ਬਾਲ ਹੱਤਿਆਕਾਂਡ ਵਿੱਚ ਯੋਗੀ ਤੇ ਮੋਦੀ ਨੂੰ ਕਰੜੇ ਹੱਥੀਂ ਲਿਆ

ਨਵੀਂ ਦਿੱਲੀ: 10 ਅਗਸਤ ਨੂੰ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਬੀ.ਆਰ.ਡੀ. ਕਾਲਜ ਵਿੱਚ 36 ਬੱਚਿਆਂ ਦੀ ਮੌਤ ਹੋਣ ‘ਤੇ ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਕਰੜੇ ਹੱਥੀਂ ਲਿਆ ਹੈ। ਠਾਕਰੇ ਨੇ ਪਾਰਟੀ ਦੇ ਰਸਾਲੇ ‘ਸਾਮਨਾ’ ਵਿੱਚ ਲਿਖਿਆ ਕਿ ਇਹ ਸਮੂਹਿਕ ਬਾਲ ਹੱਤਿਆਕਾਂਡ ਹੈ।

ਆਪਣੇ ਰਸਾਲੇ ਰਾਹੀਂ ਊਧਵ ਠਾਕਰੇ ਨੇ ਯੂ.ਪੀ. ਦੇ ਸਿਹਤ ਮੰਤਰੀ ਸਿੱਧਾਰਥਨਾਥ ਸਿੰਘ ‘ਤੇ ਵੀ ਤਿੱਖੇ ਸ਼ਬਦੀ ਵਾਰ ਕੀਤੇ ਹਨ। ਲਿਖਿਆ ਗਿਆ ਹੈ, “ਸਿੱਧਾਰਥਨਾਥ ਸਿੰਘ ਦਾ ਬਿਆਨ ਬਹੁਤ ਸ਼ਰਮਨਾਕ ਤੇ ਬੇਸ਼ਰਮੀ ਵਾਲਾ ਹੈ।” ਊਧਵ ਨੇ ਮੁੱਖ ਮੰਤਰੀ ਯੋਗੀ ਤੋਂ ਸਿੱਧਾਰਥਨਾਥ ਦਾ ਅਸਤੀਫਾ ਲੈਣ ਦੀ ਮੰਗ ਵੀ ਕੀਤੀ ਹੈ।

ਊਧਵ ਠਾਕਰੇ ਨੇ ਸਖ਼ਤ ਸ਼ਬਦਾਂ ਦੀ ਵਰਤੋਂ ਕਰਦਿਆਂ ਰਸਾਲੇ ਦੇ ਸੰਪਾਦਕੀ ਕਾਲਮ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਮੁੱਖ ਮੰਤਰੀ ਯੋਗੀ ਲਈ ਸਿੱਧੇ ਤੌਰ ‘ਤੇ ਲਿਖਿਆ ਹੈ ਕਿ ਜਿਸ ਤਰ੍ਹਾਂ ਬੱਚਿਆਂ ਦੀ ਮੌਤ ਹੋ ਰਹੀ ਹੈ, ਕੀ ਇਹੋ ਮੋਦੀ ਸਰਕਾਰ ਦੇ ਅੱਛੇ ਦਿਨ ਨੇ? ਹੋਰ ਤਾਂ ਹੋਰ ਊਧਵ ਨੇ ਇਸ ਦੁਰਘਟਨਾ ‘ਤੇ ਪ੍ਰਧਾਨ ਮੰਤਰੀ ਦੀ ਕੋਈ ਟਿੱਪਣੀ ਨਾ ਆਉਣ ਨੂੰ ਬੇਹੱਦ ਸ਼ਰਮਨਾਕ ਦੱਸਿਆ।

ਦੱਸਣਾ ਬਣਦਾ ਹੈ ਕਿ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਬੀ.ਆਰ.ਡੀ. ਹਸਪਤਾਲ ਵਿੱਚ 10 ਅਗਸਤ ਨੂੰ ਆਕਸੀਜਨ ਦੀ ਸਪਲਾਈ ਰੁਕ ਗਈ ਸੀ। ਇਸ ਕਾਰਨ ਉੱਥੇ 36 ਬੱਚਿਆਂ ਦੀ ਮੌਤ ਹੋ ਗਈ ਸੀ ਤੇ ਬੱਚਿਆਂ ਦੀ ਜਾਨ ਇੱਕ ਪੰਪ ਸਹਾਰੇ ਟਿਕੀ ਹੋਈ ਜਿਸ ਨਾਲ ਉਨ੍ਹਾਂ ਨੂੰ ਨਕਲੀ ਸਾਹ ਦਵਾਏ ਜਾ ਰਹੇ ਸਨ। ਹਸਪਤਾਲ ਨੂੰ ਆਕਸੀਜਨ ਸਪਲਾਈ ਕਰਨ ਵਾਲੀ ਏਜੰਸੀ ਨੂੰ 66 ਵਿੱਚੋਂ 51 ਲੱਖ ਦੀ ਅਦਾਇਗੀ ਹੋਣ ਤੋਂ ਬਾਅਦ ਆਕਸੀਜਨ ਦੀ ਸਪਲਾਈ ਮੁੜ ਬਹਾਲ ਕਰ ਦਿੱਤੀ ਗਈ ਹੈ।

Be the first to comment

Leave a Reply