ਬੀਤੇ ਕੱਲ ਰਾਹੁਲ ਗਾਂਧੀ ਨੂੰ ਆਲ ਇੰਡੀਆ ਕਾਂਗਰਸ ਦਾ ਪ੍ਰਧਾਨ ਐਲਾਨ ਦਿੱਤੇ ਜਾਣ ਤੇ ਮੱਧ ਵਰਗ ਦੇ ਨੌਜਵਾਨ ਉਤਸ਼ਾਹਿਤ ਨਜ਼ਰ ਆ ਰਹੇ

ਗੁਰਦਾਸਪੁਰ -ਬੀਤੇ ਕੱਲ ਰਾਹੁਲ ਗਾਂਧੀ ਨੂੰ ਆਲ ਇੰਡੀਆ ਕਾਂਗਰਸ ਦਾ ਪ੍ਰਧਾਨ ਐਲਾਨ ਦਿੱਤੇ ਜਾਣ ਕਾਰਨ ਪੰਜਾਬ ਸਮੇਤ ਸਮੁੱਚੇ ਦੇਸ਼ ਅੰਦਰ ਨੌਜਵਾਨ ਵਰਗ ਨੂੰ ਆਪਣੇ ਸਿਆਸੀ ਸਫ਼ਰ ਦੌਰਾਨ ਵੱਡੇ ਮੁਕਾਮ ਫ਼ਤਿਹ ਕਰਨ ਦੀ ਉਮੀਦ ਦਿਖਾਈ ਦੇਣ ਲੱਗੀ ਹੈ। ਖ਼ਾਸ ਤੌਰ ‘ਤੇ ਗੈਰ-ਸਿਆਸੀ ਪਰਿਵਾਰਾਂ ਨਾਲ ਸਬੰਧਿਤ ਆਮ ਤੇ ਮੱਧ ਵਰਗ ਦੇ ਨੌਜਵਾਨ ਰਾਹੁਲ ਗਾਂਧੀ ਨੂੰ ਪਾਰਟੀ ਦੀ ਵਾਗਡੋਰ ਮਿਲਣ ਕਾਰਨ ਸਭ ਤੋਂ ਜ਼ਿਆਦਾ ਉਤਸ਼ਾਹਿਤ ਨਜ਼ਰ ਆ ਰਹੇ ਹਨ। ਜਦੋਂ ਰਾਹੁਲ ਗਾਂਧੀ ਨੇ ਆਲ ਇੰਡੀਆ ਕਾਂਗਰਸ ਦੇ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੰਭਾਲੀ ਤਾਂ 2008 ‘ਚ ਉਨ੍ਹਾਂ ਨੇ ਆਮ ਪਰਿਵਾਰਾਂ ਦੇ ਮਿਹਨਤੀ ਨੌਜਵਾਨਾਂ ਨੂੰ ਅੱਗੇ ਲਿਆਉਣ ਲਈ ਸਭ ਤੋਂ ਪਹਿਲਾਂ ਵੱਖ-ਵੱਖ ਅਹੁਦਿਆਂ ‘ਤੇ ਨੌਜਵਾਨਾਂ ਨੂੰ ਸੀਨੀਅਰ ਸਿਆਸੀ ਆਗੂਆਂ ਦੀਆਂ ਸਿਫ਼ਾਰਸ਼ਾਂ ‘ਤੇ ਨਾਮਜ਼ਦ ਕਰਨ ਦੀ ਬਜਾਏ ਵੋਟਾਂ ਪਵਾ ਕੇ ਚੁਣਨ ਦਾ ਫ਼ੈਸਲਾ ਕੀਤਾ। ਇਸ ਤਹਿਤ ਉਨ੍ਹਾਂ ਨੇ ਸਭ ਤੋਂ ਪਹਿਲਾਂ ਪੰਜਾਬ ‘ਚ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਕਰਵਾਈ, ਜਿਸ ਦੇ ਬਾਅਦ ਪੰਜਾਬ ਦੇ ਹੋਰ ਸੂਬਿਆਂ ‘ਚ ਵੀ ਇਸ ਪ੍ਰਾਜੈਕਟ ਨੂੰ ਲਾਗੂ ਕੀਤਾ ਗਿਆ। ਇਹ ਪ੍ਰਾਜੈਕਟ ਸ਼ੁਰੂ ਹੋਣ ਦੇ ਬਾਅਦ ਯੂਥ ਕਾਂਗਰਸ ਦੇ ਬੂਥ ਪੱਧਰ ਤੋਂ ਲੈ ਕੇ ਉਪਰ ਤੱਕ ਦੇ ਹਰੇਕ ਅਹੁਦੇ ‘ਤੇ ਪਹੁੰਚਣ ਲਈ ਨੌਜਵਾਨਾਂ ਨੂੰ ਪਹਿਲਾਂ ਮੈਂਬਰਸ਼ਿਪ ਲੈਣ ਦਾ ਮੌਕਾ ਦਿੱਤਾ ਜਾਂਦਾ ਹੈ। ਬਾਅਦ ਵਿਚ ਕਾਂਗਰਸ ਵੱਲੋਂ ਕਰਵਾਈਆਂ ਜਾਣ ਵਾਲੀਆਂ ਚੋਣਾਂ ਜਿੱਤ ਕੇ ਕੋਈ ਵੀ ਨੌਜਵਾਨ ਬੂਥ ਪੱਧਰ/ਵਿਧਾਨ ਸਭਾ/ਲੋਕ ਸਭਾ ਪੱਧਰ ਦੇ ਇਲਾਵਾ ਸੂਬਾ ਪੱਧਰ ਦਾ ਕੋਈ ਵੀ ਅਹੁਦਾ ਪ੍ਰਾਪਤ ਕਰ ਸਕਦਾ ਹੈ।ਯੂਥ ਕਾਂਗਰਸ ਦੀਆਂ ਚੋਣਾਂ ਕਰਵਾਉਣ ਲਈ ਰਾਹੁਲ ਨੇ ਆਪਣਾ ਵੱਖਰਾ ਇਲੈਕਸ਼ਨ ਕਮਿਸ਼ਨ ਬਣਾਇਆ ਹੋਇਆ ਹੈ, ਜਿਸ ਕੋਲ ਬਕਾਇਦਾ ਇਲੈਕਸ਼ਨ ਕਮਿਸ਼ਨਰ, ਅਬਜ਼ਰਵਰਾਂ ਤੋਂ ਇਲਾਵਾ ਹਰ ਅਧਿਕਾਰੀ ਤੇ ਚੋਣ ਨਿਯਮ ਵੀ ਹਨ। ਇਹ ਚੋਣ ਅਮਲਾ ਹਰੇਕ ਤਿੰਨ ਸਾਲਾਂ ਬਾਅਦ ਦੇਸ਼ ਦੀਆਂ ਆਮ ਚੋਣਾਂ ਦੀ ਤਰਜ਼ ‘ਤੇ ਚੋਣਾਂ ਕਰਵਾਉਂਦਾ ਹੈ। ਇਸ ਪ੍ਰਕਿਰਿਆ ਤਹਿਤ ਵੱਖ-ਵੱਖ ਅਹੁਦਿਆਂ ‘ਤੇ ਚੋਣ ਲੜਨ ਲਈ ਮਹਿਲਾਵਾਂ ਤੇ ਪੁਰਸ਼ਾਂ ਦੇ ਇਲਾਵਾ ਵੱਖ-ਵੱਖ ਵਰਗਾਂ ਲਈ ਰਾਖਵੇਂਕਰਨ ਦੀ ਨੀਤੀ ਨੂੰ ਵੀ ਲਾਗੂ ਕੀਤਾ ਗਿਆ ਹੈ, ਜਿਸ ਕਾਰਨ ਮਹਿਲਾਵਾਂ ਨੂੰ ਵੀ ਅੱਗੇ ਵਧਣ ਲਈ ਬਰਾਬਰ ਦਾ ਮੌਕਾ ਮਿਲ ਰਿਹਾ ਹੈ।

Be the first to comment

Leave a Reply

Your email address will not be published.


*