਸੈਂਟਰਾਂ ਲਈ 1 ਲੱਖ, ਫੁਟਕਲ ਖਰਚਾ 50 ਹਜ਼ਾਰ, ਨੂਨਗਰਾਂ ਦੀ ਧਰਮਸ਼ਾਲਾ ‘ਤੇ 2 ਲੱਖ, ਤਿੰਨ ਆਂਗਣਵਾੜੀ ਸੈਂਟਰਾਂ ‘ਤੇ 8 ਲੱਖ, ਦੁਕਾਨਾਂ ਦੀ ਉਸਾਰੀ ਤੇ 30 ਲੱਖ, ਜਿਮ ਲਈ ਕਮਰੇ ਦੀ ਉਸਾਰੀ ਤੇ 3 ਲੱਖ, ਛੱਪੜ ਦੀ ਸਫਾਈ ਤੇ ਚਾਰਦੀਵਾਰੀ ‘ਤੇ 1 ਲੱਖ 80 ਹਜ਼ਾਰ ਰੁਪਏ ਆਦਿ ਕੰਮਾਂ ਦੇ ਮੋਟੇ ਤੌਰ ‘ਤੇ ਖਰਚ ਦਿਖਾਏ ਗਏ ਹਨ। ਇਨ੍ਹਾਂ ਵਿਚ ਬਹੁਤੀਆਂ ਥਾਵਾਂ ‘ਤੇ ਕੀਤਾ ਹੋਇਆ ਕੰਮ ਜ਼ਮੀਨੀ ਪੱਧਰ ‘ਤੇ ਦਿਖਾਈ ਹੀ ਨਹੀਂ ਦਿੰਦਾ। ਇਸ ਤੋਂ ਸਾਫ ਝਲਕਦਾ ਹੈ ਕਿ ਜੋ ਜਨਰਲ ਅਜਲਾਸ ਦੇ ਮਤੇ ਪਾਏ ਗਏ ਹਨ, ਉਨ੍ਹਾਂ ‘ਤੇ ਲਾਏ ਗਏ ਅੰਗੂਠਿਆਂ ਦੇ ਨਿਸ਼ਾਨ ਵੀ ਸਾਫ ਤੌਰ ‘ਤੇ ਫਰਜ਼ੀ ਲੱਗੇ ਹੋਏ ਝਲਕਦੇ ਹਨ।  ਇਸ ਪੂਰੇ ਮਾਮਲੇ ਦੀ ਉੱਚ-ਪੱਧਰੀ ਜਾਂਚ ਲਈ ਸ਼ਹੀਦ ਭਗਤ ਸਿੰਘ ਯੂਥ ਕਲੱਬ ਪਿੰਡ ਸਾਹਿਬ ਨਗਰ ਥੇੜੀ ਦੇ ਪ੍ਰਧਾਨ ਵਿਜੇ ਕੁਮਾਰ ਸ਼ਰਮਾ ਨੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਮੁੱਚੇ ਮਾਮਲੇ ਦੀ ਬਾਰੀਕੀ ਨਾਲ ਛਾਣਬੀਣ ਕਰਨ ਲਈ ਮੁੱਖ ਮੰਤਰੀ ਅਤੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਦੇ ਧਿਆਨ ਵਿਚ ਲਿਆਂਦਾ ਜਾ ਚੁੱਕਾ ਹੈ ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ।