ਬਾਲ ਦਿਵਸ ਮੌਕੇ ਪ੍ਰਾਇਮਰੀ ਸਕੂਲਾਂ ‘ਚ ‘ਪ੍ਰੀ-ਪ੍ਰਾਇਮਰੀ ਬਾਲ ਮੇਲਾ’ ਆਯੋਜਿਤ

0
69

ਐੱਸ.ਏ.ਐੱਸ. ਨਗਰ : ਬਾਲ ਦਿਵਸ ਮੌਕੇ ‘ਪ੍ਰੀ-ਪ੍ਰਾਇਮਰੀ ਖੇਡ ਮਹਿਲ’ ਦੀ ਸ਼ੁਰੂਆਤ ਦਾ ਇੱਕ ਸਾਲ ਪੂਰਾ ਹੋਣ ਮੌਕੇ ਆਯੋਜਿਤ ‘ਪ੍ਰੀ-ਪ੍ਰਾਇਮਰੀ ਬਾਲ ਮੇਲਾ-2018’ ਦੌਰਾਨ ਤਿੰਨ ਤੋਂ ਛੇ ਸਾਲ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਦੀਆਂ ਸਰਵਪੱਖੀ ਵਿਕਾਸ ਨੂੰ ਪੇਸ਼ ਕਰਦੀਆਂ ਗੁਣਾਤਮਿਕ ਪੇਸ਼ਕਾਰੀਆਂ ਨੇ ਸਿੱਖਿਆ ਵਿਭਾਗ ਦੇ ਪ੍ਰਾਇਮਰੀ ਸਕੂਲਾਂ ‘ਚ ਪ੍ਰੀ-ਪ੍ਰਾਇਮਰੀ ਖੇਡ ਮਹਿਲ ਨੂੰ ਸ਼ੁਰੂ ਕਰਨ ਦੇ ਫ਼ੈਸਲੇ ‘ਤੇ ਸਫ਼ਲਤਾ ਦੀ ਮੋਹਰ ਲਗਾ ਦਿੱਤੀ ਹੈ|
ਪਿਛਲੇ ਸਾਲ 14 ਨਵੰਬਰ ਨੂੰ ਬਾਲ ਦਿਵਸ ਮੌਕੇ ਪੰਜਾਬ ਦੇ ਲਗਭਗ 13000 ਸਰਕਾਰੀ ਪ੍ਰਾਇਮਰੀ ਸਕੂਲਾਂ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਠ ਸਿੱਖਿਆ ਵਿਭਾਗ ਵੱਲੋਂ ਦੇਸ਼ ਭਰ ਚੋਂ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਵਾਲੇ ਪਹਿਲੇ ਸੂਬੇ ਦਾ ਮਾਨ ਪ੍ਰਾਪਤ ਹੋਇਆ ਸੀ| ਇੱਕ ਸਾਲ ਦੀ ਪ੍ਰਾਇਮਰੀ ਅਧਿਆਪਕਾਂ ਦੀ ਲਗਨ ਅਤੇ ਮਿਹਨਤ ਦਾ ਨਤੀਜਾ ਇਹ ਰਿਹਾ ਕਿ ਇੱਕ ਲੱਖ ਸੱਤਰ ਹਜ਼ਾਰ ਬੱਚਿਆਂ ਦੀਆਂ ਭਾਸ਼ਾਈ, ਰਚਨਾਤਮਿਕ, ਸਿਰਜਨਾਤਮਿਕ ਤੇ ਸਰੀਰਕ ਵਿਕਾਸ ਦੀਆਂ ਵੰਨਗੀਆਂ ਪੇਸ਼ ਕਰਦਿਆਂ ਅਧਿਆਪਕਾਂ ਵੱਲੋਂ ਸਮੂਹ ਪ੍ਰਾਇਮਰੀ ਸਕੂਲਾਂ ‘ਚ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਬਾਲ ਦਿਵਸ ਮਨਾਇਆ ਗਿਆ|
ਇਸ ਬਾਲ ਮੇਲੇ ਦੌਰਾਨ ਬੱਚਿਆਂ ਨੇ ਜਿੱਥੇ ਸਕੂਲਾਂ ਦੇ ਮੰਚਾਂ ‘ਤੇ ਬਾਲ ਕਵਿਤਾਵਾਂ ਸੁਣਾਈਆਂ ਉੱਥੇ ਛੋਟੇ-ਛੋਟੇ ਬੱਚਿਆਂ ਨੇ ਸਮੂਹਾਂ ‘ਚ ਕੋਰੀਓਗ੍ਰਾਫੀਆਂ ਵੀ ਪੇਸ਼ ਕੀਤੀਆਂ| ਸਕੂਲਾਂ ‘ਚ ਬੱਚਿਆਂ ਨੇ ਫੈਂਸੀ ਡਰੈਸ ਮੁਕਾਬਲਿਆਂ ‘ਚ ਵੀ ਭਾਗ ਲਿਆ| ਇਸ ਤੋਂ ਇਲਾਵਾ ਪ੍ਰੀ-ਪ੍ਰਾਇਮਰੀ ਖੇਡ ਮਹਿਲ ਵਿੱਚ ਕਰਵਾਈਆਂ ਜਾ ਰਹੀਆਂ ਕਿਰਿਆਵਾਂ ਨੂੰ ਵਿਦਿਆਰਥੀਆਂ ਨੂੰ ਖੁਦ ਵੀ ਕਰਦੇ ਮਾਪਿਆਂ ਨੇ ਦੇਖਿਆ|