ਬਾਲੀਵੁੱਡ ਦੇ ਬਜ਼ੁਰਗ ਅਦਾਕਾਰ ਦਿਲੀਪ ਕੁਮਾਰ ਨੂੰ ਸੁਪਰੀਮ ਕੋਰਟ ਤੋਂ ਝਟਕਾ

ਨਵੀਂ ਦਿੱਲੀ ਸੁਪਰੀਮ ਕੋਰਟ ਨੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਨੂੰ ਪਾਲੀ ਹਿੱਲਜ਼ ਬੰਗਲੇ ਦੇ ਵਿਵਾਦ ਨੂੰ ਸੁਲਝਾਉਣ ਲਈ ਰਿਅਲ ਅਸਟੇਟ ਕੰਪਨੀ ਨੂੰ 20 ਕਰੋੜ ਰੁਪਏ ਅਦਾ ਕਰਨ ਦਾ ਹੁਕਮ ਸੁਣਾਇਆ ਹੈ। ਕੋਰਟ ਨੇ ਕਿਹਾ ਹੈ ਕਿ ਇਸ ਰਕਮ ਨੂੰ ਸੁਪਰੀਮ ਕੋਰਟ ਦੀ ਰਜਿਸਟਰੀ ‘ਚ ਜਮ੍ਹਾ ਕਰਵਾ ਕੇ ਕੰਪਨੀ ਨੂੰ ਇਸ ਦੀ ਸੂਚਨਾ ਦਿੱਤੀ ਜਾਵੇ। ਰਕਮ ਜਮ੍ਹਾ ਕਰਵਾਉਣ ਲਈ ਸੁਪਰੀਮ ਕੋਰਟ ਨੇ ਦਿਲੀਪ ਕੁਮਾਰ ਨੂੰ 4 ਹਫਤੇ ਦਾ ਸਮਾਂ ਦਿੱਤਾ ਹੈ। ਦਰਅਸਲ ਮੁੰਬਈ ਦੇ ਬਾਂਦਰਾ ਦੇ ਪਾਲੀ ਹਿੱਲਜ਼ ‘ਚ ਦਿਲੀਪ ਕੁਮਾਰ ਦਾ ਬੰਗਲਾ 21,708 ਸਕਵੇਅਰ ਫੁੱਟ ‘ਚ ਫੈਲਿਆ ਹੈ। ਦਿਲੀਪ ਕੁਮਾਰ ਨੇ ਇਸ ਬੰਗਲੇ ਦੇ ਡੈਵਲਪਮੈਂਟ ਲਈ ਪ੍ਰਾਜਿਤਾ ਡੈਵਲਪਰਜ਼ ਪ੍ਰਾਈਵੇਟ ਲਿਮਟਡ ਕੰਪਨੀ ਨਾਲ ਕਰਾਰ ਕੀਤਾ ਸੀ। ਦਿਲੀਪ ਕੁਮਾਰ ਦਾ ਦੋਸ਼ ਹੈ ਕਿ ਕੰਪਨੀ ਨੇ ਇਸ ਜਗ੍ਹਾ ਕੋਈ ਕੰਮ ਨਹੀਂ ਕੀਤਾ, ਜਿਸ ‘ਤੇ ਇਤਰਾਜ਼ ਜ਼ਾਹਿਰ ਕਰਦੇ ਹੋਏ ਉਨ੍ਹਾਂ ਨੇ ਸੰਪਤੀ ਵਾਪਸ ਮੰਗੀ ਸੀ। ਬਿਲਡਰ ਤੇ ਦਿਲੀਪ ਕੁਮਾਰ ਦੇ ਵਿਚਕਾਰ ਸਮਝੋਤੇ ਮੁਤਾਬਕ ਇਸ ਥਾਂ ‘ਤੇ ਬਣਾਏ ਗਏ ਹਰ ਫਲੈਟ ਦੇ ਮਾਲਕ (ਦਿਲੀਪ ਕੁਮਾਰ) ਤੇ ਬਿਲਡਰ ਦੀ 50-50 ਫੀਸਦੀ ਦੀ ਹਿੱਸੇਦਾਰੀ ਤੈਅ ਕੀਤੀ ਗਈ ਸੀ। ਜਸਟਿਸ ਜੇ ਚੇਲਮੇਸਵਰ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਹੁਕਮ ਦਿੱਤੇ ਹਨ ਕਿ ਰਕਮ ਮਿਲਣ ਦੇ ਹਫਤੇ ਦੇ ਅੰਦਰ ਪ੍ਰਾਜਿਤਾ ਡੈਵਲਪਰਜ਼ ਇਸ ਬਗਲੇ ਤੋਂ ਆਪਣਾ ਕਬਜ਼ਾ ਹਟਾ ਲੈਣ ਤੇ ਮੁੰਬਈ ਪੁਲਸ ਕਮਿਸ਼ਨਰ ਤੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ‘ਚ ਬੰਗਲੇ ਨੂੰ ਦਿਲੀਪ ਕੁਮਾਰ ਨੂੰ ਸੌਂਪ ਦੇਵੇ। ਹਾਲਾਂਕਿ ਇਸ ਮਾਮਲੇ ‘ਚ ਪ੍ਰਾਜਿਤਾ ਡੈਵਲਪਰਜ਼ 20 ਕਰੋੜ ਤੋਂ ਜ਼ਿਆਦਾ ਦੇ ਹਰਜਾਨੇ ਦੀ ਮੰਗ ਕਰ ਰਿਹਾ ਹੈ। ਪ੍ਰਾਜਿਤਾ ਦੀ ਇਸ ਮੰਗ ‘ਤੇ ਕੋਰਟ ਨੇ ਵਿਚਾਰ ਕਰਨ ਦੀ ਗੱਲ ਕਹੀ ਹੈ।

Be the first to comment

Leave a Reply