ਬਿਜਲੀ ਵਿਭਾਗ ਦੀ ਲਾਪ੍ਰਵਾਹੀ ਕਾਰਨ ਹੋਏ ਸ਼ਾਰਟ ਸਰਕਟ ਕਾਰਨ 2 ਕੋਠੀਆਂ ਵਿਚ ਬਿਜਲੀ ਦੇ ਉਪਕਰਨ ਸੜ ਗਏ

ਜਲੰਧਰ-ਅੱਜ ਸਵੇਰੇ ਕੂਲ ਰੋਡ ‘ਤੇ ਉਸ ਸਮੇਂ ਅਫਰਾ-ਤਫਰੀ ਦਾ ਮਾਹੌਲ ਬਣ ਗਿਆ, ਜਦੋਂ ਬਿਜਲੀ ਵਿਭਾਗ ਦੀ ਲਾਪ੍ਰਵਾਹੀ ਕਾਰਨ ਹੋਏ ਸ਼ਾਰਟ ਸਰਕਟ ਕਾਰਨ 2 ਕੋਠੀਆਂ ਵਿਚ ਬਿਜਲੀ ਦੇ ਉਪਕਰਨ ਸੜ ਗਏ ਅਤੇ ਇਨ੍ਹਾਂ ‘ਚੋਂ ਜ਼ਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਕੈਪਟਨ ਹਰਮਿੰਦਰ ਸਿੰਘ ਦੀ 19 ਕੂਲ ਰੋਡ ਸਥਿਤ ਕੋਠੀ ਦੀ ਉਪਰਲੀ ਮੰਜ਼ਿਲ ਵਿਚ ਅੱਗ ਲੱਗ ਗਈ। ਚਸ਼ਮਦੀਦਾਂ ਮੁਤਾਬਕ ਕੈਪਟਨ ਹਰਮਿੰਦਰ ਦੀ ਕੋਠੀ ਦੇ ਨੇੜੇ ਲੱਗੇ ਟਰਾਂਸਫਾਰਮਰ ਵਿਚ 2 ਵਾਰ ਬਿਜਲੀ ਦੇ ਧਮਾਕੇ ਹੋਏ, ਜਿਸ ਤੋਂ ਬਾਅਦ ਉਨ੍ਹਾਂ ਦੀ ਕੋਠੀ ਦੀ ਉਪਰਲੀ ਮੰਜ਼ਿਲ ‘ਚੋਂ ਧੂੰਆਂ ਨਿਕਲਣ ਲੱਗਾ। ਅਜੇ ਅੱਗ ਦੂਸਰੇ ਕਮਰੇ ਵਿਚ ਫੈਲਣ ਹੀ ਵਾਲੀ ਸੀ ਕਿ ਧੂੰਆਂ ਦੇਖ ਕੇ ਨੇੜੇ ਦੇ ਹੀ ਇਕ ਪ੍ਰਾਈਵੇਟ ਹਸਪਤਾਲ ਦੇ ਕਰਮਚਾਰੀ ਹਸਪਤਾਲ ਵਿਚ ਲੱਗੇ ਅੱਗ ਬੁਝਾਊ ਯੰਤਰਾਂ ਦੇ ਨਾਲ ਮੌਕੇ ‘ਤੇ ਪਹੁੰਚੇ ਅਤੇ ਅੱਗ ‘ਤੇ ਕਾਬੂ ਪਾਇਆ। ਇੰਨੇ ਵਿਚ ਉਥੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਸਥਿਤੀ ਨੂੰ ਕੰਟਰੋਲ ਵਿਚ ਕੀਤਾ।
ਜੇਕਰ ਸਮਾਂ ਰਹਿੰਦੇ ਅੱਗ ‘ਤੇ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਸੀ। ਇਸੇ ਤਰ੍ਹਾਂ ਕੈਪਟਨ ਹਰਮਿੰਦਰ ਸਿੰਘ ਦੇ ਨਾਲ ਲੱਗਦੀ ਕੋਠੀ ਨੰਬਰ 20 ਵਿਚ ਵੀ ਉਸੇ ਸਮੇਂ ਘਰ ਵਿਚ ਰੱਖੇ ਫਰਿੱਜ ਅਤੇ ਹੋਰ ਉਪਕਰਨ ਸੜ ਗਏ। ਘਰ ਦੀ ਮਾਲਕਣ ਸੰਗੀਤਾ ਕੋਹਲੀ ਨੇ ਕਿਹਾ ਕਿ ਉਹ ਰੋਜ਼ਾਨਾ ਦੇ ਕੰਮਾਂ ਵਿਚ ਲੱਗੀ ਹੋਈ ਸੀ ਕਿ ਕੋਠੀ ਦੀ ਲਾਬੀ ਵਿਚ ਰੱਖੇ ਫਰਿੱਜ ਵਿਚ ਜ਼ੋਰਦਾਰ ਧਮਾਕੇ ਦੀ ਆਵਾਜ਼ ਹੋਈ। ਉਨ੍ਹਾਂ ਕਿਹਾ ਕਿ ਫਰਿੱਜ ਅਤੇ ਕੁਝ ਹੋਰ ਬਿਜਲੀ ਦੇ ਉਪਕਰਨ ਸੜ ਗਏ ਹਨ।

Be the first to comment

Leave a Reply