ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੂੰ ਆਏ ਸਨ ਧਮਕੀ ਭਰੇ ਫੋਨ

ਮੁੰਬਈ — ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨਾ ਸਿਰਫ ਆਪਣੀ ਐਕਟਿੰਗ ਦੀ ਵਜ੍ਹਾ ਕਾਰਨ ਜਾਣੀ ਜਾਂਦੀ ਹੈ ਬਲਕਿ ਉਨ੍ਹਾਂ ਦੀ ਸੁੰਦਰਤਾ ਦੇ ਅੱਜ ਵੀ ਲੋਕ ਦੀਵਾਨੇ ਹਨ। ਉਨ੍ਹਾਂ ਦੀ ਗਿਣਤੀ 90 ਦੇ ਦਹਾਕੇ ਦੀ ਸਭ ਤੋਂ ਹੌਟ ਅਭਿਨੇਤਰੀਆਂ ‘ਚ ਹੁੰਦੀ ਹੈ। ਉਨ੍ਹਾਂ ਨੇ ਬਾਲੀਵੁੱਡ ‘ਚ ਤਾਂ ਕੰਮ ਕੀਤਾ ਹੀ, ਇਸ ਦੇ ਨਾਲ ਹੀ ਉਨ੍ਹਾਂ ਨੇ ਦੱਖਣੀ ਫਿਲਮਾਂ ‘ਚ ਵੀ ਆਪਣਾ ਜਾਦੂ ਚਲਾਇਆ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਰਵੀਨਾ ਵਰਗੀ ਵੱਡੀ ਸਟਾਰ ਨੂੰ ਵੀ ਧਮਕੀ ਭਰੇ ਫੋਨ ਕਾਲ ਆ ਚੁੱਕੇ ਹਨ, ਅਸਲ ‘ਚ ਰਵੀਨਾ ਟੰਡਨ ਨੂੰ ਫਿਰੌਤੀ ਲਈ ਫੋਨ ਆਉਣ ਦੀ ਵਜ੍ਹਾ ਉਨ੍ਹਾਂ ਦੀ ਮਾਂ ਦਾ ਪਾਲਤੂ ਕੁੱਤਾ ਸੀ। ਰਵੀਨਾ ਦੀ ਮਾਂ ਵੀਨਾ ਟੰਡਨ ਕੋਲ੍ਹ ਇਕ ਪਾਮੇਰੀਅਨ ਕੁੱਤਾ ਸੀ, ਜਿਸ ਦਾ ਨਾਂ ਰੈਂਬੋ ਸੀ। ਰਵੀਨਾ ਦਾ ਪਰਿਵਾਰ ਰੈਂਬੋ ਦਾ ਖਾਸ ਖਿਆਲ ਰੱਖਦਾ ਸੀ। ਨੌਕਰ ਰੈਂਬੋ ਨੂੰ ਘੁਮਾਉਣ ਬਾਹਰ ਲਿਜਾਉਂਦੇ ਹੁੰਦੇ ਸਨ। ਇਕ ਦਿਨ ਜਦੋਂ ਨੌਕਰ ਰੈਂਬੋ ਨੂੰ ਘੁਮਾਉਣ ਲਈ ਬਾਹਰ ਨਿਕਲਿਆ ਤਾਂ 2 ਅਣਜਾਣ ਲੜਕੇ ਰੈਂਬੋ ਨੂੰ ਖੋਹ ਕੇ ਉੱਥੋਂ ਭੱਜ ਗਏ। ਇਸ ਘਟਨਾ ਤੋਂ ਬਾਅਦ ਰਵੀਨਾ ਟੰਡਨ ਨੇ ਰੈਂਬੋ ਨੂੰ ਲੱਭਣ ਲਈ ਅਖਬਾਰ ‘ਚ ਇਕ ਐਡ ਦਿੱਤਾ। ਐਡ ‘ਚ ਰੈਂਬੋ ਨੂੰ ਲਿਆਉਣ ਵਾਲੇ ਨੂੰ ਈਨਾਮ ਦੇਣ ਦੀ ਗੱਲ ਕਹੀ ਗਈ ਸੀ ਪਰ ਇਸ ਵਿਗਿਆਪਣ ‘ਚ ਰਵੀਨਾ ਦਾ ਫੋਨ ਨੰਬਰ ਵੀ ਛੱਪ ਗਿਆ। ਇਸ ਤੋਂ ਬਾਅਦ ਰਵੀਨਾ ਨੂੰ ਫਿਰੌਤੀ ਮੰਗਣ ਲਈ ਧਮਕੀ ਭਰੇ ਫੋਨ ਆਉਣੇ ਸ਼ੁਰੂ ਹੋ ਗਏ ਸਨ। ਮੀਡੀਆ ਰਿਪੋਰਟਸ ਮੁਤਾਬਕ ਰਵੀਨਾ ਤੋਂ ਕੁੱਤੇ ਦੇ ਬਦਲੇ ‘ਚ 10 ਲੱਖ ਰੁਪਏ ਮੰਗੇ ਗਏ ਸਨ। ਇਸ ਵਿਚਕਾਰ ਮੁੰਬਈ ਵਰਸੋਵਾ ‘ਚ ਸਥਿਤ ਪਾਲਤੂ ਜਾਨਵਰਾਂ ਦੀ ਦੁਕਾਨ ‘ਤੇ 2 ਲੜਕੇ ਕੁੱਤੇ ਨੂੰ ਵੇਚਣ ਲਈ ਪਹੁੰਚੇ।ਲੜਕਿਆਂ ਨੇ ਕੁੱਤੇ ਦਾ ਨਾਂ ਬੌਬੀ ਦੱਸਿਆ ਸੀ ਪਰ ਇਹ ਨਾਂ ਪੁਕਾਰਨ ‘ਤੇ ਕੁੱਤਾ ਕੋਈ ਜਵਾਬ ਨਹੀਂ ਦੇ ਰਿਹਾ ਸੀ। ਉਸੇ ਸਮੇਂ ਦੁਕਾਨਦਾਰ ਨੇ ਕੁੱਤੇ ਨੂੰ ਰੈਂਬੋ ਕਹਿ ਕੇ ਸੱਦਿਆ ਤਾਂ ਕੁੱਤੇ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ। ਇਹ ਨਾਂ ਸੁਣ ਲੜਕੇ ਦੁਕਾਨ ‘ਤੇ ਹੀ ਕੁੱਤੇ ਨੂੰ ਛੱਡ ਕੇ ਭੱਜ ਗਏ। ਅਸਲ ‘ਚ ਰਵੀਨਾ ਦਾ ਦਿੱਤਾ ਹੋਇਆ ਐਡ ਦੁਕਾਨਦਾਰ ਨੇ ਪਹਿਲਾਂ ਹੀ ਪੜ੍ਹ ਲਿਆ ਸੀ। ਇਸ ਤੋਂ ਬਾਅਦ ਉਸ ਦੁਕਾਨਦਾਰ ਨੇ ਖੁਦ ਕੁੱਤੇ ਨੂੰ ਰਵੀਨਾ ਤੱਕ ਪਹੁੰਚਾਇਆ।