ਬੀਮਾਰੀ ਦੀ ਹਾਲਤ ‘ਚ ਹਸਪਤਾਲ ਦਾਖਲ ਆਪਣੇ ਪਿਤਾ ਤੋਂ ਚੈੱਕਾਂ ‘ਤੇ ਸਾਈਨ ਕਰਵਾ ਕੇ ਪੁੱਤਰ ਵਲੋਂ ਕਰੀਬ ਸਵਾ ਲੱਖ ਰੁਪਏ ਦੀ ਠੱਗੀ

ਹਠੂਰ  : ਬੀਮਾਰੀ ਦੀ ਹਾਲਤ ‘ਚ ਹਸਪਤਾਲ ਦਾਖਲ ਆਪਣੇ ਪਿਤਾ ਤੋਂ ਚੈੱਕਾਂ ‘ਤੇ ਸਾਈਨ ਕਰਵਾ ਕੇ ਪੁੱਤਰ ਵਲੋਂ ਕਰੀਬ ਸਵਾ ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਠੱਗੀ ਦੇ ਸ਼ਿਕਾਰ ਮਹਿੰਦਰ ਸਿੰਘ ਪੁੱਤਰ ਵਕੀਲ ਸਿੰਘ ਵਾਸੀ ਦੇਹੜਕਾ ਨੇ ਦੱਸਿਆ ਕਿ ਉਸ ਦਾ ਪੁੱਤਰ ਜਗਮੇਲ ਸਿੰਘ ਬੌਬੀ ਜੋ ਜੀ. ਐੱਨ. ਈ. ਕਾਲਜ ਲੁਧਿਆਣਾ ‘ਚ ਡਿਊਟੀ ਕਰਦਾ ਹੈ ਅਤੇ ਹੋਸਟਲ ‘ਚ ਹੀ ਰਹਿੰਦਾ ਹੈ, ਜਿਸ ਨੇ ਪਿਛਲੇ ਦਸੰਬਰ ਮਹੀਨੇ ‘ਚ ਜਦੋਂ ਉਹ ਬੀਮਾਰੀ ਦੀ ਹਾਲਤ ‘ਚ ਲੁਧਿਆਣਾ ਦੇ ਇਕ ਹਸਪਤਾਲ ਵਿਚ ਦਾਖਲ ਸੀ।
ਉਸ ਸਮੇਂ ਘਰੇਲੂ ਖਰਚੇ ਲਈ ਪੈਸੇ ਕਢਵਾਉਣ ਦਾ ਭਰੋਸਾ ਦੇ ਕੇ ਉਸ ਤੋਂ ਚੈੱਕਾਂ ‘ਤੇ ਸਾਈਨ ਕਰਵਾ ਲਏ ਅਤੇ ਉਸ ਦੇ ਓਰੀਐਂਟਲ ਬੈਂਕ ਆਫ ਕਾਮਰਸ ਦੇ ਖਾਤੇ ‘ਚੋਂ ਇਕ ਲੱਖ ਛੱਬੀ ਹਜ਼ਾਰ ਰੁਪਏ ਕਢਵਾ ਲਏ।
ਪੀੜਤ ਮਹਿੰਦਰ ਸਿੰਘ ਨੇ ਦੱਸਿਆ ਕਿ ਖਾਤੇ ‘ਚ ਪੈਸੇ ਨਾ ਹੋਣ ਕਰਕੇ ਜਦ ਬੈਂਕ ਸਟੇਟਮੈਂਟ ਕਢਵਾਈ ਤਾਂ ਚੈੱਕਾਂ ਰਾਹੀਂ ਪੈਸੇ ਕਢਵਾਉਣ ਵਾਲਿਆਂ ਤਿੰਨ-ਚਾਰ ਵਿਅਕਤੀਆਂ ਨਾਲ ਸੰਪਰਕ ਕਰਨ ‘ਤੇ ਪਤਾ ਲੱਗਾ ਕਿ ਉਸ ਦੇ ਸਕੇ ਪੁੱਤਰ ਜਗਮੇਲ ਸਿੰਘ ਬੌਬੀ ਨੇ ਆਪਣਾ ਉਧਾਰ ਉਤਾਰਨ ਲਈ ਆਪਣੇ ਪਿਤਾ ਦੇ ਖਾਤੇ ਨੂੰ ਚੂਨਾ ਲਾਇਆ ਹੈ। ਪੀੜਤ ਨੇ ਕਿਹਾ ਕਿ ਉਸਦੇ ਪੁੱਤਰ ਨੇ ਉਸ ਨਾਲ ਧੋਖਾ ਕੀਤਾ ਹੈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਹੈ, ਜਿਸਦੀ ਰਿਪੋਰਟ ਥਾਣਾ ਹਠੂਰ ਵਿਖੇ ਦੇ ਦਿੱਤੀ ਹੈ। ਇਸ ਸੰਬੰਧੀ ਐੱਸ. ਐੱਚ. ਓ. ਥਾਣਾ ਹਠੂਰ ਰਾਜੇਸ਼ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਪਾਏ ਜਾਣ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਨਾਲ ਸੰਬੰਧਤ ਜਗਮੇਲ ਸਿੰਘ ਬੌਬੀ ਨਾਲ ਸੰਪਰਕ ਨਹੀਂ ਹੋ ਸਕਿਆ।

Be the first to comment

Leave a Reply